ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦੀ ਤੂਫ਼ਾਨੀ ਗੇਂਦਬਾਜ਼ੀ ਦੇ ਦਮ ’ਤੇ ਭਾਰਤ ਨੇ ਅੱਜ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ 235 ਦੌੜਾਂ ’ਤੇ ਸਮੇਟ ਦਿੱਤਾ, ਪਰ ਦੂਜੀ ਪਾਰੀ ਵਿੱਚ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਦਾ ਗੋਡੇ ਟੇਕੂ ਪ੍ਰਦਰਸ਼ਨ ਜਾਰੀ ਰਿਹਾ।
ਪਹਿਲੀ ਪਾਰੀ ਦੇ ਆਧਾਰ ’ਤੇ ਭਾਰਤ ਨੇ ਸੱਤ ਦੌੜਾਂ ਦੀ ਲੀਡ ਹਾਸਲ ਕੀਤੀ, ਪਰ ਦੂਜੇ ਦਿਨ ਸਟੰਪ ਉਠਣ ਤੱਕ ਦੂਜੀ ਪਾਰੀ ਵਿੱਚ 90 ਦੌੜਾਂ ’ਤੇ ਛੇ ਵਿਕਟਾਂ ਗੁਆ ਲਈਆਂ। ਭਾਰਤ ਦੀ ਕੁੱਲ ਲੀਡ 97 ਦੌੜਾਂ ਦੀ ਹੈ। ਹਨੁਮਾ ਵਿਹਾਰੀ ਪੰਜ, ਜਦਕਿ ਰਿਸ਼ਭ ਪੰਤ ਇੱਕ ਦੌੜ ਬਣਾ ਕੇ ਖੇਡ ਰਿਹਾ ਸੀ। ਦੂਜੀ ਪਾਰੀ ਵਿੱਚ ਟ੍ਰੈਂਟ ਬੋਲਟ ਨੇ 13 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਭਾਰਤੀ ਬੱਲੇਬਾਜ਼ਾਂ ਨੂੰ ਲਗਾਤਾਰ ਮੁਸੀਬਤ ਵਿੱਚ ਪਾਈ ਰੱਖਿਆ। ਟਿਮ ਸਾਊਦੀ (20 ਦੌੜਾਂ ਦੇ ਕੇ ਇੱਕ ਵਿਕਟ), ਨੀਲ ਵੈਗਨਰ (18 ਦੌੜਾਂ ਦੇ ਕੇ ਇੱਕ ਵਿਕਟ) ਅਤੇ ਕੋਲਿਨ ਡੀ ਗਰੈਂਡਹੋਮ (ਤਿੰਨ ਦੌੜਾਂ ਦੇ ਕੇ ਇੱਕ ਵਿਕਟ) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ।
ਹੇਗਲੇ ਓਵਲ ਵਿੱਚ ਦੂਜੇ ਦਿਨ ਵੀ ਗੇਂਦਬਾਜ਼ਾਂ ਦਾ ਦਬਦਬਾ ਰਿਹਾ, ਜਿਸ ਵਿੱਚ 262 ਦੌੜਾਂ ’ਤੇ 16 ਵਿਕਟਾਂ ਡਿਗੀਆਂ। ਨਿਊਜ਼ੀਲੈਂਡ ਨੇ ਆਪਣੀਆਂ ਸਾਰੀਆਂ ਦਸ, ਜਦਕਿ ਭਾਰਤ ਨੇ ਛੇ ਵਿਕਟਾਂ ਗੁਆ ਲਈਆਂ।
ਇਸ ਤੋਂ ਪਹਿਲਾ ਸ਼ਮੀ (81 ਦੌੜਾਂ ਦੇ ਕੇ ਚਾਰ ਵਿਕਟਾਂ), ਬੁਮਰਾਹ (62 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਰਵਿੰਦਰ ਜਡੇਜਾ (22 ਦੌੜਾਂ ਦੇ ਕੇ ਦੋ ਵਿਕਟਾਂ) ਦੀ ਧਾਰਦਾਰ ਗੇਂਦਬਾਜ਼ੀ ਸਾਹਮਣੇ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 235 ਦੌੜਾਂ ’ਤੇ ਢੇਰ ਹੋ ਗਈ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਟੌਮ ਲੈਥਮ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ, ਜਦਕਿ ਕਾਈਲ ਜੈਮੀਸਨ ਨੇ 49 ਦੌੜਾਂ ਦੀ ਪਾਰੀ ਖੇਡੀ। ਦੂਜੀ ਪਾਰੀ ਵਿੱਚ ਵੀ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ। ਬੋਲਟ ਨੇ ਪਾਰੀ ਦੇ ਦੂਜੇ ਓਵਰ ਵਿੱਚ ਹੀ ਮਯੰਕ ਅਗਰਵਾਲ (ਤਿੰਨ ਦੌੜਾਂ) ਨੂੰ ਐੱਲਬੀਡਬਲਯੂ ਆਊਟ ਕਰ ਦਿੱਤਾ। ਪ੍ਰਿਥਵੀ ਸ਼ਾਅ ਵੀ 14 ਦੌੜਾਂ ਬਣਾਉਣ ਮਗਰੋਂ ਸਾਊਦੀ ਦੀ ਬਾਊਂਸਰ ’ਤੇ ਲੈਥਮ ਨੂੰ ਕੈਚ ਦੇ ਬੈਠਿਆ। ਕਪਤਾਨ ਵਿਰਾਟ ਕੋਹਲੀ (14 ਦੌੜਾਂ) ਦੀ ਅੱਜ ਵੀ ਲੈਅ ਗੁਆਚੀ ਹੋਈ ਸੀ। ਉਸ ਨੇ ਸਾਊਦੀ ਨੂੰ ਚੌਕਾ ਮਾਰ ਕੇ ਖਾਤਾ ਖੋਲ੍ਹਣ ਮਗਰੋਂ ਜੈਮੀਸਨ ਨੂੰ ਦੋ ਚੌਕੇ ਜੜੇ, ਪਰ ਗਰੈਂਡਹੋਮ ਦੀ ਸਿੱਧੀ ਗੇਂਦ ਨੂੰ ਪੂਰੀ ਤਰ੍ਹਾਂ ਖੁੰਝ ਕੇ ਐੱਲਬੀਡਬਲਯੂ ਆਊਟ ਹੋ ਗਿਆ। ਚੇਤੇਸ਼ਵਰ ਪੁਜਾਰਾ (24 ਦੌੜਾਂ) ਅਤੇ ਰਹਾਣੇ (ਨੌਂ ਦੌੜਾਂ) ਨੇ ਇਸ ਮਗਰੋਂ ਕੁੱਝ ਸਮਾਂ ਵਿਕਟਾਂ ਦੀ ਪਤਝੜ ਨੂੰ ਰੋਕਿਆ। ਰਹਾਣੇ ਨੂੰ ਇੱਕ ਵਾਰ ਜੀਵਨਦਾਨ ਵੀ ਮਿਲਿਆ। ਫਿਰ ਉਸ ਨੂੰ ਵੈਗਨਰ ਨੇ ਆਊਟ ਕੀਤਾ। ਪੁਜਾਰਾ ਵੀ ਬੋਲਟ ਦੀ ਤੇਜ਼ੀ ਨਾਲ ਅੰਦਰ ਆਉਂਦੀ ਗੇਂਦ ’ਤੇ ਆਊਟ ਹੋਇਆ। ਇਸ ਤੇਜ਼ ਗੇਂਦਬਾਜ਼ ਨੇ ਉਮੇਸ਼ ਯਾਦਵ (ਇੱਕ ਦੌੜ) ਨੂੰ ਵੀ ਬਾਹਰ ਦਾ ਰਾਹ ਵਿਖਾਇਆ।
ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਦਾ ਸਕੋਰ ਅੱਠ ਵਿਕਟਾਂ ’ਤੇ 177 ਦੌੜਾਂ ਕਰ ਦਿੱਤਾ ਸੀ ਅਤੇ ਟੀਮ ਪਹਿਲੀ ਪਾਰੀ ਵਿੱਚ ਠੋਸ ਲੀਡ ਲੈਣ ਦੇ ਨੇੜੇ ਸੀ, ਪਰ ਜੈਮੀਸਨ ਅਤੇ ਵੈਗਨਰ (21 ਦੌੜਾਂ) ਨੇ ਨੌਵੀਂ ਵਿਕਟ ਲਈ 51 ਦੌੜਾਂ ਜੋੜ ਕੇ ਮਹਿਮਾਨ ਟੀਮ ਦੇ ਇਰਾਦਿਆਂ ’ਤੇ ਪਾਣੀ ਫੇਰ ਦਿੱਤਾ। ਜਡੇਜਾ ਨੇ ਚਾਹ ਦੇ ਸੈਸ਼ਨ ਤੋਂ ਪਹਿਲਾਂ ਵੈਗਨਰ ਦਾ ਸ਼ਾਨਦਾਰ ਕੈਚ ਲੈਂਦਿਆਂ ਭਾਈਵਾਲੀ ਨੂੰ ਤੋੜਿਆ। ਪਹਿਲੇ ਸੈਸ਼ਨ ਵਾਂਗ ਦੂਜੇ ਸੈਸ਼ਨ ਵਿੱਚ ਵੀ ਭਾਰਤ ਨੇ ਪੰਜ ਵਿਕਟਾਂ ਲਈਆਂ। ਬੁਮਰਾਹ ਨੇ ਲੰਚ ਮਗਰੋਂ ਵੀਜੇ ਵਾਟਲਿੰਗ ਅਤੇ ਟਿਮ ਸਾਊਦੀ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ। ਜਡੇਜਾ ਨੇ ਫਿਰ ਗਰੈਂਡਹੋਮ (26 ਦੌੜਾਂ) ਦੀ ਵਿਕਟ ਝਟਕਾਈ।
Sports ਦੂਜਾ ਟੈਸਟ: ਗੇਂਦਬਾਜ਼ਾਂ ਦੀ ਮਿਹਨਤ ’ਤੇ ਬੱਲੇਬਾਜ਼ਾਂ ਨੇ ਪਾਣੀ ਫੇਰਿਆ