ਦੁਬਈ (ਸਮਾਜ ਵੀਕਲੀ): ਦੁਬਈ ਤੇ ਉਪ ਸਾਸ਼ਕ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵਿੱਤ ਮੰਤਰੀ ਸ਼ੇਖ ਹਮਦਾਨ ਰਾਸ਼ਿਦ (75) ਦਾ ਦੇਹਾਂਤ ਹੋ ਗਿਆ। ਇਹ ਜਾਣਕਾਰੀ ਅੱਜ ਉਨ੍ਹਾਂ ਦੇ ਭਰਾ ਨੇ ਦਿੱਤੀ। ਸ਼ੇਖ ਹਮਦਾਨ ਆਪਣੇ ਭਰਾ, ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਸਾਸ਼ਨ ਅਧੀਨ ਦੁਬਈ ਦੇ ਉਪ ਸਾਸ਼ਕ ਵਜੋਂ ਸੇਵਾਵਾਂ ਦੇ ਰਹੇ ਸਨ। ਸ਼ੇਖ ਮੁਹੰਮਦ ਯੂਏਈ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੀ ਹਨ।
ਅਮੀਰਾਤ ਦੇ ਅਧਿਕਾਰੀਆਂ ਨੇ ਸ਼ੇਖ ਹਮਦਾਨ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਪਰ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ। ਪਿਛਲੇ ਸਾਲ ਇੱਕ ਸਰਜਰੀ ਕਰਵਾਉਣ ਲਈ ਉਹ ਵਿਦੇਸ਼ ਵੀ ਗਏ ਸਨ ਪਰ ਉਸ ਸਬੰਧੀ ਵੀ ਤਫ਼ਸੀਲ ’ਚ ਜਾਣਕਾਰੀ ਨਹੀਂ ਸੀ ਦਿੱਤੀ ਗਈ। ਸ਼ੇਖ ਮੁਹੰਮਦ ਨੇ ਹਾਲ ’ਚ ਹੀ ਟਵੀਟ ਕਰਦਿਆਂ ਆਪਣੇ ਭਰਾ ਦੀ ਸਿਹਤਯਾਬੀ ਦੀ ਦੁਆ ਕੀਤੀ ਸੀ।
ਦੁਬਈ ਦੇ ਮਰਹੂਮ ਸਾਸ਼ਕ ਰਾਸ਼ਿਦ ਬਿਲ ਸਈਦ ਅਲ ਮਕਤੂਮ ਦੇ ਦੂਜੇ ਬੇਟੇ ਸ਼ੇਖ ਹਮਦਾਨ ਦਾ ਜਨਮ 25 ਦਸੰਬਰ 1949 ਨੂੰ ਹੋਇਆ ਸੀ। ਸਥਾਨਕ ਸਰਕਾਰੀ ਮੀਡੀਆ ਮੁਤਾਬਕ ਉਨ੍ਹਾਂ ਦੇ ਦੇਹਾਂਤ ਕਾਰਨ ਦੁਬਈ ਸਰਕਾਰ ਨੇ ਤਿੰਨ ਦਿਨ ਸੋਗ ਦਾ ਐਲਾਨਦਿਆਂ ਸਰਕਾਰੀ ਦਫ਼ਤਰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਆਬੂਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਏਦ ਅਲ ਨਾਹਯਨ ਨੇ ਉਨ੍ਹਾਂ ਦੇ ਇੰਤਕਾਲ ’ਤੇ ਦੁੱਖ ਪ੍ਰਗਟਾਇਆ ਹੈ।