ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਸਰਕਾਰ ਵੱਲੋਂ ਕਰੋਨਾਵਾਇਰਸ ਮਹਾਮਾਰੀ ਕਾਰਨ ਦਿੱਲੀ ਸਰਕਾਰ ਅਧੀਨ ਆਉਂਦੀਆਂ ਯੂਨੀਵਰਸਿਟੀਆਂ ਦੇ ਸਾਰੇ ਇਮਤਿਹਾਨ ਰੱਦ ਕੀਤੇ ਗਏ ਹਨ। ਇਹ ਫ਼ੈਸਲਾ ਦਿੱਲੀ ਸਥਿਤ ਕੇਂਦਰੀ ਯੂਨੀਵਰਸਿਟੀਆਂ ’ਤੇ ਲਾਗੂ ਨਹੀਂ ਹੋਵੇਗਾ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਸਿੱਖਿਆ ਮਹਿਕਮਾ ਵੀ ਸਾਂਭਦੇ ਹਨ, ਨੇ ਦੱਸਿਆ ਕਿ ਸੂਬੇ ਦੀਆਂ ਯੂਨੀਵਰਸਿਟੀਆਂ ਨੂੰ ‘ਮੁਲਾਂਕਣ ਦੇ ਪ੍ਰਗਤੀਸ਼ੀਲ ਢੰਗ’ ਰਾਹੀਂ ਆਪਣੇ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਅਤੇ ਡਿਗਰੀਆਂ ਦੇਣ ਲਈ ਆਖਿਆ ਗਿਆ ਹੈ। ਊਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਦੇਸ਼ ਭਰ ਦੀਆਂ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਲਈ ਵੀ ਦਿੱਲੀ ਸਰਕਾਰ ਵਾਂਗ ਫ਼ੈਸਲਾ ਲੈਣ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਵਿੱਚ ਇਮਤਿਹਾਨਾਂ ਸਬੰਧੀ ਬਣੀ ਅਨਿਸ਼ਚਿਤਤਾ ਖ਼ਤਮ ਕੀਤੀ ਜਾ ਸਕੇ।
ਊਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੂੰ ਨੌਜਵਾਨਾਂ ਨੂੰ ਕਰੋਨਾ ਸੰਕਟ ਤੋਂ ਬਚਾਉਣ ਲਈ ਇਹ ਸਖ਼ਤ ਫ਼ੈਸਲਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਪੂਰੇ ਸਮੈਸਟਰ ਦੀ ਪੜ੍ਹਾਈ ਨਹੀਂ ਹੋ ਸਕੀ ਹੈ, ਜਿਸ ਕਰਕੇ ਇਮਤਿਹਾਨ ਕਰਵਾਉਣੇ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ’ਵਰਸਿਟੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵਿਦਿਆਰਥੀਆਂ ਨੂੰ ਪਿਛਲੇ ਨਤੀਜਿਆਂ ਦੇ ਆਧਾਰ ’ਤੇ ਜਾਂ ਮੁਲਾਂਕਣ ਦੇ ਕਿਸੇ ਹੋਰ ਪ੍ਰਗਤੀਸ਼ੀਲ ਢੰਗ ਨਾਲ ਅਗਲੇ ਸਮੈਸਟਰ ਵਿੱਚ ਪ੍ਰਮੋਟ ਕੀਤਾ ਜਾਵੇ।
ਊਨ੍ਹਾਂ ਕਿਹਾ ਕਿ ਆਖ਼ਰੀ ਸਮੈਸਟਰ ਦੇ ਇਮਤਿਹਾਨ ਲੈਣੇ ਸੰਭਵ ਨਹੀਂ ਹਨ ਪਰ ਵਿਦਿਆਰਥੀਆਂ ਨੂੰ ਨੌਕਰੀਆਂ ਅਤੇ ਭਵਿੱਖੀ ਅਕਾਦਮਿਕ ਕਾਰਜਾਂ ਲਈ ਡਿਗਰੀਆਂ ਦੇਣੀਆਂ ਜ਼ਰੂਰੀ ਹਨ। ਇਸ ਕਰਕੇ ਯੂਨੀਵਰਸਿਟੀਆਂ ਨੂੰ ਆਖ਼ਰੀ ਸਮੈਸਟਰ/ਵਰ੍ਹੇ ਦੇ ਇਮਤਿਹਾਨ ਰੱਦ ਕਰਕੇ ਮੁਲਾਂਕਣ ਦਾ ਕੋਈ ਫਾਰਮੂਲਾ ਕੱਢ ਕੇ ਡਿਗਰੀਆਂ ਦੇਣ ਲਈ ਅਾਖਿਆ ਗਿਆ ਹੈ।