ਨਵੀਂ ਦਿੱਲੀ (ਸਮਾਜ ਵੀਕਲੀ) : ਕਰੋਨਾਵਾਇਰਸ ਦੇ ਇਕ ਦਿਨ ’ਚ 76,472 ਕੇਸ ਆਉਣ ਮਗਰੋਂ ਦੇਸ਼ ’ਚ ਪੀੜਤਾਂ ਦੀ ਗਿਣਤੀ 34 ਲੱਖ ਤੋਂ ਪਾਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 26,48,998 ਵਿਅਕਤੀਆਂ ਦੇ ਤੰਦਰੁਸਤ ਹੋਣ ਮਗਰੋਂ ਰਿਕਵਰੀ ਦਰ 76.47 ਫ਼ੀਸਦ ’ਤੇ ਪਹੁੰਚ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਕਰੋਨਾ ਦੇ ਕੁੱਲ ਕੇਸ ਵਧ ਕੇ 34,63,972 ਹੋ ਗਏ ਹਨ ਜਦਕਿ 1,021 ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 62,550 ਹੋ ਗਈ ਹੈ। ਉਂਜ ਦੇਸ਼ ’ਚ ਮੌਤ ਦਰ ਘੱਟ ਕੇ 1.81 ਫ਼ੀਸਦ ਰਹਿ ਗਈ ਹੈ। ਦੇਸ਼ ’ਚ ਕਰੋਨਾਵਾਇਰਸ ਦੇ 7,52,424 ਸਰਗਰਮ ਕੇਸ ਹਨ। ਕਰੋਨਾ ਕੇਸਾਂ ਦਾ ਅੰਕੜਾ 7 ਅਗਸਤ ਨੂੰ 20 ਲੱਖ ਅਤੇ 23 ਅਗਸਤ ਨੂੰ 30 ਲੱਖ ਤੋਂ ਪਾਰ ਹੋ ਗਿਆ ਸੀ।
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਮੁਤਾਬਕ 28 ਅਗਸਤ ਤੱਕ 4,04,066,09 ਸੈਂਪਲਾਂ ਦੇ ਟੈਸਟ ਕੀਤੇ ਗਏ ਹਨ ਜਿਨ੍ਹਾਂ ’ਚੋਂ 9,28,761 ਟੈਸਟ ਸ਼ੁੱਕਰਵਾਰ ਨੂੰ ਹੋਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ 70 ਫ਼ੀਸਦੀ ਤੋਂ ਜ਼ਿਆਦਾ ਮ੍ਰਿਤਕਾਂ ਨੂੰ ਹੋਰ ਬਿਮਾਰੀਆਂ ਵੀ ਸਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 1,021 ਮੌਤਾਂ ’ਚੋਂ 331 ਮਹਾਰਾਸ਼ਟਰ, 136 ਕਰਨਾਟਕ, 102 ਤਾਮਿਲ ਨਾਡੂ, 81 ਆਂਧਰਾ ਪ੍ਰਦੇਸ਼, 77 ਉੱਤਰ ਪ੍ਰਦੇਸ਼, 56 ਪੱਛਮੀ ਬੰਗਾਲ, 20-20 ਬਿਹਾਰ ਅਤੇ ਬੰਗਾਲ ’ਚ ਹੋਈਆਂ ਹਨ।