ਦੇਰੀ ਨਾਲ ਕਣਕ ਵੇਚਣ ਵਾਲੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲ ਸਕਦਾ ਹੈ

ਚੰਡੀਗੜ੍ਹ (ਸਮਾਜ ਵੀਕਲੀ)- ਥੋੜ੍ਹੀ ਦੇਰੀ ਨਾਲ ਕਣਕ ਵੇਚਣ ਵਾਲੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲ ਸਕਦਾ ਹੈ। ਕੋਰੋਨਾ ਸੰਕਟ ਕਰਕੇ ਪੰਜਾਬ ਸਰਕਾਰ ਨੇ ਘਰਾਂ ’ਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਤਜਵੀਜ਼ ਬਣਾਈ ਹੈ। ਇਹ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ ਹੈ। ਮੋਦੀ ਸਰਕਾਰ ਕੋਲੋਂ ਹਰੀ ਝੰਡੀ ਦੇ ਦੇਣ ਮਗਰੋਂ ਪੰਜਾਬ ਸਰਕਾਰ ਇਸ ਦਾ ਐਲਾਨ ਕਰ ਦੇਵੇਗੀ। ਇਸ ਤਜਵੀਜ਼ ਮੁਤਾਬਕ ਉਨ੍ਹਾਂ ਕਿਸਾਨਾਂ ਨੂੰ ਕਣਕ ’ਤੇ ਪ੍ਰਤੀ ਕੁਇੰਟਲ ਪਿੱਛੇ 100 ਤੋਂ 200 ਰੁਪਏ ਤੱਕ ਬੋਨਸ ਮਿਲੇਗਾ, ਜੋ ਕਣਕ ਨੂੰ ਕੁਝ ਸਮੇਂ ਵਾਸਤੇ ਆਪੋ ਆਪਣੇ ਘਰਾਂ ਵਿੱਚ ਰੱਖਣਗੇ। ਕਣਕ ਦਾ ਸਰਕਾਰੀ ਭਾਅ ਐਤਕੀਂ 1925 ਰੁਪਏ ਪ੍ਰਤੀ ਕੁਇੰਟਲ ਹੈ।
ਹਾਸਲ ਜਾਣਕਾਰੀ ਮੁਤਾਬਕ ਜਿਹੜੇ ਕਿਸਾਨ 15 ਤੋਂ 30 ਅਪਰੈਲ ਤੱਕ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਕੋਈ ਬੋਨਸ ਨਹੀਂ ਮਿਲੇਗਾ। ਜਿਹੜੇ ਕਿਸਾਨ ਇੱਕ ਤੋਂ 31 ਮਈ ਵਿਚਾਲੇ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇਗਾ। ਜਿਹੜੇ ਕਿਸਾਨ 1 ਜੂਨ ਤੋਂ ਬਾਅਦ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 200 ਰੁਪਏ ਬੋਨਸ ਮਿਲ ਸਕਦਾ ਹੈ।
ਸਰਕਾਰੀ ਸੂਤਰਂ ਮੁਤਾਬਕ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੂੰ ਹਾਲ ਹੀ ਵਿੱਚ ਪੱਤਰ ਭੇਜਿਆ ਹੈ। ਇਸ ਵਿੱਚ ਕਿਸਾਨਾਂ ਨੂੰ ਘਰਾਂ ਵਿੱਚ ਕਣਕ ਭੰਡਾਰ ਕਰਨ ’ਤੇ ਬੋਨਸ ਦਿੱਤੇ ਜਾਣ ਦੀ ਪ੍ਰਵਾਨਗੀ ਮੰਗੀ ਹੈ। ਹਰਿਆਣਾ ਸਰਕਾਰ ਨੇ ਇਸ ਤੋਂ ਪਹਿਲਾਂ 26 ਮਾਰਚ ਨੂੰ ਕੇਂਦਰ ਨੂੰ ਇਸ ਤਰ੍ਹਾਂ ਦੀ ਹੀ ਤਜਵੀਜ਼ ਭੇਜੀ ਹੈ। ਇਸ ’ਤੇ ਕੇਂਦਰ ਨੇ ਹਾਲੇ ਕੋਈ ਹੁੰਗਾਰਾ ਨਹੀਂ ਭਰਿਆ। ਪੰਜਾਬ ਸਰਕਾਰ ਨੇ ਹਰਿਆਣਾ ਦੀ ਤਰਜ਼ ’ਤੇ ਹੀ ਇੰਨ-ਬਿੰਨ ਪੱਤਰ ਲਿਖਿਆ ਹੈ।
ਪੰਜਾਬ ਵਿਚ ਪਹਿਲੀ ਅਪਰੈਲ ਦੀ ਥਾਂ ਐਤਕੀਂ ਕਣਕ ਦੀ ਸਰਕਾਰੀ ਖਰੀਦ 15 ਅਪਰੈਲ ਤੋਂ ਸ਼ੁਰੂ ਹੋ ਰਹੀ ਹੈ। ਵਾਢੀ ਦਾ ਕੰਮ ਟਾਵਾਂ ਟਾਵਾਂ ਸ਼ੁਰੂ ਵੀ ਹੋ ਗਿਆ ਹੈ ਪਰ ਮੰਡੀਆਂ ਵਿੱਚ ਫ਼ਸਲ 15 ਅਪਰੈਲ ਤੋਂ ਹੀ ਆਉਣੀ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਨੂੰ ਡਰ ਹੈ ਕਿ 15 ਅਪਰੈਲ ਤੋਂ ਮੰਡੀਆਂ ਵਿੱਚ ਇਕਦਮ ਕਿਸਾਨਾਂ ਦੀ ਭੀੜ ਜਮ੍ਹਾਂ ਹੋ ਸਕਦੀ ਹੈ ਜਿਸ ਨਾਲ ਕਰੋਨਾ ਦਾ ਪਸਾਰ ਹੋ ਸਕਦਾ ਹੈ। ਇਸ ਨੂੰ ਟਾਲਣ ਵਜੋਂ ਇਹ ਯੋਜਨਾ ਘੜੀ ਗਈ ਹੈ ਕਿ ਕਿਸਾਨ ਇਕੱਠੇ ਆਉਣ ਦੀ ਥਾਂ ਫ਼ਸਲ ਨੂੰ ਮੰਡੀਆਂ ਵਿੱਚ ਵੱਖ ਵੱਖ ਪੜਾਵਾਂ ਵਿੱਚ ਲੈ ਕੇ ਆਉਣ ਤਾਂ ਜੋ ਕਰੋਨਾ ਦਾ ਖ਼ਤਰਾ ਟਾਲਿਆ ਜਾ ਸਕੇ।
ਹਰਜਿੰਦਰ ਛਾਬੜਾ-ਪਤਰਕਾਰ 9592282333
Previous articleਸਿੱਖਾਂ ਵਿੱਚ ਜਾਤ-ਪਾਤ ਤਾਂ ਕੀ, ਛੂਆਛਾਤ ਵੀ ਹੈ
Next articleNeymar plays football with his dogs, video goes viral