ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਅੱਜ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਉਨ੍ਹਾਂ ਨੂੰ ਧਾਰਾ 169 ਤਹਿਤ ਬਾਂਡ ’ਤੇ ਰਿਹਾਅ ਕਰਨ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਮਗਰੋਂ ਵਿਦਿਆਰਥੀਆਂ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਥੋਂ ਦੇ ਪ੍ਰਾਈਵੇਟ ਇੰਜਨੀਅਰਿੰਗ ਕਾਲਜ ਦੇ ਤਿੰਨ ਵਿਦਿਆਰਥੀਆਂ ਨੇ ਪੁਲਵਾਮਾ ਦਹਿਸ਼ਤੀ ਹਮਲੇ ਦੀ ਪਹਿਲੀ ਬਰਸੀ ’ਤੇ ਸੋਸ਼ਲ ਮੀਡੀਆ ਉਪਰ ਪਾਕਿਸਤਾਨ ਪੱਖੀ ਨਾਅਰੇ ਪੋਸਟ ਕੀਤੇ ਸਨ ਜਿਸ ਕਾਰਨ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਾਂਡ ਭਰਵਾਉਣ ਮਗਰੋਂ ਉਨ੍ਹਾਂ ਨੂੰ ਐਤਵਾਰ ਨੂੰ ਛੱਡ ਦਿੱਤਾ ਗਿਆ ਸੀ।
ਹੁਬਲੀ-ਧਾਰਵਾੜ ਪੁਲੀਸ ਕਮਿਸ਼ਨਰ ਆਰ ਦਿਲੀਪ ਨੇ ਦੱਸਿਆ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਮੁੜ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਨਿਆਂਇਕ ਰਿਮਾਂਡ ਲੈ ਲਿਆ ਗਿਆ ਹੈ। ਪੁਲੀਸ ਸੂਤਰਾਂ ਮੁਤਾਬਕ ਵਿਦਿਆਰਥੀਆਂ ਨੂੰ ਅੱਜ ਸਵੇਰੇ ਫੜ ਕੇ ਅਦਾਲਤ ’ਚ ਪੇਸ਼ ਕੀਤਾ ਗਿਆ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਸੱਜੇ ਪੱਖੀ ਜਥੇਬੰਦੀਆਂ ਦੇ ਮੈਂਬਰਾਂ ਨੇ ਐਤਵਾਰ ਨੂੰ ਪੁਲੀਸ ਸਟੇਸ਼ਨ ਅੱਗੇ ਮੁਜ਼ਾਹਰਾ ਕੀਤਾ ਸੀ। ਸ੍ਰੀ ਰਾਮ ਸੈਨਾ ਮੁਖੀ ਪ੍ਰਮੋਦ ਮੁਥਾਲਿਕ ਸਮੇਤ ਹੋਰਾਂ ਨੇ ਨੌਜਵਾਨਾਂ ਨੂੰ ਛੱਡਣ ਲਈ ਪੁਲੀਸ ਦੀ ਆਲੋਚਨਾ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਬਾਸਵਰਾਜ ਬੋਮਈ ਨੇ ਵੀ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਕੇਸ ਬਾਰੇ ਜਾਣਕਾਰੀ ਲਈ।
INDIA ਦੇਸ਼ਧ੍ਰੋਹ ਕੇਸ: ਕਸ਼ਮੀਰ ਦੇ ਤਿੰਨ ਇੰਜਨੀਅਰਿੰਗ ਵਿਦਿਆਰਥੀ ਮੁੜ ਗ੍ਰਿਫ਼ਤਾਰ