(ਸਮਾਜ ਵੀਕਲੀ)
” ਵਧਾਈਆਂ ਹੋਣ ਬਹੁਤ ਬਹੁਤ ਪੁੱਤ ਤੈਨੂੰ ” ਮਾਸੀ ਨੇ ਜਸਵੀਰ ਦੇ ਮੋਢੇ ਤੇ ਹੱਥ ਫੇਰਦਿਆਂ ਬੋਲਿਆ।
” ਮਾਸੀ ਰੱਬ ਸਭ ਨੂੰ ਵਧਾਵੇ, ਇਹ ਸਭ ਤੁਹਾਡੇ ਸਾਥ ਨਾਲ ਹੀ ਹੋਇਆ”
( ਅੱਜ ਜਸਵੀਰ ਦੀ ਭੈਣ ਜੀਤੋ ਦਾ ਵਿਆਹ ਹੋ ਗਿਆ ਤੇ ਜਸਵੀਰ ਨੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਿਆ ਹੋਇਆ ਸੀ। ਹਰ ਕੋਈ ਉਸ ਦੇ ਕੀਤੇ ਇਸ ਕੰਮ ਦੀ ਸ਼ਲਾਘਾ ਕਰ ਰਿਹਾ ਸੀ )
” ਨਹੀਂ ਪੁੱਤ, ਮੇਰੀ ਭੈਣ ਤੇ ਭਣੋਈਆ ਜਿਉਂਦੇ ਹੁੰਦੇ ਤਾਂ ਤੇਰੇ ਸਿਰ ਇੰਨਾ ਬੋਝ ਨੀ ਪੈਣਾ ਸੀ, ਤੁਸੀਂ ਭੈਣ- ਭਰਾ ਛੋਟੇ-ਛੋਟੇ ਸੀ ਤਦ ਉਹ ਐਕਸੀਡੈਂਟ ਕਾਰਨ ਜ਼ਿੰਦਗੀ ਦੀ ਲੜਾਈ ਲੜਦਿਆਂ ਤੁਹਾਨੂੰ ਇਕੱਲਿਆਂ ਨੂੰ ਛੱਡ ਮੋਤ ਦੇ ਰਾਹ ਤੁਰ ਗਏ ਸਨ। ” ਮਾਸੀ ਨੇ ਭਾਵੁਕ ਹੁੰਦਿਆਂ ਜਸਵੀਰ ਨੂੰ ਦੱਸਿਆ।
” ਹਾਂ ਮਾਸੀ, ਉਦੋਂ ਮੈਂ ਪੰਦਰਾਂ ਸਾਲਾਂ ਤੇ ਜੀਤੋ ਗਿਆਰਾਂ ਸਾਲਾਂ ਦੀ ਸੀ, ਜਿਉਂਦੀ ਰਹੇ ਮੇਰੀ ਭੂਆ ਜਿਸ ਨੇ ਸਾਡਾ ਪਾਲਣ-ਪੋਸ਼ਣ ਕੀਤਾ”
” ਮਾਸੀ ਤੁਸੀਂ ਰਹੋ ਦੋ ਚਾਰ ਦਿਨ ਹੋਰ, ਹੁਣ ਤਾਂ ਵਿਆਹ ਦੇ ਕੰਮਾਂ ਕਾਰਾਂ ਤੋਂ ਵਿਹਲੇ ਹੋਏ ਹਾਂ ” ਜਸਵੀਰ ਦੀ ਘਰਵਾਲੀ ਪੰਮੀ ਦੇ ਬੈਗ ਚ ਸੂਟ ਤੇ ਮਿਠਾਈਆਂ ਪਾਉਂਦਿਆਂ ਕਿਹਾ।
” ਨਹੀਂ ਪੰਮੀ ਪੁੱਤ ਫਿਰ ਆਵਾਂਗੇ” ਮਾਸੀ ਨੇ ਬੈਗ ਨੂੰ ਹੱਥ ਪਾਉਂਦਿਆਂ ਕਿਹਾ।
ਜਸਵੀਰ ਤੇ ਜੀਤੋ ਆਪਣੇ ਆਪਣੇ ਘਰ ਖੁਸ਼ ਸਨ। ਉਹਨਾਂ ਦੇ ਵਿਆਹ ਨੂੰ ਵੀ ਕਈ ਸਾਲ ਬੀਤ ਗਏ ਸਨ । ਪਰ ਪ੍ਰਮਾਤਮਾ ਨੇ ਹਾਲੇ ਤੱਕ ਔਲਾਦ ਦੇ ਸੁੱਖ ਤੋਂ ਬਾਝੇਂ ਹੀ ਰੱਖਿਆ ਸੀ।
ਜਸਵੀਰ ਸ਼ਹਿਰ ਸਰਕਾਰੀ ਦਫ਼ਤਰ ‘ਚ ਬਾਬੂ ਲੱਗਿਆ ਹੋਇਆ ਹੈ , ਹਰ ਕੰਮ ਨੂੰ ਸਮੇਂ ਸਿਰ ਕਰਨਾ ਉਸ ਦੇ ਗੁਣਾਂ ਵਿੱਚੋਂ ਇੱਕ ਗੁਣ ਹੈ। ਪਰ ਡਾਕਟਰਾਂ ਤੋਂ ਦਵਾਈਆਂ ਲੈ ਲੈ ਵੀ ਉਹ ਥੱਕ ਗਿਆ, ਹੁਣ ਉਸ ਦਾ ਸੁਭਾਅ ਚਿੜਚਿੜਾ ਹੋ ਗਿਆ, ਦਫ਼ਤਰ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੇ ਘਰ ਵਿੱਚ ਵੀ ਪੰਮੀ ਨਾਲ ਵੀ ਲੜਦਾ ਰਹਿੰਦਾ। ਇੱਕ ਦਿਨ ਉਸ ਦਾ ਬਚਪਨ ਦਾ ਮਿੱਤਰ ਘਰ ਆਇਆ। ਉਸ ਨੂੰ ਜਸਵੀਰ ਦੇ ਆਪਣੀ ਪਤਨੀ ਨਾਲ ਕਰਦੇ ਮਾੜੇ ਵਿਵਹਾਰ ਬਾਰੇ ਪਤਾ ਲੱਗਿਆ।
” ਕੀ ਗੱਲ ਹੋ ਗਈ ਜਸਵੀਰ ਮੂੜ ਕਿਵੇਂ ਅਪਸੈੱਟ ਕਰੀਂ ਬੈਠਾਂ” ਦਫ਼ਤਰੀ ਫਾਈਲਾਂ ਫਰੋਲਦੇ ਜਸਵੀਰ ਨੂੰ ਭਜਨੇ ਨੇ ਕਿਹਾ।
” ਕੁੱਝ ਨੀ ਸਾਡੇ ਦਫ਼ਤਰ ਆਡਿਟ ਦਾ ਕੰਮ ਚੱਲ ਰਿਹਾ, ਰਜਿਸਟਰ ਪੂਰੇ ਕਰਨੇ ਨੇ ਵੀਰ” ਜਸਵੀਰ ਨੇ ਭਜਨੇ ਨਾਲ ਹੱਥ ਮਿਲਾ, ਬੈਠਣ ਲਈ ਕਿਹਾ।
” ਤੇਰੇ ਕੋਲ ਸਭ ਕੁੱਝ ਹੈ, ਹੁਣ ਆਹ ਬੱਚੇ ਵਾਲਾ ਕੰਮ ਨਿਬੇੜ ਲੈ” ਭਜਨੇ ਨੇ ਗੱਲ ਬਾਤ ਅੱਗੇ ਤੋਰਨ ਲਈ ਕਿਹਾ।
” ਭਜਨਿਆ ਤੈਨੂੰ ਤਾਂ ਪਤਾ, ਅਸੀਂ ਤਾਂ ਹਰ ਡਾਕਟਰ, ਹਰ ਬਾਬੇ, ਹਰ ਡੇਰੇ ਤੇ ਪਤਾ ਨਹੀਂ ਕਿੱਥੇ ਕਿੱਥੇ ਨੱਕ ਰਗੜੇ ਨੇ, ਮੱਥੇ ਟੇਕੇ ਨੇ ਬੱਸ ਉਸ ਰੱਬ ਨੂੰ ਮਨਜ਼ੂਰ ਨਹੀਂ” ਜਸਵੀਰ ਨੇ ਰਜਿਸਟਰ ਬੰਦ ਕਰ ਮੇਜ਼ ਖਾਲੀ ਕਰਦੇ ਪੰਮੀ ਦੇ ਹੱਥੋਂ ਪਾਣੀ ਫੜਦਿਆਂ ਭਜਨੇ ਨੂੰ ਕਿਹਾ।
” ਜੀਤੋ ਭੈਣ ਕਿਵੇਂ ਹੈ ”
” ਠੀਕ ਹੈ, ਉਹ ਵੀ ਮੇਰੇ ਵਾਂਗ ਔਲਾਦ ਨੂੰ ਤਰਸਦੀ ਹੈ, ਹੋਰ ਤਾਂ ਕੋਈ ਕਮੀ ਨਹੀਂ” ਜਸਵੀਰ ਹੌਂਕਾ ਜਿਹਾ ਲੈਂਦਿਆਂ ਬੋਲਿਆ।
” ਰੱਬ ਘਰ ਦੇਰ ਹੈ ਹਨੇਰ ਨਹੀਂ, ਸਬਰ ਰੱਖ” ਭਜਨੇ ਨੇ ਹਮਦਰਦੀ ਪ੍ਰਗਟ ਕੀਤੀ।
” ਕਦੇ ਮਨ ਕਰਦਾ ਦੂਜਾ ਵਿਆਹ ਹੀ ਕਰਾਂ ਲਵਾਂ” ਜਸਵੀਰ ਨੇ ਕਹਿ ਪਾਣੀ ਦੇ ਗਿਲਾਸ ਚ ਪਾਣੀ ਦੀ ਘੁੱਟ ਭਰੀ।
” ਨਾ ਵੀਰ ਨਾ , ਵੇਖੀਂ ਕਿਤੇ ਇਹ ਕੰਮ ਕਰ ਨਾ ਲਵੀਂ, ਅੱਜ ਤੂੰ ਕਰਦਾਂ ਕੱਲ ਨੂੰ ਆਪਣੀ ਜੀਤੋ ਦੇ ਘਰਵਾਲ਼ੇ ਨੇ ਕਰ ਲਿਆ ਫੇਰ” ਭਜਨੇ ਦੇ ਮੂੰਹੋਂ ਇਹ ਬੋਲ ਨਿਕਲ ਗਏ।
” ਓ ਨਹੀਂ ਭਜਨਿਆ ਮੈਂ ਤਾਂ ਮਜ਼ਾਕ ਕਰਦਾ ਸੀ” ਚਾਹ ਨਾਲ ਬਿਸਕੁੱਟ ਫੜਾਉਂਦਿਆਂ ਬੋਲਿਆ।
” ਇੰਝ ਨੀ ਬੋਲੀਦਾ ਵੀਰ ਕਦੇ, ਰੱਬ ਸਭ ਦੀ ਸੁਣਦੈ ਤੇਰੀ ਤੇ ਜੀਤੋ ਭੈਣ ਦੇ ਦੁੱਖ ਦੂਰ ਕਰੇਗਾ, ਚੰਗਾ ਫਿਰ ਚੱਲਦਾ ਮੈਂ।
ਲਗਭਗ ਰਾਤ ਇੱਕ ਦੋ ਵਜੇ ਟਿਕੀ ਜਿਹੀ ਰਾਤ ਨੂੰ ਦਰਵਾਜ਼ਾ ਖੱੜਕਦਾ ਜਸਵੀਰ ਉਠ ਕੇ ਦਰਵਾਜ਼ਾ ਖੋਲ ਕੇ ਵੇਖਦਾ ਹੈ ਕਿ ਸਾਹਮਣੇ ਉਸ ਦੀ ਭੈਣ ਜੀਤੋ ਖੜੀ ਹੈ, ਉਹ ਘਬਰਾ ਜਾਂਦਾ ਹੈ ਜੀਤੋ ਉਸ ਦੇ ਗੱਲ ਲੱਗ ਰੋਣ ਲੱਗ ਉੱਚੀ ਉੱਚੀ ਰੋਣ ਲੱਗਦੀ ਹੈ ।
ਕੀ ਹੋਇਆ ਜੀਤੋ ?
ਐਨੀ ਰਾਤ ਨੂੰ… ਉਹ ਵੀ ਇਕੱਲੀ ?
ਭਾਅ ਜੀ ਕਿੱਥੇ ਹੈ?
ਜਸਵੀਰ ਨੇ ਜੀਤੋ ਨੂੰ ਹੈਰਾਨ ਪ੍ਰੇਸ਼ਾਨ ਹੁੰਦਿਆਂ ਇੱਕੋ ਸਾਹ ਇਹ ਸਭ ਸਵਾਲ ਪੁੱਛੇ ।
” ਵੀਰੇ ਪੁੱਛ ਨਾ, ਤੇਰੇ ਭਾਅ ਜੀ ਕਹਿੰਦੇ ਤੂੰ ਬਾਂਝ ਔਰਤ ਹੈਂ ਤੂੰ ਮੇਰੇ ਵੰਸ਼ ਨੂੰ ਅੱਗੇ ਤੋਰਨ ਲਈ ਅਸਮਰੱਥ ਹੈਂ, ਇਸ ਲਈ ਉਸਨੇ ਮੈਨੂੰ ਬਿਨਾ ਦੱਸੇ ਦੂਜਾ ਵਿਆਹ ਕਰਵਾ ਲਿਆ ਬੱਸ ਵੀਰ ਇਹ ਮੇਰੇ ਤੋਂ ਜਰ ਨੀ ਹੋਇਆ ਤੇ ਮੈਂ ਘਰ ਛੱਡ ਆਈ “।
ਇਹ ਗੱਲ ਸੁਣ ਕੇ ਜਸਵੀਰ ਦੀ ਇਕਦੱਮ ਅੱਖ ਖੁੱਲ ਗਈ ਤੇ ਨੀਂਦ ਚ ਬੁੜਬੜਾਉਦਾ ਹੋਇਆ ਉਠਿਆ।
ਤੇ ਪੰਮੀ ਨੂੰ ਕਹਿਣ ਲੱਗਿਆ ” ਉੱਠ ਪੰਮੀਏ ਉੱਠ”
ਪੰਮੀ ਨੇ ਘਬਰਾਉਂਦੀ ਹੋਈ ਨੇ ਪੁੱਛਿਆ ” ਜੀ ਕੀ ਹੋਇਆ ” ।
ਜਸਵੀਰ ਨੇ ਸਾਰਾ ਸੁਪਨਾ ਦੱਸਿਆ ਤੇ ਆਖਿਆ ਚੱਲ ਸਵੇਰੇ ਭੈਣ ਜੀਤੋ ਕੋਲ ਚੱਲ ਕੇ ਆਈਏ।
” ਕੋਈ ਨੀ ਤੁਸੀਂ ਹੋ ਜਾਵੇ, ਸਵੇਰੇ ਚੱਲ ਆਵਾਂਗੇ” ।
“ਰੱਬਾ ਸ਼ੁਕਰ ਹੈ ਤੇਰਾ ਜੋ ਇਹ ਸੁਪਨਾ ਹੀ ਸੀ ” ਜਸਵੀਰ ਨੇ ਪਾਣੀ ਦਾ ਗਿਲਾਸ ਪੀਂਦਿਆਂ ਲੰਮਾ ਸਾਹ ਲਿਆ।
(ਸਵੇਰ ਹੁੰਦਿਆਂ ਹੀ ਜਸਵੀਰ ਤੇ ਪੰਮੀ ਜਿਤੋ ਘਰ ਚੱਲੇ ਗਏ )
” ਅੱਜ ਕਿਵੇਂ ਵੀਰੇ ਬਿਨਾਂ ਦੱਸੇ ਹੀ ਸਾਝਰੇ ਹੀ” ਭਰਾ , ਭਰਜਾਈ ਨੂੰ ਅਚਾਨਕ ਘਰ ਆਇਆ ਵੇਖ ਕੇ ਜੀਤੋ ਹੈਰਾਨ ਪ੍ਰਸਾਨ ਜੀ ਹੋ ਗਈ।
” ਕੁੱਝ ਨੀ ਜੀਤੋ ਮਨ ਕੀਤਾ ਤਾਂ ਆ ਗਏ”। ਜਸਵੀਰ ਨੇ ਜੀਤੋ ਦਾ ਸਿਰ ਪਲੋਸਦਿਆਂ ਕਿਹਾ।
” ਹੁਣ ਏਥੇ ਹੀ ਸਭ ਕੁੱਝ ਪੁੱਛਣਾ ਅੰਦਰ ਤਾਂ ਆ ਲੈਣ ਦੇ” ਜੀਤੋ ਦੇ ਘਰਵਾਲ਼ੇ ਨੇ ਜੀਤੋ ਨੂੰ ਕਿਹਾ।
” ਸਤਿ ਸ੍ਰੀ ਆਕਾਲ ਵੀਰ ਜੀ” ਪੰਮੀ ਨੇ ਜੀਤੋ ਦੇ ਘਰਵਾਲ਼ੇ ਨੂੰ ਕਿਹਾ।
( ਸਾਰੇ ਅੰਦਰ ਆ ਸੋਫਿਆਂ ਤੇ ਬੈਠ ਗਏ )
” ਜਸਵੀਰ ਪਿੰਡ ਤਾਂ ਖ਼ੈਰ ਸੁੱਖ ਹੈ ਨਾ, ਲੱਗਦਾ ਰਾਤ ਸੁੱਤਾ ਨੀ, ਠੀਕ ਜਾਂ ਨੀ ਲੱਗਦਾ” ਜੀਤੋ ਦੇ ਘਰਵਾਲ਼ੇ ਨੇ ਜਸਵੀਰ ਨੂੰ ਉਦਾਸ ਜਿਹਾ ਵੇਖ ਸਵਾਲ ਕੀਤਾ।
ਹਾਲੇ ਜਸਵੀਰ ਬੋਲਣ ਲਈ ਕੁੱਝ ਸੋਚ ਹੀ ਰਿਹਾ ਸੀ ਕਿ ਪੰਮੀ ਕਹਿੰਦੀ ” ਕੁੱਝ ਨੀ ਵੀਰ ਜੀ, ਜੀਤੋ ਤੇ ਇਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਹੈ, ਹਰ ਸਮੇਂ ਜੀਤੋ ਦੀ ਹੀ ਫ਼ਿਕਰ ਕਰਦੇ ਰਹਿੰਦੇ ਨੇ, ਬੱਸ ਰਾਤ ਵੀ ਇੱਕ ਮਾੜਾ ਸੁਪਨਾ ਵੇਖ ਲਿਆ ” ।
” ਕੀ ਵੇਖ ਲਿਆ ਵੀਰ ” ਚਾਹ ਮੇਜ਼ ਤੇ ਰੱਖਦਿਆਂ ਜੀਤੋ ਨੇ ਕਿਹਾ।
” ਵੇਖਿਆ ਕਿ ਭਾਅ ਜੀ ਨੇ ਤੈਨੂੰ ਬਿਨਾਂ ਦੱਸਿਆਂ ਦੂਜਾ ਵਿਆਹ ਕਰ ਲਿਆ ਤਾਂ ਜ਼ੋ ਵੰਸ਼ ਅੱਗੇ ਵਧ ਸਕੇ ” ਪੰਮੀ ਨੇ ਮਨ ਆਈ ਕਹਿ ਹੀ ਦਿੱਤੀ।
(ਜੀਤੋ ਦਾ ਘਰ ਵਾਲਾ ਹੱਸਣ ਲੱਗਾ )
“ਰੱਬ ਦੇ ਘਰ ਦੇਰ ਐ ਹਨੇਰੇ ਨਹੀਂ ਹੈ ” ਤੁਸੀਂ ਉਸ ਤੇ ਵਿਸ਼ਵਾਸ ਰੱਖੋ ਰੱਬ ਜ਼ਰੂਰ ਸੁਣੂਗਾ, ਦੂਜਾ ਵਿਆਹ ਇਸ ਦਾ ਕੋਈ ਹੱਲ ਨੀਂ, ਨਾਲੇ ਔਰਤ ਦਾ ਇਸ ਵਿਚ ਕੀ ਕਸੂਰ ਹੈ ਬੰਦਾ ਵੀ ਬਰਾਬਰ ਦਾ ਕਸੂਰਵਾਰ ਹੋ ਸਕਦਾ ਹੈ । ਨਾਲੇ ਮੈਂ ਤਾਂ ਆਪ ਦੂਜੇ ਵਿਆਹ ਦੇ ਖਿਲਾਫ ਹਾਂ ਜੇ ਰੱਬ ਨੇ ਸੁੱਖ ਦੇਣਾ ਹੋਇਆ ਤਾਂ ਪਹਿਲੇ ਚ ਹੀ ਦੇ ਦਵੇਗਾ,
ਅੱਜ ਕੱਲ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ, ਜੇ ਨਾ ਵੀ ਕੋਈ ਹੱਲ ਹੋਇਆ ਤਾਂ ਅਸੀਂ ਕਿਸੇ ਅਨਾਥ ਆਸ਼ਰਮ ਵਿੱਚੋਂ ਕਿਸੇ ਧੀ ਨੂੰ ਗੋਦ ਲੈ ਲਵਾਂਗੇ, ਕਿਸੇ ਬੱਚੇ ਨੂੰ ਮਾਂ ਬਾਪ ਮਿਲ ਜਾਣਗੇ ਤੇ ਸਾਨੂੰ ਸਾਡਾ ਬੱਚਾ । ਜੀਤੋ ਦੇ ਘਰਵਾਲ਼ੇ ਨੇ ਜਸਵੀਰ ਨੂੰ ਸਮਝਾਉਂਦਿਆਂ ਕਿਹਾ।
ਜਸਵੀਰ ਨੂੰ ਜੀਤੋ ਦੇ ਘਰਵਾਲ਼ੇ ਦੀਆਂ ਗੱਲਾਂ ਸੁਣ ਕੇ ਮਨ ਨੂੰ ਤਸੱਲੀ ਹੋਈ ਤੇ ਕਿਹਾ ” ਮੈਂ ਜਾਣਦਾ ਹਾਂ ਕਿ ਤੁਸੀਂ ਜੀਤੋ ਦਾ ਬਹੁਤ ਖਿਆਲ ਰੱਖਦੇ ਹੋ” ।
” ਵੀਰੇ ਤੂੰ ਮੇਰਾ ਬਹੁਤਾ ਫ਼ਿਕਰ ਨਾ ਕਰਿਆ ਕਰ, ਤੂੰ ਖੁਸ਼ ਰਿਹਾ ਕਰ” ਜੀਤੋ ਨੇ ਆਪਣੀ ਅੱਖ ਦੇ ਹੰਝੂ ਸਾਫ ਕਰਦਿਆਂ ਕਿਹਾ।
( ਜਸਵੀਰ ਤੇ ਪੰਮੀ ਘਰ ਵਾਪਸ ਆ ਗਏ )
ਕੁਝ ਸਮਾਂ ਬੀਤਣ ਉਪਰੰਤ ਪਹਿਲਾਂ ਜਸਵੀਰ ਤੇ ਉਸ ਦੀ ਭੈਣ ਜੀਤੋ ਦੀ ਰੱਬ ਨੇ ਸੁਣ ਲਈ ਤੇ ਦੋਵਾਂ ਘਰਾਂ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ । ਦੋਵੇਂ ਭੈਣ ਭਰਾ ਖੁਸ਼ੀ ਖੁਸ਼ੀ ਜਿੰਦਗੀ ਬਤੀਤ ਕਰਨ ਲੱਗ ਪਾਏ ।
( ਜਸਵੀਰ ਨੂੰ ਅੱਜ ਵੀ ਦੂਜੇ ਵਿਆਹ ਵਾਲੀ ਗੱਲ ਮੁਰਖਤਾ ਜਾਪਦੀ ਸੀ) ।
ਅਸਿ. ਪ੍ਰੋ. ਗੁਰਮੀਤ ਸਿੰਘ
94175-45100