ਨਵੀਂ ਦਿੱਲੀ (ਸਮਾਜਵੀਕਲੀ) : ਭਾਰਤ ਵਿੱਚ ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾਵਾਇਰਸ ਦੇ ਰਿਕਾਰਡ 14,821 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 4,25,282 ਹੋ ਗਈ ਜਦਕਿ 445 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 13,699 ਹੋ ਗਿਆ ਹੈ। ਸਿਹਤ ਮੰਤਰਾਲੇ ਅਨੁਸਾਰ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਦੇਸ਼ ਵਿੱਚ ਕਰੋਨਾ ਦੇ ਰਿਕਾਰਡ ਕੇਸ ਸਾਹਮਣੇ ਆ ਰਹੇ ਹਨ।
ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ 1,74,387 ਸਰਗਰਮ ਕੇਸ ਹਨ ਜਦਕਿ ਹੁਣ ਤੱਕ 2,37,195 ਮਰੀਜ਼ ਠੀਕ ਹੋਏ ਹਨ। ਦੇਸ਼ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 55.77 ਫੀਸਦ ਹੋ ਗਈ ਹੈ। ਮਹਾਰਾਸ਼ਟਰ, ਤਾਮਿਲ ਨਾਡੂ, ਦਿੱਲੀ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇਸ਼ ਦੇ ਸਭ ਤੋਂ ਵੱਧ ਕਰੋਨਾ ਪੀੜਤ ਸੂਬੇ ਹਨ।
ਕਰੋਨਾ ਦੇ ਮਰੀਜ਼ਾਂ ਦੇ ਮਾਮਲੇ ’ਚ ਅਮਰੀਕਾ, ਬਰਾਜ਼ੀਲ ਤੇ ਰੂਸ ਤੋਂ ਬਾਅਦ ਭਾਰਤ ਦੁਨੀਆਂ ਦਾ ਚੌਥਾ ਮੁਲਕ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ ਅਨੁਸਾਰ ਭਾਰਤ ਦਾ ਸਥਾਨ ਦੁਨੀਆਂ ’ਚ ਅੱਠਵਾਂ ਹੈ। ਕਰੋਨਾ ਕਾਰਨ ਮਹਾਰਾਸ਼ਟਰ ’ਚ ਹੁਣ ਤੱਕ 6,170, ਦਿੱਲੀ ’ਚ 2,175 ਮੌਤਾਂ ਹੋਈਆਂ ਹਨ।