ਦੂਜੇ ਗੇੜ ’ਚ 95 ਸੀਟਾਂ ਲਈ ਵੋਟਾਂ ਅੱਜ

ਲੋਕ ਸਭਾ ਚੋਣਾਂ

ਗਿਆਰਾਂ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵੋਟਾਂ ਪੈਣਗੀਆਂ

ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਭਲਕੇ ਗਿਆਰਾਂ ਰਾਜਾਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ (ਪੁੱਡੂਚੇਰੀ) ਦੀਆਂ 95 ਸੀਟਾਂ ਲਈ ਵੋਟਾਂ ਪੈਣਗੀਆਂ। ਦੂਜੇ ਗੇੜ ਦੀਆਂ ਚੋਣਾਂ ਕੇਂਦਰੀ ਮੰਤਰੀ ਜੀਤੇਂਦਰ ਸਿੰਘ, ਜੁਆਲ ਰਾਮ, ਸਦਾਨੰਦ ਗੌੜਾ ਤੇ ਪੌਨ ਰਾਧਾਕ੍ਰਿਸ਼ਨਨ, ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਤੇ ਡੀਐਮਕੇ ਦੇ ਦਯਾਨਿਧੀ ਮਾਰਨ, ਏ. ਰਾਜਾ ਤੇ ਕੰਨੀਮੋੜੀ ਦਾ ਭਵਿੱਖ ਤੈਅ ਕਰਨਗੀਆਂ। ਇਸ ਤੋਂ ਇਲਾਵਾ ਇਹ ਚੋਣਾਂ 1,600 ਹੋਰ ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਵੀ ਕਰਨਗੀਆਂ। ਤਾਮਿਲ ਨਾਡੂ ਦੀਆਂ 39 ਲੋਕ ਸਭਾ ਸੀਟਾਂ ਵਿਚੋਂ 38 ਤੋਂ ਇਲਾਵਾ ਰਾਜ ਦੇ 18 ਵਿਧਾਨ ਸਭਾ ਹਲਕਿਆਂ ਲਈ ਵੀ ਵੋਟਾਂ ਪੈਣਗੀਆਂ। ਵੈਲੂਰ ਲੋਕ ਸਭਾ ਸੀਟ ਦੀ ਚੋਣ ਕਰੋੜਾਂ ਰੁਪਏ ਨਗ਼ਦੀ ਬਰਾਮਦ ਹੋਣ ਤੋਂ ਬਾਅਦ ਮੰਗਲਵਾਰ ਨੂੰ ਰੱਦ ਕਰ ਦਿੱਤੀ ਗਈ ਹੈ। ਕਮਿਸ਼ਨ ਨੇ ਤ੍ਰਿਪੁਰਾ (ਪੂਰਬੀ) ਦੀ ਚੋਣ ਵੀ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਇੱਥੇ ਹੁਣ 23 ਅਪਰੈਲ ਨੂੰ ਤੀਜੇ ਗੇੜ ਵਿਚ ਵੋਟਾਂ ਪੈਣਗੀਆਂ। ਇਸ ਇਲਾਕੇ ਵਿਚ ਕਾਨੂੰਨ-ਵਿਵਸਥਾ ਦੀ ਹਾਲਤ ਵਿਗੜੀ ਹੋਈ ਹੈ। ਤਾਮਿਲ ਨਾਡੂ ਤੋਂ ਇਲਾਵਾ ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 10 ਤੇ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ, ਅਸਾਮ, ਬਿਹਾਰ ਤੇ ਉੜੀਸਾ ਦੀਆਂ ਪੰਜ-ਪੰਜ, ਛੱਤੀਸਗੜ੍ਹ ਤੇ ਪੱਛਮੀ ਬੰਗਾਲ ਦੀਆਂ ਤਿੰਨ-ਤਿੰਨ, ਜੰਮੂ ਕਸ਼ਮੀਰ ਦੀਆਂ ਦੋ ਤੇ ਮਣੀਪੁਰ ਵਿਚ ਇਕ ਸੀਟ ਲਈ ਵੋਟਾਂ ਪੈਣਗੀਆਂ। ਉੜੀਸਾ ਦੀਆਂ 35 ਵਿਧਾਨ ਸਭਾ ਸੀਟਾਂ ਲਈ ਵੀ ਚੋਣ ਅਮਲ ਭਲਕੇ ਮੁਕੰਮਲ ਹੋਵੇਗਾ। ਦੂਜੇ ਗੇੜ ਦੀ ਚੋਣ ਪ੍ਰਕਿਰਿਆ ਵਿਚ ਕਰੀਬ 15.8 ਕਰੋੜ ਵੋਟਰ ਹਿੱਸਾ ਲੈਣਗੇ। ਜਿਹੜੇ ਹੋਰ ਵੱਡੇ ਆਗੂ ਦੂਜੇ ਗੇੜ ਦੀਆਂ ਚੋਣਾਂ ਲੜਨਗੇ, ਉਨ੍ਹਾਂ ਵਿਚ ਕਾਂਗਰਸੀ ਆਗੂ ਵੀਰੱਪਾ ਮੋਇਲੀ ਤੇ ਰਾਜ ਬੱਬਰ, ਨੈਸ਼ਨਲ ਕਾਨਫ਼ਰੰਸ ਆਗੂ ਫਾਰੂਕ ਅਬਦੁੱਲਾ ਤੇ ਭਾਜਪਾ ਦੀ ਹੇਮਾ ਮਾਲਿਨੀ ਸ਼ਾਮਲ ਹੈ। ਤਾਮਿਲ ਨਾਡੂ ਵਿਚ ਏਆਈਏਡੀਐਮਕੇ ਐਨਡੀਏ ਵੱਲੋਂ ਚੋਣ ਲੜ ਰਹੀ ਹੈ। ਉੜੀਸਾ ਵਿਚ ਮੁੱਖ ਮੰਤਰੀ ਨਵੀਨ ਪਟਨਾਇਕ ਗੰਜਮ ਜ਼ਿਲ੍ਹੇ ਦੇ ਹਿੰਜਿਲੀ ਤੋਂ ਮੈਦਾਨ ਵਿਚ ਹਨ।

Previous articleਚਾਰ ਸੂਬਿਆਂ ’ਚ ਮੀਂਹ ਤੇ ਅਸਮਾਨੀ ਬਿਜਲੀ ਦਾ ਕਹਿਰ, 50 ਮੌਤਾਂ
Next articleਰਾਹੁਲ ਮੈਨੂੰ ਚੋਰ ਆਖ ਕੇ ਸਾਰੇ ਭਾਈਚਾਰੇ ਦੇ ਅਕਸ ਨੂੰ ਢਾਹ ਲਾ ਰਿਹੈ: ਮੋਦੀ