ਦੂਰਦਰਸ਼ਨ ਪੰਜਾਬੀ ਖੇਤਰੀ ਚੈਨਲ ਪਰ ਅੰਤਰਰਾਸ਼ਟਰੀ ਚੈਨਲ ਵੱਲ ਵਧਦੇ ਕਦਮ

(ਸਮਾਜ ਵੀਕਲੀ)

ਭਾਰਤ ਸਰਕਾਰ ਨੇ ਆਪਣੀ ਪੂਰੀ ਜਨਤਾ ਲਈ ਬਿਜਲਈ ਦੋ ਮਾਧਿਅਮ ਚਾਲੂ ਕੀਤੇ ਸਨ।ਆਕਾਸ਼ਵਾਣੀ ਤੇ ਦੂਰਦਰਸ਼ਨ ਆਜ਼ਾਦੀ ਤੋਂ ਪਹਿਲਾਂ ਆਕਾਸ਼ਵਾਣੀ ਰੇਡੀਓ ਦਾ ਪ੍ਰਸਾਰਨ ਕੁਝ ਚੈਨਲਾਂ ਤੋਂ ਹੁੰਦਾ ਸੀ। ਪਰ ਆਜ਼ਾਦੀ ਤੋਂ ਬਾਅਦ ਸਾਨੂੰ ਮਾਣ  ਹੈ ਕਿ ਸਾਡੇ ਦੇਸ਼ ਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ,ਸਾਡੇ ਦੇਸ਼ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਹਨ,ਸਾਰਿਆਂ ਨੂੰ ਮਹਾਨਤਾ ਦਿੰਦੇ ਹੋਏ ਆਕਾਸ਼ਵਾਣੀ ਦੇ ਹਰ ਰਾਜ ਵਿਚ ਖੇਤਰੀ ਚੈਨਲ ਸਥਾਪਤ ਕੀਤੇ।ਇਸ ਹਿੱਸੇ ਵਿੱਚੋਂ ਸਾਨੂੰ ਆਕਾਸ਼ਵਾਣੀ ਜਲੰਧਰ ਮਿਲਿਆ।

ਅਗਲੀ ਤਕਨੀਕ ਟੈਲੀਵਿਜ਼ਨ ਸਟਾਰਟ ਹੋ ਗਿਆ ਸਰਕਾਰ ਦੀ ਪਹਿਲੀ ਨੀਤੀ ਦੇ ਆਧਾਰ ਤੇ ਹਰ ਰਾਜ ਨੂੰ ਖੇਤਰੀ ਚੈਨਲ ਦਿੱਤਾ ਗਿਆ,ਸਾਡੇ ਹਿੱਸੇ ਆਇਆ ਦੂਰਦਰਸ਼ਨ ਜਲੰਧਰ।ਰੇਡੀਓ ਤੇ ਟੀਵੀ ਦਾ ਮੁੱਖ ਕੰਮ ਹੁੰਦਾ ਹੈ। ਉਸ ਰਾਜ ਦੀ ਭਾਸ਼ਾ ਤੇ ਪਹਿਰਾਵੇ ਦਾ ਪ੍ਰਚਾਰ ਤੇ ਵਿਰਸੇ ਤੇ ਸੱਭਿਆਚਾਰ ਦਾ ਪ੍ਰਚਾਰ ਤੇ ਪ੍ਰਸਾਰ ਜਦੋਂ ਤਕ ਇਹ ਕੇਂਦਰ ਸਰਕਾਰ ਦੇ ਥੱਲੇ ਕੰਮ ਕਰਦੇ ਰਹੇ ਇਨ੍ਹਾਂ ਨੇ ਹਰ ਖੇਤਰ ਵਿੱਚ ਯੋਗ ਕੰਮ ਕੀਤਾ।ਸਾਲ ਵੀਹ ਸੌ ਵੀਹ ਕੇਂਦਰ ਸਰਕਾਰ ਨੇ ਲੋਕ ਪ੍ਰਸਾਰਨ ਸੇਵਾ ਅਧੀਨ ਕਾਰਪੋਰੇਸ਼ਨ ਪ੍ਰਸਾਰ ਭਾਰਤੀ ਸਥਾਪਤ ਕਰ ਦਿੱਤਾ,ਕੰਮ ਉਹ ਹੀ ਸੀ ਜੋ ਪਹਿਲਾਂ ਉਲਕਿਆ ਗਿਆ ਸੀ।

ਪ੍ਰਸਾਰ ਭਾਰਤੀ ਨੇ ਜਲੰਧਰ ਦੂਰਦਰਸ਼ਨ ਦਾ ਨਾਮ ਬਦਲ ਕੇ ਦੂਰਦਰਸ਼ਨ ਪੰਜਾਬੀ ਕਰ ਦਿੱਤਾ,ਇਸ ਦਾ ਪ੍ਰਸਾਰਨ ਦਿਨ ਤੇ ਰਾਤ ਚੌਵੀ ਘੰਟੇ ਕਰ ਦਿੱਤਾ ਗਿਆ ਤੇ ਡਿਜੀਟਲ ਤਕਨੀਕ ਨਾਲ ਸਾਡੀ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਪੂਰੀ ਦੁਨੀਆਂ ਤੱਕ ਪਹੁੰਚਣ ਲੱਗਿਆ।ਪੰਜ ਕੁ ਸਾਲ ਪਹਿਲਾਂ ਤਕ ਪ੍ਰਸਾਰ ਭਾਰਤੀ ਦਾ ਜੋ ਲੋਕ ਪ੍ਰਸਾਰਨ ਸੇਵਾ ਲਈ ਕਾਨੂੰਨ ਹੈ,ਖੇਤਰੀ ਚੈਨਲ ਆਪਣੇ ਰਾਜ ਦੀ ਭਾਸ਼ਾ, ਪਹਿਰਾਵਾ,ਸਭਿਆਚਾਰ ਵਿਰਸਾ ਤੇ ਉੱਥੋਂ ਦੀ ਹਰ ਤਰ੍ਹਾਂ ਦੀ ਕਾਰਵਾਈ ਤੇ ਖ਼ਬਰਾਂ ਦਾ ਪ੍ਰਸਾਰਨ ਕਰਨਾ ਇਸ ਚੈਨਲ ਨੇ ਚੰਗੀ ਤਰ੍ਹਾਂ ਨਿਭਾਇਆ। ਰਾਸ਼ਟਰੀ ਪੱਧਰ ਤੇ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਚੈਨਲ ਤੇ ਕਮਰਸ਼ੀਅਲ ਤੌਰ ਤੇ ਵੱਧ ਕਮਾਈ ਕਰਨ ਵਾਲਾ ਚੈਨਲ ਦੂਰਦਰਸ਼ਨ ਪੰਜਾਬੀ ਹੋ ਨਿੱਬੜਿਆ।ਪਿਛਲੇ ਪੰਜ ਸਾਲ ਤੋਂ ਦੂਰਦਰਸ਼ਨ ਪੰਜਾਬੀ ਹੌਲੀ ਹੌਲੀ ਆਪਣੀ ਬਣਾਈ ਲਾਈਨ ਤੋਂ ਉਤਰਦਾ ਜਾ ਰਿਹਾ ਹੈ।

ਕੋਰੋਨਾ ਮਾਹਾਮਾਰੀ ਦਾ ਦੂਰਦਰਸ਼ਨ ਪੰਜਾਬੀ ਤੇ ਕੁਝ ਗਹਿਰਾ ਅਸਰ ਹੋਇਆ ਲੱਗਦਾ ਹੈ,ਲੋਕ ਪ੍ਰਸਾਰਨ ਸੇਵਾ ਤਕਰੀਬਨ ਇਸ ਚੈਨਲ ਤੋਂ ਬੰਦ ਹੀ ਕਰ ਦਿੱਤੀ ਗਈ ਹੈ।ਖ਼ਬਰਾਂ ਤੋਂ ਇਲਾਵਾ ਬਾਕੀ ਪੂਰਾ ਸਮਾਂ ਸਕੂਲ ਪ੍ਰਸਾਰਨ,ਡੇਰਾ ਬਾਬਾਵਾਦ, ਝੋਲਾ ਛਾਪ ਡਾਕਟਰ ਤੇ ਪ੍ਰਾਰਥਨਾ ਕਰਕੇ ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਵੱਖ ਵੱਖ ਕੰਮ ਚਲਾਊ ਪ੍ਰੋਗਰਾਮ ਵੱਖ ਵੱਖ ਅਦਾਰਿਆਂ ਨੂੰ ਵੇਚ ਦਿੱਤੇ ਹਨ। ਲੋਕ ਪ੍ਰਸਾਰਨ ਸੇਵਾ ਤੋਂ ਕਮਾਈ ਕੀਤੀ ਜਾਵੇ ਵੇਖ ਕੇ ਤੇ ਸੁਣ ਕੇ ਬਹੁਤ ਅਜੀਬ ਲੱਗਦਾ ਹੈ। ਪਰ ਸਾਡੇ ਪੰਜਾਬੀ ਭੈਣਾਂ ਭਰਾਵਾਂ ਨੂੰ ਸਰਕਾਰੀ ਨੌਕਰੀਆਂ ਦੌਰਾਨ ਮੁਫਤ ਖਾਣਾ, ਵਿਹਲੇ ਰਹਿਣਾ ਚੰਗਾ ਲੱਗਦਾ ਹੈ।ਇਸ ਦਾ ਫ਼ਾਇਦਾ ਹੁਣ ਦੂਰਦਰਸ਼ਨ ਪੰਜਾਬੀ ਦੇ ਸਾਰੇ ਅਧਿਕਾਰੀ ਬੈਠ ਕੇ ਆਨੰਦ ਮਾਣ ਰਹੇ ਹਨ।

ਖ਼ਬਰਾਂ ਇਸ ਚੈਨਲ ਤੋਂ ਪੇਸ਼ ਕੀਤੀਆਂ ਜਾਂਦੀਆਂ ਹਨ, ਜਿਸ ਦਾ ਮੁੱਖ ਆਧਾਰ ਖੇਤਰੀ ਖ਼ਬਰਾਂ ਤਕ ਸੀਮਤ ਹੁੰਦਾ ਹੈ।ਸਾਰੀ ਦੁਨੀਆਂ ਜਾਣਦੀ ਹੈ ਕਿ ਖੇਤੀ ਸਬੰਧੀ ਪਾਸ ਕੀਤੇ ਗ਼ਲਤ ਕਾਨੂੰਨਾਂ ਸਬੰਧੀ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦਾ ਇਕ ਮਹੀਨੇ ਤੋਂ ਵੱਖ ਵੱਖ ਥਾਵਾਂ ਤੇ ਧਰਨੇ ਚੱਲ ਰਹੇ ਹਨ।ਇਹ ਵੱਖ ਵੱਖ ਥਾਵਾਂ ਤੇ ਲੱਗੇ ਧਰਨੇ ਮੈਂ ਪਿਛਲੇ ਲੇਖ ਵਿੱਚ ਪੂਰਨ ਰੂਪ ਵਿੱਚ ਜ਼ਿਕਰ ਕੀਤਾ ਸੀ। ਦੂਰਦਰਸ਼ਨ ਪੰਜਾਬੀ ਨੂੰ ਵਿਖਾਈ ਨਹੀਂ ਦਿੰਦੇ ਸ਼ਾਇਦ ਇਸ ਅਦਾਰੇ ਦੇ ਕਰਮਚਾਰੀਆਂ ਦਾ ਖੇਤੀਬਾੜੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਹੀ ਨਹੀਂ।ਪੰਜ ਨਵੰਬਰ ਨੂੰ ਕਿਸਾਨ ਯੂਨੀਅਨ ਨੇ ਪੂਰੇ ਭਾਰਤ ਵਿੱਚ ਚੱਕਾ ਜਾਮ ਦਾ ਪ੍ਰੋਗਰਾਮ ਉਲੀਕਿਆ ਸੀ।

ਪੰਜਾਬ ਵਿੱਚ ਉਸ ਦਿਨ ਪੂਰਨ ਤੌਰ ਤੇ ਦੁਪਹਿਰ ਬਾਰਾਂ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਜਾਮ ਰਿਹਾ।ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨਾਲ ਪੂਰੇ ਭਾਰਤ ਦੀਆਂ ਕਿਸਾਨ ਯੂਨੀਅਨਾਂ ਨੇ ਸਮੇਂ ਸਮੇਂ ਤੇ ਸਾਰਥਕ ਤਰੀਕੇ ਦਾ  ਹਰ ਤਰ੍ਹਾਂ ਨਾਲ ਸਾਥ ਦਿੱਤਾ ਹੈ।ਪੰਜ ਨਵੰਬਰ ਨੂੰ ਵੀ ਪੰਜਾਬ ਦੀ ਤਰ੍ਹਾਂ ਅਠਾਰਾਂ ਰਾਜਾਂ ਨੇ ਪੂਰਨ ਰੂਪ ਵਿੱਚ ਚੱਕਾ ਜਾਮ ਕੀਤਾ।ਉਸ ਦਿਨ ਦੂਰਦਰਸ਼ਨ ਪੰਜਾਬੀ ਤੋਂ ਇਤਿਹਾਸਕ ਰੂਪ ਵਿੱਚ ਚੱਕਾ ਜਾਮ ਹੋਣ ਦੀ ਖ਼ਬਰ ਨੂੰ ਕਿਤੇ ਵੀ ਥਾਂ ਨਹੀਂ ਦਿੱਤੀ ਗਈ।ਸ਼ਾਇਦ ਕਿਸਾਨ ਦੂਰਦਰਸ਼ਨ ਪੰਜਾਬੀ ਨੂੰ ਪੰਜਾਬ ਦੇ ਨਹੀਂ ਲਗਦੇ, ਇਸ ਲਈ ਉਨ੍ਹਾਂ ਦਾ ਕੀਤਾ ਯੋਗ ਕੰਮ ਖੇਤਰੀ ਚੈਨਲ ਦੇ ਅਦਾਰੇ ਵਿਚ ਨਹੀਂ ਆਉਂਦਾ ਹੋਵੇਗਾ ਇਸ ਲਈ ਚੁੱਪ ਧਾਰ ਰੱਖੀ।

ਉਸ ਦਿਨ ਸਾਰੇ ਖਬਰਾਂ ਦੇ ਪ੍ਰਸਾਰਨ ਵਿੱਚ ਪਹਿਲੀ ਖ਼ਬਰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀ ਚੋਣਾਂ ਸਬੰਧੀ ਦਿੱਤੀ ਗਈ।ਉਸ ਤੋਂ ਬਾਅਦ ਬਿਹਾਰ ਤੇ ਹੋਰ ਉਪ ਚੋਣਾਂ ਜੋ ਵੱਖ ਵੱਖ ਰਾਜਾਂ ਵਿੱਚ ਹੋਈਆਂ, ਉਨ੍ਹਾਂ ਖ਼ਬਰਾਂ ਦੀ ਖਿਚੜੀ ਬਣਾ ਕੇ ਸਮਾਚਾਰਾਂ ਦਾ ਸਮਾਂ ਪੂਰਾ ਕਰ ਦਿੱਤਾ ਗਿਆ।ਮੈਨੂੰ ਇਹ ਗੱਲ ਲਿਖਦੇ ਹੋਏ ਹਾਸਾ ਆ ਰਿਹਾ ਹੈ, ਖੇਤਰੀ ਚੈਨਲ ਕਿਤੇ ਹੁਣ ਤਰੱਕੀ ਕਰਕੇ ਅੰਤਰਰਾਸ਼ਟਰੀ ਚੈਨਲ ਤਾਂ ਨਹੀਂ ਬਣ ਗਿਆ।

ਹਰ ਰੋਜ਼ ਖ਼ਬਰਾਂ ਤੋਂ ਬਾਅਦ “ਖ਼ਾਸ ਖ਼ਬਰ ਇੱਕ ਨਜ਼ਰ” ਪ੍ਰੋਗਰਾਮ ਹੁੰਦਾ ਹੈ। ਜਿਸ ਵਿੱਚ ਪੰਜਾਬੀ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਤੇ ਵਿਚਾਰ ਚਰਚਾ ਹੁੰਦੀ ਹੈ।ਕਿਸਾਨਾਂ ਦੀ ਕੜੀ ਮਿਹਨਤ ਸਦਕਾ ਪੂਰੇ ਪੰਜਾਬ ਵਿੱਚ ਚੱਕਾ ਜਾਮ ਹੋਇਆ ਸੀ, ਤੇ ਪੰਜਾਬ ਦੇ ਹਰ ਇਕ ਅਖ਼ਬਾਰ ਨੇ ਮੁੱਖ ਪੰਨੇ ਤੇ ਪਹਿਲੀ ਖ਼ਬਰ ਵਿਸਥਾਰਪੂਰਵਕ ਛਾਪੀ ਹੋਈ ਸੀ। ਇਸ ਪ੍ਰੋਗਰਾਮ ਦੇ ਕਰਤਾ ਧਰਤਾ ਪ੍ਰੋਗਰਾਮ ਮੁਖੀ ਸ੍ਰੀ ਮਾਨ ਪੁਨੀਤ ਸਹਿਗਲ ਜੀ ਹਨ, ਉਹ ਇਸ ਕੇਂਦਰ ਦੇ ਮੁਖੀ ਵੀ ਹਨ ਪਰ ਉਨ੍ਹਾਂ ਨੇ ਉੱਚ ਪੱਧਰ ਦੀ ਇਸ ਖ਼ਬਰ ਨੂੰ ਦੇਖ ਕੇ ਅਣਡਿੱਠ ਕੀਤਾ। ਬਿਹਾਰ ਵਿੱਚ ਹੋਈਆਂ ਖ਼ਬਰਾਂ ਦੀ ਪਟਾਰੀ ਖੋਲ੍ਹ ਕੇ ਬੈਠ ਗਏ,ਸਦਕੇ ਜਾਈਏ ਆਪਣੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਇਸ ਚੈਨਲ ਨੂੰ ਕੋਈ ਪਿਆਰ ਨਹੀਂ।ਜਿਹੜੇ ਹੱਡ ਭੰਨਵੀਂ ਕਿਰਤ ਨਾਲ ਸਾਡੇ ਪੂਰੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦੇ ਹਨ।

ਇਕ ਮਹੀਨੇ ਤੋਂ ਆਪਣਾ ਘਰ ਬਾਰ ਤੇ ਕੰਮਕਾਜ ਛੱਡ ਕੇ ਸੜਕਾਂ ਤੇ ਭੁੱਖੇ ਪਿਆਸੇ ਬੈਠੇ ਹਨ। ਬਾਬਾ ਨਾਨਕ ਜੀ ਨੇ ਕਿਹਾ ਹੈ “ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ” ਇਸ ਸਲੋਕ ਨੂੰ ਪ੍ਰੋਗਰਾਮ ਮੁਖੀ ਪੁਨੀਤ ਸਹਿਗਲ ਜੀ ਨੇ ਸੱਚਾ ਸਾਬਤ ਕਰ ਕੇ ਵਿਖਾ ਦਿੱਤਾ। ਰੱਬ ਨਾ ਕਰੇ ਜੇ ਪੰਜਾਬ ਵਿੱਚ ਅਚਾਨਕ ਕੋਈ ਗੰਭੀਰ ਸੰਕਟ ਆ ਗਿਆ, ਤਾਂ ਇਸ ਦੁੱਖ ਦੀ ਘੜੀ ਨੂੰ ਸੇਵਾ ਲਈ ਪੂਰੀ ਜਨਤਾ ਨੂੰ ਕੌਣ ਦੱਸੇਗਾ ਸੋਚਣਾ ਬਣਦਾ ਹੈ।

ਕਿਸਾਨਾਂ ਤੇ ਮਜ਼ਦੂਰਾਂ ਦੇ ਰੇਲਵੇ ਲਾਈਨਾਂ ਤੇ ਧਰਨੇ ਕਾਰਨ ਰੇਲ ਗੱਡੀਆਂ ਇਕ ਮਹੀਨੇ ਤੋਂ ਪੰਜਾਬ ਵਿੱਚ ਬੰਦ ਪਈਆਂ ਹਨ।ਇਸ ਗੰਭੀਰ ਮਸਲੇ ਕਾਰਨ ਪੰਜਾਬ ਵਿੱਚ ਬਿਜਲੀ ਦੇ ਥਰਮਲ ਪਲਾਂਟਾਂ ਲਈ ਕੋਇਲਾ ਤੇ ਖੇਤੀ ਲਈ ਰਸਾਇਣਕ ਖਾਦਾਂ ਸਹੀ ਸਮੇਂ ਤੇ ਪੂਰੀ ਮਾਤਰਾ ਵਿੱਚ ਨਹੀਂ ਪਹੁੰਚ ਰਹੀਆਂ।ਇਸ ਧਰਨੇ ਨੂੰ ਚੁੱਕਣ ਲਈ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਕਿਸਾਨ ਯੂਨੀਅਨਾਂ ਦਰਮਿਆਨ ਆਏ ਦਿਨ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ। ਇਸ ਮਸਲੇ ਦੇ ਹੱਲ ਲਈ ਕੇਂਦਰੀ ਸਰਕਾਰ ਤੇ ਭਾਰਤ ਦੀਆਂ ਕਿਸਾਨ ਯੂਨੀਅਨਾਂ ਦਰਮਿਆਨ ਮੀਟਿੰਗ ਹੋਈ ਜੋ ਬੇਸਿੱਟਾ ਰਹੀ।

ਇਸ ਸਬੰਧੀ ਦੂਰਦਰਸ਼ਨ ਪੰਜਾਬੀ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਦੇਖ ਕੇ ਅਣਡਿੱਠ ਕਰ ਦਿੱਤਾ ਗਿਆ। ਪੰਜਾਬ ਦੀ ਰਾਜ ਸਰਕਾਰ ਦੀ ਮੀਟਿੰਗ ਵੀ ਕੇਂਦਰ ਸਰਕਾਰ ਨਾਲ ਹੋਈ ਜਿਸ ਵਿੱਚ ਸਾਡੀ ਰਾਜ ਸਰਕਾਰ ਜੋ ਕਿ ਕਾਂਗਰਸ ਰਾਜਨੀਤਕ ਪਾਰਟੀ ਨਾਲ ਸਬੰਧਤ ਹੈ। ਉਸ ਦੇ ਸਾਰੇ ਸੰਸਦ ਮੈਂਬਰ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਜੀ ਨਾਲ ਮੀਟਿੰਗ ਕਰਨ ਲਈ ਗਏ, ਜੋ ਬੇਸਿੱਟਾ ਰਹੀ ਇਸ ਖ਼ਬਰ ਲਈ ਵੀ ਦੂਰਦਰਸ਼ਨ ਪੰਜਾਬੀ ਨੇ ਚੁੱਪ ਧਾਰ ਲਈ।

ਸਦਕੇ ਜਾਈਏ ਕੇਂਦਰ ਸਰਕਾਰ ਦੀ ਕਮਾਂਡ ਭਾਜਪਾ ਰਾਜਨੀਤਿਕ ਪਾਰਟੀ ਦੇ ਹੱਥ ਵਿੱਚ ਹੈ।ਉਸ ਪਾਰਟੀ ਦੇ ਪੰਜਾਬ ਵਿੱਚ ਸਿਰਫ਼ ਤਿੰਨ ਐੱਮਪੀ ਹਨ,ਜੋ ਕਿ ਆਪਣੀ ਸਰਕਾਰ ਦੇ ਬਣਾਏ ਕਾਨੂੰਨ ਦੇ ਸੋਹਲੇ ਗਾ ਰਹੇ ਹਨ।ਕਿਸਾਨਾਂ ਨੇ ਉਨ੍ਹਾਂ ਦੀ ਘੇਰਾਬੰਦੀ ਕੀਤੀ ਤਾਂ ਉਨ੍ਹਾਂ ਨੇ ਆਪਣੀ ਮਹਾਨਤਾ ਵਿਖਾਉਣ ਲਈ ਦਿੱਲੀ ਕੁਝ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੀ ਆਪਣੀ ਸਰਕਾਰ ਹੈ ਕਿਸੇ ਵੀ ਮੰਤਰੀ ਨਾਲ ਮੀਟਿੰਗ ਕਰਕੇ ਰੇਲਾਂ ਚੱਲਣ ਦਾ ਰਾਗ ਅਲਾਪ ਦਿੱਤਾ,ਪਰ ਅਸਲੀਅਤ ਰੂਪ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੋਇਆ ਸੀ ਮੀਟਿੰਗ ਦੀ ਖ਼ਬਰ ਆਈ  ਜਿਸ ਸੰਬੰਧੀ ਵਿਸਥਾਰਪੂਰਵਕ ਖ਼ਬਰ ਲੂਣ ਤੇਲ ਲਗਾ ਕੇ ਪੇਸ਼ ਕੀਤੀ ਗਈ,ਬਿਨਾਂ ਕਿਸੇ ਗੱਲ ਤੋਂ ਦੂਰਦਰਸ਼ਨ ਪੰਜਾਬੀ ਨੇ ਇਸ ਖਬਰ ਦਾ ਜੰਮ ਕੇ ਪ੍ਰਚਾਰ ਤੇ ਪ੍ਰਸਾਰ ਕੀਤਾ।

ਇਸ ਸਬੰਧੀ ਅਖ਼ਬਾਰਾਂ ਵਿੱਚ ਵੀ ਖ਼ਬਰ ਛਪੀ” ਖ਼ਾਸ ਖ਼ਬਰ ਇੱਕ ਨਜ਼ਰ”ਵਿੱਚ ਇਸ ਖ਼ਬਰ ਨੂੰ ਵੀ ਏਨੇ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ, ਜਿਵੇਂ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਦਾ ਪੂਰਨ ਰੂਪ ਵਿੱਚ ਹੱਲ ਹੋ ਗਿਆ।ਇਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਜੋ ਲੋਕ ਪ੍ਰਸਾਰਨ ਸੇਵਾ ਹੈ,ਉਹ ਵੀ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਧੁਨਾਂ ਉਤੇ ਹੀ ਰਾਗ ਅਲਾਪਦੀ ਹੈ।

ਲੋਕ ਪ੍ਰਸਾਰਨ ਸੇਵਾ ਛੱਡ ਕੇ ਦੂਰਦਰਸ਼ਨ ਪੰਜਾਬੀ ਦੇ ਕਮਾਈ ਲਈ ਵਧਾਏ ਜਾ ਰਹੇ, ਕਦਮਾਂ ਸਬੰਧੀ ਇਸੇ ਕੇਂਦਰ ਚੋਂ ਸੇਵਾ ਨਿਭਾ ਚੁੱਕੇ ਇਕ ਉੱਚ ਅਧਿਕਾਰੀ ਨਾਲ ਮੇਰੀ  ਠੋਸ ਜਾਣਕਾਰੀ ਲਈ ਗੱਲਬਾਤ ਹੋਈ ਸੀ।ਉਨ੍ਹਾਂ ਨੇ ਪ੍ਰਸਾਰ ਭਾਰਤੀ ਵੱਲੋਂ ਇਕ ਖੇਤਰੀ ਚੈਨਲ ਨੂੰ ਦਿੱਤੀਆਂ ਹਦਾਇਤਾਂ ਸਬੰਧੀ ਵੇਰਵੇ ਸਹਿਤ ਦੱਸਿਆ,ਪਹਿਲਾ ਮੁੱਖ ਆਪਣੀ ਭਾਸ਼ਾ ਪਹਿਰਾਵਾ ਤੇ ਵਿਰਸੇ ਦਾ ਪ੍ਰਚਾਰ ਤੇ ਪ੍ਰਸਾਰ,ਖ਼ਬਰਾਂ ਤੇ ਸੰਗੀਤਕ ਪ੍ਰੋਗਰਾਮਾਂ ਨੂੰ ਪਹਿਲ ਦੇਣੀ ਹੁੰਦੀ ਹੈ।

ਸਰੋਤਿਆਂ ਨੂੰ ਸਿੱਖਿਆ ਦੇਣ ਵਾਲੇ ਕਮਰਸ਼ੀਅਲ ਪ੍ਰੋਗ੍ਰਾਮ ਪੇਸ਼ ਕਰਨੇ,ਸਕੂਲੀ ਸਿੱਖਿਆ ਲਈ ਕੁਝ ਸੀਮਤ ਸਮਾਂ ਦੇਣਾ,ਡਾਕਟਰੀ ਕਿੱਤੇ ਤੇ ਕਿਸੇ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ,”ਖ਼ਾਸ ਖ਼ਬਰ ਇੱਕ ਨਜ਼ਰ” ਪ੍ਰੋਗਰਾਮ ਵਿਚ ਉਹ ਬੁੱਧੀਜੀਵੀ ਹਿੱਸਾ ਲੈ ਸਕਦੇ ਹਨ ਜੋ ਉਸ ਸਮੇਂ ਉੱਚ ਪੱਧਰ ਦੇ ਅਖ਼ਬਾਰ ਦੇ ਵਿਸ਼ੇਸ਼ ਪ੍ਰਤੀਨਿਧ ਹੋਣ ਤੇ ਐਂਕਰਿੰਗ ਉਹ ਕਰ ਸਕਦਾ ਹੈ ਜਿਸ ਨੇ ਜਰਨਲਿਜ਼ਮ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਵੇ।ਜੋ ਅਧਿਕਾਰੀ ਜਾਂ ਕਰਮਚਾਰੀ ਦੂਰਦਰਸ਼ਨ ਦੀ ਨੌਕਰੀ ਦੀ ਸੇਵਾ ਨਿਭਾ ਚੁੱਕਿਆ ਹੋਵੇ ਉਹ ਕਿਸੇ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈ ਸਕਦਾ।ਪਰ ਅੱਜਕੱਲ੍ਹ ਪ੍ਰੋਗਰਾਮ ਮੁਖੀ ਸ੍ਰੀ ਪੁਨੀਤ ਸਹਿਗਲ ਜੀ ਵੱਲੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਛਾੜ ਕੇ ਉਲਟੀ ਗੰਗਾ ਵਹਾਈ ਜਾ ਰਹੀ ਹੈ।

ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਓ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਪਹਿਰੇਦਾਰੋ ਦੂਰਦਰਸ਼ਨ ਪੰਜਾਬੀ ਜੋ ਲੋਕ ਪ੍ਰਸਾਰਨ ਸੇਵਾ ਛੱਡ ਕੇ ਖ਼ਾਸ ਤੌਰ ਤੇ ਪ੍ਰਸਾਰ ਭਾਰਤੀ ਦੇ ਬਣਾਏ ਹੋਏ ਖ਼ਾਸ ਕਾਨੂੰਨਾਂ ਨੂੰ ਤੋਡ਼ ਕੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ।ਪ੍ਰਸਾਰ ਭਾਰਤੀ ਪੰਜਾਬ ਸਰਕਾਰ ਪੰਜਾਬ ਕਲਾ ਪ੍ਰੀਸ਼ਦ ਤੇ ਪੰਜਾਬ ਦੀਆਂ ਸਾਹਿਤ ਸਭਾਵਾਂ ਨੂੰ ਸਾਡੀ ਮਾਂ ਬੋਲੀ ਪੰਜਾਬੀ ਦੀ ਰੱਖਿਆ ਲਈ ਤੁਰੰਤ ਯੋਗ ਕਦਮ ਉਠਾਉਣੇ ਚਾਹੀਦੇ ਹਨ।

ਅੱਜ ਆਪਾਂ ਪ੍ਰਾਈਵੇਟ ਚੈਨਲਾਂ ਦੇ ਪਿੱਛੇ ਲੱਗ ਕੇ ਗ਼ਲਤ ਪ੍ਰਸਾਰਣ ਵੇਖਦੇ ਜਾ ਰਹੇ ਹਾਂ,ਆਪਣੀ ਮਾਂ ਬੋਲੀ ਦੀ ਸਾਰ ਕੌਣ ਲਵੇਗਾ। ਗਾਇਕ ਗੁਰਦਾਸ ਮਾਨ ਦਾ ਗੀਤ ਜੋ ਇਸ ਨੇ ਦੂਰਦਰਸ਼ਨ ਪੰਜਾਬੀ ਦੇ ਸ਼ੁਰੂ ਹੋਣ ਵਾਲੇ ਦਿਨ ਇਸ ਦੀ ਸਟੇਜ ਤੇ ਪੇਸ਼ ਕੀਤਾ ਸੀ, ਉਹ ਇਸ ਕੇਂਦਰ ਦੇ ਉੱਤੇ ਹੀ ਢੁੱਕ ਰਿਹਾ ਹੈ।”ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ,ਫਿੱਕੀ ਪੈ ਗਈ ਚਿਹਰੇ ਦੀ ਨੁਹਾਰ। ਮੀਢੀਆਂ ਖਿਲਾਰੀ ਫਿਰੇ ਬੁੱਲ੍ਹੇ ਦੀਏ ਕਾਫੀਏ ਨੀ, ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ।” ਦੂਰਦਰਸ਼ਨ ਪੰਜਾਬੀ ਦੇ ਅਧਿਕਾਰੀ ਜੋ ਇਸ ਦੀ ਸੇਵਾ ਲਈ ਬਿਠਾਏ ਹੋਏ ਹਨ, ਉਹ ਇਹ ਕੁਝ ਕਰ ਰਹੇ ਹਨ ਸਾਡੀਆਂ ਅੱਖਾਂ ਕਿਉਂ ਬੰਦ ਹਨ।ਉੱਠੋ ਜਾਗੋ ਤੇ ਠੋਕ ਕੇ ਪਹਿਰਾ ਦੇਵੋ ਤਾਂ ਜੋ ਸਾਡੀ ਮਾਂ ਬੋਲੀ ਪੰਜਾਬੀ ਦੇ ਝੰਡੇ ਪੂਰੀ ਦੁਨੀਆਂ ਵਿੱਚ ਝੁੱਲਦੇ ਰਹਿਣ –

ਆਮੀਨ।

ਰਮੇਸ਼ਵਰ ਸਿੰਘ
ਸੰਪਰਕ ਨੰਬਰ  – 9914880392

Previous articleਦੀਵਾਲੀ
Next articleਦੀਵਿਆਂ ਦਾ ਟੈਕਸ