ਪੀਣ ਵਾਲੇ ਪਾਣੀ, ਸੀਵਰੇਜ ਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਨ ਵਾਲੀ ਸ਼ਾਹਪੂਰਜੀ ਪਾਲੂੰਜੀ ਇੰਫਰਾਸਟੱਕਚਰ ਕੰਪਨੀ ਖ਼ਿਲਾਫ਼ ਮਿਲ ਰਹੀਆਂ ਸ਼ਿਕਾਇਤਾਂ ਮਗਰੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਵ ਨੇ ਅੱਜ ਡੀਐੱਸਪੀ ਕੋਟਕਪੂਰਾ ਨੂੰ ਮੌਖ਼ਿਕ ਰੂਪ ਵਿਚ ਕੰਪਨੀ ਅਧਿਕਾਰੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਤੇ ਨਾਲ ਹੀ ਉਨ੍ਹਾਂ ਕੰਪਨੀ ਅਧਿਕਾਰੀਆਂ ਨੂੰ ਆਪਣਾ ਪੱਖ ਲਿਖਤੀ ਰੂਪ ਵਿਚ ਦਾਖਲ ਕਰਨ ਦੀ ਹਦਾਇਤ ਕੀਤੀ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਕੁਲਤਾਰ ਸੰਧਵਾਂ ਅੱਜ ਸਥਾਨਕ ਬੱਤੀਆਂ ਵਾਲਾ ਚੌਕ ’ਚ ਰੋਸ ਧਰਨੇ ‘ਤੇ ਬੈਠ ਗਏ ਸਨ। ਵਿਧਾਇਕ ਨੇ ਦੋਸ਼ ਲਾਇਆ ਕਿ ਪਿਛਲੇ ਦੋ ਮਹੀਨੇ ਤੋਂ ਸ਼ਹਿਰ ‘ਚ ਦੂਸ਼ਿਤ ਪਾਣੀ ਘਰਾਂ ‘ਚ ਟੂਟੀਆਂ ਰਾਹੀਂ ਸਪਲਾਈ ਹੋ ਰਿਹਾ ਹੈ। ਸ਼ਿਕਾਇਤਾਂ ਕਰਨ ’ਤੇ ਅਧਿਕਾਰੀ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਮਹਿਕਮੇ ਨੂੰ ਪੱਤਰ ਲਿਖੇ ਹਨ। ਇਸ ਦੇ ਬਾਵਜੂਦ ਸ਼ਹਿਰ ‘ਚ ਸੀਵਰੇਜ, ਜਲ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਜਦੋਂਕਿ ਕੰਮ ਮਿਆਦ ਖ਼ਤਮ ਹੋਣ ’ਤੇ ਸਰਕਾਰ ਵਾਰ ਵਾਰ ਮਿਆਦ ਵਧਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਾਰਵਾਈ ਦੀ ਮੰਗ ਕੀਤੀ।
ਸੂਚਨਾ ਮਿਲਦਿਆਂ ਡਿਪਟੀ ਕਮਿਸ਼ਨਰ ਤੁਰੰਤ ਧਰਨੇ ਵਾਲੀ ਜਗ੍ਹਾ ‘ਤੇ ਪਹੁੰਚ ਗਏ। ਵਿਧਾਇਕ ਤੇ ਹੋਰ ਪਤਵੰਤਿਆਂ ਨਾਲ ਉਨ੍ਹਾਂ ਐਸਡੀਐਮ ਦਫਤਰ ਮੀਟਿੰਗ ਕੀਤੀ ਤੇ ਸਮੱਸਿਆਵਾਂ ਸੁਣੀਆਂ। ਮਗਰੋਂ ਉਨ੍ਹਾਂ ਸਥਾਨਕ ਜੀਵਨ ਨਗਰ ‘ਚ ਸਥਿਤ ਛੱਪੜ ਜਾ ਵੇਖਿਆ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਨਗਰ ਕੌਂਸਲ ਕੂੜਾ ਇਕੱਠਾ ਕਰਕੇ ਇੱਥੇ ਸੁੱਟ ਕੇ ਛੱਪੜ ਭਰ ਰਹੀ ਤਾਂ ਉਨ੍ਹਾਂ ਅਧਿਕਾਰੀਆਂ ਦੀ ਖਿਚਾਈ ਕੀਤੀ। ਮਗਰੋਂ ਉਨ੍ਹਾਂ ਸ਼ਹੀਦ ਭਗਤ ਕਾਲਜ ਰੋਡ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦੇ ਮਸਲੇ ਦਾ ਤੁਰੰਤ ਹੱਲ ਕੱਢਣ ਲਈ ਅਧਿਕਾਰੀਆਂ ਨੂੰ ਕਿਹਾ। ਮਗਰੋਂ ਛੱਪੜ ਦੀ ਸਫਾਈ ਕਰਕੇ ਪਾਰਕ ਬਣਾਉਣ ਵਾਲੀ ਸੰਸਥਾ ਦਾ ਪੱਖ ਸੁਣਨ ’ਤੇ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਕੁਦਰਤੀ ਸੋਮਿਆਂ ਨੂੰ ਬਚਾਉਣ ਵਿਚ ਜੇ ਕੋਈ ਅੱਗੇ ਕੰਮ ਕਰਨਾ ਚਾਹੁੰਦਾ ਹੈ ਤਾਂ ਰੋੜੇ ਨਾ ਅਟਕਾਏ ਜਾਣ। ਉਨ੍ਹਾਂ ਨਾਜਾਇਜ਼ ਕਾਬਜ਼ਕਾਰਾਂ ਵਿਰੁੱਧ ਨੋਟਿਸ ਜਾਰੀ ਕਰਨ ਲਈ ਮੌਕੇ ‘ਤੇ ਹੀ ਐੱਸਡੀਐੱਮ ਨੂੰ ਕਿਹਾ। ਉਨ੍ਹਾਂ ਜੈਤੋ ਰੋਡ, ਸੁਰਗਾਪੁਰੀ ਤੋਂ ਇਲਾਵਾ ਕਈ ਇਲਾਕਿਆਂ ਦਾ ਦੌਰਾ ਕੀਤਾ। ਕਰੀਬ ਸਾਢੇ ਤਿੰਨ ਘੰਟੇ ਤੱਕ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
INDIA ਦੂਸ਼ਿਤ ਪਾਣੀ ਮਾਮਲਾ: ਵਿਧਾਇਕ ਦੇ ਧਰਨੇ ਮਗਰੋਂ ਜਾਗਿਆ ਪ੍ਰਸ਼ਾਸਨ