ਪੈਰਿਸ (ਸਮਾਜਵੀਕਲੀ)– ਤਿੰਨ ਆਲਮੀ ਸੰਸਥਾਵਾਂ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੇਕਰ ਵੱਖ ਵੱਖ ਮੁਲਕਾਂ ਦੀਆਂ ਅਥਾਰਿਟੀਆਂ ਕਰੋਨਾਵਾਇਰਸ ਦੇ ਸੰਕਟ ਨੂੰ ਕਾਬੂ ਕਰਨ ’ਚ ਨਾਕਾਮ ਰਹੀਆਂ ਤਾਂ ਦੁਨੀਆਂ ਭਰ ਵਿੱਚ ਖੁਰਾਕੀ ਵਸਤਾਂ ਦਾ ਸੰਕਟ ਖੜ੍ਹਾ ਹੋ ਸਕਦਾ ਹੈ। ਬਹੁਤ ਸਾਰੇ ਮੁਲਕਾਂ ਦੀਆਂ ਸਰਕਾਰਾਂ ਨੇ ਕੌਮਾਂਤਰੀ ਕਾਰੋਬਾਰ ਤੇ ਖੁਰਾਕੀ ਵਸਤਾਂ ਦੀ ਸਪਲਾਈ ਘਟਣ ਕਾਰਨ ਆਪਣੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਕਹਿ ਦਿੱਤਾ ਹੈ।
ਲੋਕਾਂ ਵੱਲੋਂ ਦਹਿਸ਼ਤ ਦੇ ਮਾਰੇ ਧੜਾਧੜ ਕੀਤੀ ਗਈ ਖਰੀਦੋ ਫਰੋਖ਼ਤ ਕਾਰਨ ਵੀ ਸੰਕਟ ਖੜ੍ਹਾ ਹੋਇਆ ਹੈ ਤੇ ਬਹੁਤੀਆਂ ਸੁਪਰ ਮਾਰਕੀਟਾਂ ਖਾਲੀ ਪਈਆਂ ਹਨ। ਸੰਯੁਕਤ ਰਾਸ਼ਟਰ ਦੀ ਖੁਰਾਕ ਤੇ ਖੇਤੀਬਾੜੀ ਸੰਸਥਾ (ਐੱਫਏਕਿਊ) ਤੇ ਮੁਖੀ ਕਿਊ ਡੌਂਗਿਊ, ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਟੈਡਰੌਸ ਅਧੈਨੋਮ ਗ਼ੇਬ੍ਰੀਯੇਸਸ ਅਤੇ ਵਿਸ਼ਵ ਕਾਰੋਬਾਰ ਸੰਸਥਾ (ਡਬਲਿਊਟੀਓ) ਦੇ ਡਾਇਰੈਕਟਰ ਰੌਬਰਟੋ ਅਜ਼ੈਵੇਡੋ ਵੱਲੋਂ ਜਾਰੀ ਸਾਂਝੀ ਰਿਪੋਰਟ ਅਨੁਸਾਰ ਬਰਾਮਦ ਸਬੰਧੀ ਲੱਗੀਆਂ ਪਾਬੰਦੀਆਂ ਕਾਰਨ ਦੁਨੀਆ ਭਰ ਦੀਆਂ ਮੰਡੀਆਂ ’ਚ ਖੁਰਾਕੀ ਵਸਤਾਂ ਦਾ ਸੰਕਟ ਖੜ੍ਹਾ ਹੋ ਸਕਦਾ ਹੈ।
ਉਨ੍ਹਾਂ ਕਿਹਾ, ‘ਕੋਵਿਡ-19 ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਦੌਰਾਨ ਖੁਰਾਕੀ ਵਸਤਾਂ ਦੀ ਕਮੀ ਦੂਰ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਆਪਣੇ ਨਾਗਰਿਕਾਂ ਦੀ ਸਿਹਤ ਤੇ ਭਲਾਈ ਦੇ ਮੱਦੇਨਜ਼ਰ ਹਰ ਮੁਲਕ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਾਰੋਬਾਰ ਨਾਲ ਸਬੰਧਤ ਕੰਮਾਂ ’ਚ ਅੜਿੱਕਾ ਨਾ ਪਵੇ ਤੇ ਖੁਰਾਕੀ ਵਸਤਾਂ ਦੀ ਸਪਲਾਈ ਨਾ ਟੁੱਟੇ।