ਟੋਕੀਓ : ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਕੁਆਲੀਫਾਇਰ ਏਲੇਕਸੀ ਪਾਪੀਰਿਨ ਨੂੰ 6-4, 6-2 ਨਾਲ ਹਰਾ ਕੇ ਟੋਕੀਓ ਓਪਨ ਟੈਨਿਸ ਚੈਂਪਰੀਅਨਸ਼ਿਪ ਦੇ ਦੂਜੇ ਗੇੜ ਵਿਚ ਥਾਂ ਬਣਾਈ। ਯੂਐੱਸ ਓਪਨ ਦੇ ਚੌਥੇ ਗੇੜ ਵਿਚ ਸਟੇਨ ਵਾਵਰਿੰਕਾ ਖ਼ਿਲਾਫ਼ ਜ਼ਖ਼ਮੀ ਹੋ ਕੇ ਬਾਹਰ ਹੋਣ ਤੋਂ ਬਾਅਦ ਜੋਕੋਵਿਕ ਪਹਿਲੀ ਵਾਰ ਸਿੰਗਲਜ਼ ਮੁਕਾਬਲਾ ਖੇਡਣ ਉਤਰੇ। ਉਨ੍ਹਾਂ ਨੇ ਸੱਤ ਏਸ ਤੇ ਪਹਿਲੀ ਸਰਵਿਸ ‘ਤੇ 84 ਫ਼ੀਸਦੀ ਅੰਕ ਹਾਸਲ ਕਰ ਕੇ ਸਾਬਤ ਕੀਤਾ ਕਿ ਉਹ ਹੁਣ ਲਗਭਗ ਪੂਰੀ ਤਰ੍ਹਾਂ ਫਿੱਟ ਹਨ। ਜੋਕੋਵਿਕ ਨੰਬਰ ਇਕ ਖਿਡਾਰੀ ਵਜੋਂ 271ਵੇਂ ਹਫ਼ਤੇ ਵਿਚ ਪ੍ਰਵੇਸ਼ ਕਰ ਚੁੱਕੇ ਹਨ ਤੇ ਸਭ ਤੋਂ ਜ਼ਿਆਦਾ ਹਫ਼ਤੇ ਤਕ ਨੰਬਰ ਇਕ ‘ਤੇ ਰਹਿਣ ਦੇ ਮਾਮਲੇ ਵਿਚ ਉਹ ਇਵਾਨ ਲੇਂਡਲ (270) ਨੂੰ ਪਛਾੜ ਕੇ ਤੀਜੇ ਸਥਾਨ ‘ਤੇ ਪੁੱਜ ਗਏ ਹਨ। ਦੂਜੇ ਗੇੜ ਵਿਚ ਜੋਕੋਵਿਕ ਦਾ ਸਾਹਮਣਾ ਸਥਾਨਕ ਖਿਡਾਰੀ ਗੋ ਸੋਈਡਾ ਨਾਲ ਹੋਵੇਗਾ।