ਦੁਬਈ ਵਿਚ ਮਰੇ ਨੌਜਵਾਨ ਦੀ ਦੇਹ ਅੰਮ੍ਰਿਤਸਰ ਲਿਆਂਦੀ

ਦੁਬਈ ਵਿਚ ਜਾਨ ਗਵਾਉਣ ਵਾਲੇ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਅੰਬ ਨੰਗਲ ਨਾਲ ਸਬੰਧਤ 46 ਸਾਲਾ ਨਿਰਮਲ ਸਿੰਘ ਪੁੱਤਰ ਸੋਹਨ ਸਿੰਘ ਦੀ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੀ। ਦੱਸਣਯੋਗ ਹੈ ਕਿ ਨਿਰਮਲ ਸਿੰਘ 22 ਸਾਲ ਪਹਿਲਾਂ ਦੁਬਈ ਗਿਆ ਸੀ। ਉਸ ਨੇ ਉੱਥੇ ਸਖ਼ਤ ਮਿਹਨਤ ਕਰਕੇ ਇੱਕ ਉਸਾਰੀ ਕੰਪਨੀ ਖੋਲ੍ਹੀ ਸੀ ਤੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਦੁਬਈ ਰਹਿ ਰਿਹਾ ਸੀ ਕਿ ਅਚਾਨਕ 2 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਜਦੋਂ ਭਾਰਤ ਰਹਿੰਦੇ ਉਸ ਦੇ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਸਰਬੱਤ ਦਾ ਭਲਾ ਟਰੱਸਟ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਇਕਾਈ ਨਾਲ ਸੰਪਰਕ ਕੀਤਾ। ਇਸ ਮਗਰੋਂ ਡਾ. ਓਬਰਾਏ ਤੱਕ ਪਹੁੰਚ ਕੀਤੀ ਗਈ ਤੇ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ’ਤੇ ਦੇਹ ਇੱਥੇ ਲਿਆਂਦੀ ਗਈ ਹੈ। ਇਸ ਦੌਰਾਨ ਦੁਬਈ ਤੋਂ ਦੇਹ ਲੈ ਕੇ ਆਈ ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਤੇ ਪੁੱਤਰ ਰਮਨਦੀਪ ਸਿੰਘ ਤੋਂ ਇਲਾਵਾ ਹਵਾਈ ਅੱਡੇ ’ਤੇ ਦੇਹ ਲੈਣ ਪੁੱਜੇ ਮ੍ਰਿਤਕ ਦੇ ਵੱਡੇ ਭਰਾ ਦਲਜੀਤ ਸਿੰਘ, ਭਤੀਜੇ ਨਵਦੀਪ ਸਿੰਘ, ਮਾਮੇ ਅਮਰੀਕ ਸਿੰਘ, ਸੁਖਵਿੰਦਰ ਸਿੰਘ ਤੇ ਚਰਨਜੀਤ ਸਿੰਘ ਨੇ ਸਰਬੱਤ ਦਾ ਭਲਾ ਟਰੱਸਟ ਦਾ ਧੰਨਵਾਦ ਕੀਤਾ।

Previous articleਪਿੰਜੌਰ-ਨਾਲਾਗੜ੍ਹ ਹਾਈਵੇਅ ਹਾਦਸੇ ਵਿੱਚ ਚਾਰ ਹਲਾਕ
Next articleਨਕਲੀ ਪੁਲੀਸ ਵਾਲੇ ਬਣ ਕੇ ਵਾਰਦਾਤਾਂ ਕਰਨ ਵਾਲਾ ਗਰੋਹ ਕਾਬੂ