ਨਵੀਂ ਦਿੱਲੀ (ਸਮਾਜ ਵੀਕਲੀ) : ਲੰਘੇ ਚੌਵੀ ਘੰਟਿਆਂ ਅੰਦਰ ਕਰੋਨਾ ਦੇ 48,661 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 13,85.522 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਭਰ ’ਚ ਇੱਕ ਦਿਨ ਅੰਦਰ 705 ਹੋਰ ਮੌਤਾਂ ਵੀ ਹੋਈਆਂ ਹਨ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 32,063 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ ਕਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 4,67,882 ਹੈ ਜਦਕਿ 8,85,576 ਵਿਅਕਤੀ ਸਿਹਤਯਾਬ ਹੋਏ ਹਨ। ਦੇਸ਼ ਵਿੱਚ ਕਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ 63.92 ਫੀਸਦ ਹੋ ਗਈ ਹੈ। ਪੁਸ਼ਟੀ ਕੀਤੇ ਗਏ ਕੇਸਾਂ ’ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਕੌਮੀ ਪੱਧਰ ’ਤੇ 45 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਦੇਸ਼ ਵਿੱਚ ਕਰੋਨਾ ਦੀ ਟੈਸਟਿੰਗ ਦਾ ਅੰਕੜਾ ਵੀ 1.60 ਲੱਖ ਤੋਂ ਪਾਰ ਚਲਾ ਗਿਆ ਹੈ। ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਨੇ ਦੱਸਿਆ ਕਿ 25 ਜੁਲਾਈ ਤੱਕ 1,62,91,331 ਲੋਕਾਂ ਦੇ ਸੈਂਪਲ ਜਾਂਚ ਲਈ ਇਕੱਤਰ ਕੀਤੇ ਗਏ ਹਨ ਤੇ ਬੀਤੇ ਦਿਨ 4,42,263 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ।
ਮੰਤਰਾਲੇ ਨੇ ਦੱਸਿਆ ਕਿ ਇਸ ਸਮੇਂ ਸਭ ਤੋਂ ਵੱਧ ਕਰੋਨਾ 3,66,368 ਮਾਮਲੇ ਮਹਾਰਾਸ਼ਟਰ ’ਚ ਹਨ। ਇਸ ਤੋਂ ਬਾਅਦ ਤਾਮਿਲ ਨਾਡੂ (2,06,737), ਦਿੱਲੀ (1,29,531), ਕਰਨਾਟਕ (90,942), ਆਂਧਰਾ ਪ੍ਰਦੇਸ਼ (88,671), ਉੱਤਰ ਪ੍ਰਦੇਸ਼ (63,742), ਪੱਛਮੀ ਬੰਗਾਲ (56,377), ਗੁਜਰਾਤ (54,626), ਹਰਿਆਣਾ (30,538), ਜੰਮੂ ਕਸ਼ਮੀਰ (17,305), ਪੰਜਾਬ (12,684), ਹਿਮਾਚਲ ਪ੍ਰਦੇਸ਼ (2,049) ਤੇ ਚੰਡੀਗੜ੍ਹ (852) ਦਾ ਨੰਬਰ ਆਉਂਦਾ ਹੈ।