ਇੰਦੌਰ- ਪਹਿਲਾ ਮੈਚ ਮੀਂਹ ਦੀ ਭੇਂਟ ਚੜ੍ਹਨ ਮਗਰੋਂ ਸ਼ਿਖਰ ਧਵਨ ਨੂੰ ਸਲਾਮੀ ਬੱਲੇਬਾਜ਼ ਦੀ ਦੌੜ ਵਿੱਚ ਲੋਕੇਸ਼ ਰਾਹੁਲ ਨੂੰ ਪਛਾੜਣ ਲਈ ਇੱਕ ਮੈਚ ਘੱਟ ਮਿਲੇਗਾ। ਮੰਗਲਵਾਰ ਨੂੰ ਇੱਥੇ ਸ੍ਰੀਲੰਕਾ ਖ਼ਿਲਾਫ਼ ਹੋਣ ਵਾਲੇ ਭਾਰਤ ਦੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਉਹ ਲੈਅ ਵਿੱਚ ਚੱਲ ਰਹੇ ਆਪਣੇ ਇਸ ਸਾਥੀ ਤੋਂ ਬਿਹਤਰ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰੇਗਾ। ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਧਵਨ 34 ਸਾਲ ਦਾ ਹੋ ਗਿਆ ਹੈ, ਜਦਕਿ ਰਾਹੁਲ ਅਜੇ ਸਿਰਫ਼ 27 ਸਾਲ ਦਾ ਹੈ। ਇਸ ਤਰ੍ਹਾਂ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਦਿੱਲੀ ਦੇ ਧਵਨ ਕੋਲ ਜ਼ਿਆਦਾ ਸਮਾਂ ਨਹੀਂ ਹੈ। ਕਪਤਾਨ ਵਿਰਾਟ ਕੋਹਲੀ ਵੀ ਕਹਿ ਚੁੱਕਿਆ ਹੈ ਕਿ ਸ੍ਰੀਲੰਕਾ ਖ਼ਿਲਾਫ਼ ਲੜੀ ਤੋਂ ਆਰਾਮ ਮਿਲਣ ਮਗਰੋਂ ਰੋਹਿਤ ਸ਼ਰਮਾ ਜਦੋਂ ਪਾਰੀ ਦਾ ਆਗਾਜ਼ ਕਰਨ ਲਈ ਵਾਪਸੀ ਕਰੇਗਾ ਤਾਂ ਧਵਨ ਅਤੇ ਰਾਹੁਲ ਵਿਚੋਂ ਕਿਸੇ ਇੱਕ ਨੂੰ ਚੁਣਨਾ ਸੌਖਾ ਨਹੀਂ ਹੋਵੇਗਾ।