(ਸਮਾਜ ਵਕਿਲੀ)
ਦੁੱਖਾਂ ਦੀ ਕੋਈ ਮਾਂ ਜੇ ਹੁੰਦੀ,
ਰੋਂਦਿਆਂ ਨੂੰ ਵਰਾਉਂਦੀ।
ਹੰਝੂਆਂ ਦੀ ਕੋਈ ਭੈਣ ਜੇ ਹੁੰਦੀ,
ਆ ਕੇ ਗਲ਼ੇ ਲਗਾਉਂਦੀ।
ਦੁੱਖਾਂ ਦੀ ਕੋਈ….
ਮਾਂ ਦੀ ਗੋਦੀ ਬਹਿ ਜਾਂਦੀ ਜਾ,
ਹਰ ਇੱਕ ਫਿਰ ਤਕਲੀਫ਼।
ਕੋਈ ਵੀ ਰੋਸਾ ਰੁੱਸਦਾ ਨਾ,
ਨਾ ਮਰਦੀ ਕੋਈ ਰੀਝ।
ਦਿਲ ਜੇ ਟੁੱਟਦਾ ਦਿਲ ਦੇ,
ਟੁੱਕੜਿਆਂ ਨੂੰ ਮੁੜ ਸਜਾਉਂਦੀ।
ਦੁੱਖਾਂ ਦੀ ਕੋਈ…..
ਪਿਆਰ ਨਾਲ ਹੱਥ ਭੈਣ ਨੇ,
ਸਿਰ ਤੇ ਰੱਖਣਾ ਸੀ।
ਨੀਝ ਲਾ ਕੇ ਵੀਰਿਆਂ ਨੂੰ,
ਹੱਸ ਕੇ ਤੱਕਣਾ ਸੀ।
ਵਿਛੜਿਆਂ ਨੂੰ ਮਨਾਂ ਕੇ ਮੁੜ,
ਰੁੱਸੇ ਸੱਜਣਾਂ ਨੂੰ ਮਿਲਾਉਂਦੀ।
ਦੁੱਖਾਂ ਦੀ ਕੋਈ….
ਕੱਲੇਪਨ ਨੂੰ ਦੂਰ ਭਜਾ ਉਹ,
ਸੀਨੇ ਦੇ ਨਾਲ਼ ਲਾਉਂਦੀ।
ਮਾਂ ਦੀ ਆਖੀ ਮਿੱਠੀ ਬੋਲੀ,
ਸੱਭਨਾਂ ਦੇ ਮਨ ਨੂੰ ਭਾਉਂਦੀ।
ਲਿਆਉਂਦੀ ਹਰ ਹਾਸਾ ਲੱਭ,
ਤੇ ਬੱਚਿਆਂ ਦੀ ਝੋਲ਼ੀ ਪਾਉਂਦੀ।
ਦੁੱਖਾਂ ਦੀ ਕੋਈ….
ਦੁੱਖਾਂ ਦਾ ਤਾਂ ਨਾਂ ਬਦਲਦਾ,
ਕਹਾਉਂਦੇ ਮਾਂ ਦੇ ਬੀਬੇ ਰਾਣੇ।
ਹੰਝੂਆਂ ਨੂੰ ਵਹਿਣ ਨਾ ਦਿੱਤਾ,
ਭੈਣ ਨੇ ਬੋਚ ਲਏ ਸਾਰੇ।
ਬਿੱਖਰੇ ਹੋਏ ਮੋਤੀਆਂ ਨੂੰ ਮਾਂ,
ਮਾਲਾ ਵਿੱਚ ਮੜ੍ਹਾਉਂਦੀ ।
ਦੁੱਖਾਂ ਦੀ ਕੋਈ ਮਾਂ ਹੁੰਦੀ ਜੇ,
ਰੋਂਦਿਆਂ ਨੂੰ ਵਰਾਉਂਦੀ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly