ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ‘ਅਬੂ ਬਕਰ ਅਲ ਬਗਦਾਦੀ ਮਰ ਗਿਆ ਹੈ’। ਵਾਈਟ ਹਾਊਸ ਵਿਚ ਕੀਤੇ ਐਲਾਨ ਵਿਚ ਉਹਨਾਂ ਦਾਅਵਾ ਕੀਤਾ ਕਿ ਅਮਰੀਕਾ ਨੇ ਵਿਸ਼ਵ ਦੇ ਨੰਬਰ ਇਕ ਅਤਿਵਾਦੀ ਆਗੂ ਨੂੰ ਨਿਆਂ ਤੱਕ ਲਿਆਂਦਾ ਹੈ। ਟਰੰਪ ਨੇ ਕਿਹਾ ਕਿ ਇਸਲਾਮਿਕ ਸਟੇਟ ਗਰੁੱਪ ਦਾ ਇਹ ਆਗੂ ਜਿਸਨੇ ਵਿਸ਼ਵ ਦੇ ਜੇਹਾਦ ਦੀ ਅਗਵਾਈ ਕੀਤੀ ਅਤੇ ਵਿਸ਼ਵ ਦਾ ਸਭ ਤੋਂ ਵੱਧ ਲੋੜੀਂਦਾ ਵਿਅਕਤੀ ਬਣ ਗਿਆ, ਅਮਰੀਕਾ ਵੱਲੋਂ ਸੀਰੀਆ ਵਿਚ ਕੀਤੇ ਗਏ ਫੌਜੀ ਹਮਲੇ ਵਿਚ ਮਾਰਿਆ ਗਿਆ ਹੈ।
ਟਰੰਪ ਨੇ ਦੱਸਿਆ ਕਿ ਜਦੋਂ ਅਮਰੀਕੀ ਫੌਜ ਦੀ ਘੇਰਾਬੰਦੀ ਵਿਚ ਅਲ ਬਗਦਾਦੀ ਆ ਗਿਆ ਤਾਂ ਉਹ ਇਕ ਸੁਰੰਗ ਵਿਚ ਆਪਣੇ ਤਿੰਨ ਬੱਚਿਆਂ ਸਮੇਤ ਜਾ ਲੁਕਿਆ ਤੇ ਉਸਨੇ ਆਤਮਘਾਤੀ ਬੰਬ ਨਾਲ ਆਪਣੇ ਆਪ ਨੂੰ ਉਡਾ ਦਿੱਤਾ। ਟਰੰਪ ਨੇ ਕਿਹਾ ਕਿ ਉਹ ਬਿਮਾਰ ਬੰਦਾ ਸੀ ਤੇ ਹੁਣ ਉਹ ਨਹੀਂ ਰਿਹਾ। ਉਹਨਾਂ ਇਹ ਵੀ ਕਿਹਾ ਕਿ ਉਹ ਕੁੱਤੇ ਦੀ ਮੌਤ ਕਾਇਰਾਂ ਵਾਂਗ ਮਰਿਆ ਹੈ।
ਟਰੰਪ ਨੇ ਇਸ ਤੋਂ ਪਹਿਲਾਂ ਇਕ ਟਵੀਟ ਵਿਚ ਆਖਿਆ ਸੀ ਕਿ ‘ਕੁਝ ਵੱਡਾ ਵਾਪਰਿਆ ਹੈ’। ਸਵੇਰੇ ਉਹਨਾਂ ਨੇ ਰੂਸ, ਤੁਰਕੀ, ਸੀਰੀਆ ਤੇ ਇਰਾਕ ਦੇ ਨਾਲ ਨਾਲ ਸੀਰੀਆ ਵਿਚ ਲੜ ਰਹੇ ਕੁਰਦਾਂ ਦਾ ਵੀ ਧੰਨਵਾਦ ਕੀਤਾ।