ਨਵੀਂ ਦਿੱਲੀ– ਦੇਸ਼ ਵਿੱਚ ਕਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ। ਇਨ੍ਹਾਂ ਮਰੀਜ਼ਾਂ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲੇ ਦੋ ਵਿਅਕਤੀ ਵੀ ਸ਼ਾਮਲ ਹਨ। ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ’ਚ ਮਹਾਰਾਸ਼ਟਰ ਨੇ ਕੇਰਲਾ ਨੂੰ ਪਛਾੜ ਦਿੱਤਾ ਹੈ, ਜਿੱਥੇ ਨਵੇਂ ਮਰੀਜ਼ ਸਾਹਮਣੇ ਆਉਣ ਮਗਰੋਂ ਕਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 33 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਦਿੱਲੀ ਵਿੱਚ ਕਰੋਨਾਵਾਇਰਸ ਨਾਲ ਪੀੜਤ ਸੱਤ ਤੇ ਉੱਤਰ ਪ੍ਰਦੇਸ਼ ਵਿੱਚ 11 ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਕਰਨਾਟਕ ਵਿੱਚ 6, ਮਹਾਰਾਸ਼ਟਰ ’ਚ 33, ਲੱਦਾਖ ’ਚ ਤਿੰਨ, ਜੰਮੂ ਕਸ਼ਮੀਰ ’ਚ ਦੋ, ਰਾਜਸਥਾਨ ’ਚ ਦੋ ਅਤੇ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਪੰਜਾਬ ’ਚ 1-1 ਮਰੀਜ਼ ਸਾਹਮਣੇ ਆਇਆ ਹੈ। ਪਹਿਲਾਂ ਸਭ ਤੋਂ ਵੱਧ ਮਰੀਜ਼ ਕੇਰਲਾ ਨਾਲ ਸਬੰਧਤ ਹਨ ਜਿਨ੍ਹਾਂ ਦੀ ਗਿਣਤੀ 22 ਸੀ, ਪਰ ਹੁਣ ਮਹਾਰਾਸ਼ਟਰ ’ਚ ਕਰੋਨਾਵਾਇਰਸ ਨਾਲ ਪੀੜਤ ਮਰੀਜ਼ ਸਭ ਤੋਂ ਵੱਧ ਹਨ। ਭਾਰਤ ਵਿੱਚ ਜਿਨ੍ਹਾਂ 110 ਕੇਸਾਂ ਦੀ ਪੁਸ਼ਟੀ ਹੋਈ ਹੈ ਉਨ੍ਹਾਂ ’ਚ 17 ਵਿਦੇਸ਼ੀ (16 ਇਤਾਲਵੀ ਤੇ ਇੱਕ ਕੈਨੇਡੀਅਨ) ਵੀ ਸ਼ਾਮਲ ਹਨ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਕਰੋਨਾਵਾਇਰਸ ਨਾਲ ਪੀੜਤ ਵਿਅਕਤੀਆਂ ਨਾਲ ਸੰਪਰਕ ’ਚ ਆਉਣ ਵਾਲੇ 4000 ਤੋਂ ਵੱਧ ਵਿਅਕਤੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ, ਜਦਕਿ ਦੇਸ਼ ਭਰ ’ਚ 42 ਹਜ਼ਾਰ ਦੇ ਕਰੀਬ ਸ਼ੱਕੀ ਵਿਅਕਤੀ ਨਿਗਰਾਨੀ ਹੇਠ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੇ ਬੰਦੋਬਸਤ ਕੀਤੇ ਗਏ ਹਨ।
ਉੱਧਰ ਉੱਤਰਾਖੰਡ ਸਰਕਾਰ ਨੇ ਕਰੋਨਾਵਾਇਰਸ ਨੂੰ ਮਹਾਮਾਰੀ ਐਲਾਨਦਿਆਂ ਸੂਬੇ ਵਿਚਲੇ ਸਾਰੇ ਮਲਟੀਪਲੈਕਸ, ਸਿਨੇਮਾ ਘਰ, ਕਾਲਜ ਤੇ ਤਕਨੀਕੀ ਸੰਸਥਾਵਾਂ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਦੂਜੇ ਪਾਸੇ ਕੇਰਲਾ ਸਰਕਾਰ ਨੇ ਸੱਤਵੀਂ ਤੋਂ ਨੌਵੀਂ ਕਲਾਸ ਤੱਕ ਦੀਆਂ ਸਾਲਾਨਾ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰ ਦਿੱਤੀਆਂ ਹਨ।
ਇਸੇ ਦੌਰਾਨ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਦੱਸਿਆ ਕਿ ਸੀਆਰਪੀਐੱਫ, ਆਈਟੀਬੀਪੀ ਅਤੇ ਬੀਐੱਸਐੱਫ ਸਮੇਤ ਸਾਰੇ ਨੀਮ ਫੌਜੀ ਬਲਾਂ ਨੂੰ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਰੱਖਣ ਲਈ ਵੱਖਰੇ ਕੈਂਪ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓ’ਬਰਾਇਨ ਨੇ ਕਰੋਨਾਵਾਇਰਸ ਨੂੰ ਰੋਕਣ ਦੇ ਪੰਜ ਢੰਗਾਂ ਨੂੰ ਸੰਸਦ ’ਚ ਪੇਸ਼ ਕਰਨ ਲਈ ਰਾਜ ਸਭ ’ਚ ਸਿਫਰ ਕਾਲ ਨੋਟਿਸ ਦਿੱਤਾ ਹੈ। ਇਸੇ ਦੌਰਾਨ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਾਰੇ ਜਿੰਮ, ਸਿਨੇਮਾ ਘਰ ਤੇ ਨਾਈਟ ਕਲੱਬ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।