ਸਿਆਟਲ (ਸਮਾਜ ਵੀਕਲੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ‘ਤੇ ਆਪਣੇ ਹਮਲੇ ਜਾਰੀ ਰੱਖਦੇ ਹੋਏ ਅੱਜ ਫਿਰ ਕਿਹਾ ਕਿ ਚੀਨ ਨਵੰਬਰ ਵਿਚ ਹੋ ਰਹੀਆਂ ਚੋਣਾਂ ਵਿਚ ਮੈਨੂੰ ਹਾਰਿਆ ਦੇਖਣਾ ਚਾਹੁੰਦਾ ਹੈ ਪਰ ਉਸ ਦੀ ਇੱਛਾ ਪੂਰੀ ਨਹੀਂ ਹੋਵੇਗੀ ਕਿਉਂਕਿ ਮੈਂ ਚੀਨ ਦੀਆਂ ਅਮਰੀਕਾ ਪ੍ਰਤੀ ਮਾਰੂ ਨੀਤੀਆਂ ਨੂੰ ਬੰਦ ਕੀਤਾ ਅਤੇ ਦੁਨੀਆ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਚੀਨ ਵਿਰੁੱਧ ਆਵਾਜ਼ ਚੁੱਕੀ ਹੈ |
ਉਨ੍ਹਾਂ ਅੱਜ ਫਿਰ ਕਿਹਾ ਕਿ ਦੁਨੀਆ ਵਿਚ ਲੱਖਾਂ ਲੋਕਾਂ ਦੀ ਕੋਰੋਨਾ ਨਾਲ ਹੋਈ ਮੌਤ ਲਈ ਚੀਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ | ਉਨ੍ਹਾਂ ਚੀਨ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਚੀਨ ਉਨ੍ਹਾਂ ਬਾਰੇ ਗ਼ਲਤ ਜਾਣਕਾਰੀ ਫੈਲਾ ਰਿਹਾ ਹੈ ਤਾਂ ਕਿ ਚੋਣਾਂ ਵਿਚ ਉਨ੍ਹਾਂ ਦਾ ਵਿਰੋਧੀ ਉਮੀਦਵਾਰ ਜੋਈ ਬਿਡੇਨ ਰਾਸ਼ਟਰਪਤੀ ਬਣ ਸਕੇ | ਉਨ੍ਹਾਂ ਕਿਹਾ ਕਿ ਚੀਨ ਦੇ ਅਮਰੀਕਾ ਵਿਰੋਧੀ ਇਰਾਦੇ ਕਾਮਯਾਬ ਨਹੀਂ ਹੋਣਗੇ | ਉਨ੍ਹਾਂ ਕਿਹਾ ਚੀਨ ਦਾ ਅਸਲੀ ਚਿਹਰਾ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਹੈ ਤੇ ਜਲਦੀ ਹੀ ਚੀਨ ਵਿਰੁੱਧ ਸਾਰੀ ਦੁਨੀਆ ਦਾ ਗੁੱਸਾ ਟੁੱਟਣ ਵਾਲਾ ਹੈ ਕਿਉਂਕਿ ਚੀਨ ਕਾਰਨ ਹੀ ਅੱਜ ਸਾਰੀ ਦੁਨੀਆ ਅਲੱਗ-ਥਲੱਗ ਹੋਈ ਪਈ ਹੈ ਤੇ ਕੋਰੋਨਾ ਕਾਰਨ ਅਜੇ ਵੀ ਲੋਕ ਮਰ ਰਹੇ ਹਨ |
ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿਚ ਇਸ ਵਾਰ ਫਿਰ ‘ਅਮਰੀਕਾ ਫਸਟ’ ਦਾ ਝੰਡਾ ਬੁਲੰਦ ਕਰ ਰਹੇ ਹਨ ਤੇ ਰਿਪਬਲਿਕਨ ਪਾਰਟੀ ਦੇ ਹੋਰ ਬਹੁਤ ਸਾਰੇ ਵੱਡੇ ਆਗੂ ਟਰੰਪ ਦੇ ਹੱਕ ਵਿਚ ਪ੍ਰਚਾਰ ‘ਤੇ ਉੱਤਰ ਆਏ ਹਨ ਤੇ ਉਮੀਦ ਹੈ ਕਿ ਇਨ੍ਹਾਂ ਚੋਣਾਂ ਵਿਚ ਚੀਨ ਦਾ ਮੁੱਦਾ ਕਾਫ਼ੀ ਭਾਰੂ ਰਹਿ ਸਕਦਾ ਹੈ | ਇਸੇ ਲਈ ਟਰੰਪ ਰੋਜ਼ਾਨਾ ਚੀਨ ‘ਤੇ ਲਗਾਤਾਰ ਨਿਸ਼ਾਨੇ ਸਾਧ ਰਹੇ ਹਨ ਤੇ ਵਾਰ-ਵਾਰ ਚੀਨ ਵਿਰੁੱਧ ਕਾਰਵਾਈ ਦੀਆਂ ਧਮਕੀਆਂ ਦੇ ਰਹੇ ਹਨ |
ਚੀਨ ਨਾਲ ਸਰਹੱਦੀ ਵਿਵਾਦ ‘ਚ ਅਮਰੀਕਾ ਵਲੋਂ ਭਾਰਤ ਦਾ ਸਮਰਥਨ
ਅਮਰੀਕਾ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਚੀਨ ਦੀਆਂ ਕਾਰਵਾਈਆਂ ਨੂੰ ਹਲਕੇ ਵਿਚ ਨਾ ਲਵੇ | ਅਮਰੀਕਾ ਨੇ ਚੀਨ ਨਾਲ ਸਰਹੱਦੀ ਵਿਵਾਦ ‘ਚ ਭਾਰਤ ਨੂੰ ਆਪਣਾ ਸਮਰਥਨ ਦਿੱਤਾ ਹੈ ਅਤੇ ਕਿਹਾ ਕਿ ਭਾਰਤ-ਚੀਨ ਸਰਹੱਦੀ ਵਿਵਾਦ ਵਿਚ ਅਮਰੀਕਾ ਭਾਰਤ ਦਾ ਸਮਰਥਨ ਕਰਦਾ ਹੈ | ਟਰੰਪ ਪ੍ਰਸ਼ਾਸਨ ਵਿਚ ਦੱਖਣੀ ਅਤੇ ਮੱਧ ਏਸ਼ੀਆ ਦੇ ਮੁਖੀ ਐਲਿਸ ਵੇਲਸ ਨੇ ਕਿਹਾ ਕਿ ਇਹ ਦੱਖਣੀ ਚੀਨ ਸਾਗਰ ਹੋਵੇ ਜਾਂ ਭਾਰਤ ਦੀ ਸਰਹੱਦ ਅਸੀਂ ਚੀਨ ਦੇ ਪ੍ਰੇਸ਼ਾਨ ਕਰਨ ਵਾਲੇ ਵਿਵਹਾਰ ਨੂੰ ਵੇਖ ਰਹੇ ਹਾਂ |
ਅਮਰੀਕਾ, ਭਾਰਤ, ਆਸਟ੍ਰੇਲੀਆ ਅਤੇ ਏਸ਼ੀਆਈ ਦੇਸ਼ਾਂ ਨੇ ਚੀਨ ਦੇ ਇਸ ਵਿਵਹਾਰ ਅਤੇ ਪ੍ਰੇਸ਼ਾਨ ਕਰਨ ਵਿਰੁੱਧ ਇਕਮੁੱਠਤਾ ਦਿਖਾਈ ਹੈ | ਐਲਿਸ ਵੇਲਸ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਫ਼ੌਜੀ ਸੂਤਰਾਂ ਅਨੁਸਾਰ ਚੀਨੀ ਫ਼ੌਜਾਂ ਨੇ ਪਿਛਲੇ ਕੁਝ ਦਿਨਾਂ ਤੋਂ ਪੇਗੋਰਾ ਝੀਲ ਦੇ ਆਸ-ਪਾਸ ਦੇ ਖੇਤਰਾਂ ਵਿਚ ਆਪਣੀ ਮੌਜੂਦਗੀ ਵਧਾ ਦਿੱਤੀ ਹੈ | ਇਥੋਂ ਤੱਕ ਕਿ ਝੀਲ ਵਿਚ ਵਾਧੂ ਕਿਸ਼ਤੀਆਂ ਵੇਖੀਆਂ ਜਾ ਰਹੀਆਂ ਹਨ | ਇਸੇ ਕਾਰਨ ਭਾਰਤ ਨੇ ਡੈਮਚੌਕ ਅਤੇ ਦੌਲਤ ਬੇਗ ਓਲਡੀ ਜਿਹੀਆਂ ਥਾਵਾਂ ‘ਤੇ ਵੀ ਵਧੇਰੇ ਫ਼ੌਜ ਤਾਇਨਾਤ ਕੀਤੀ ਹੈ |
ਐਲਿਸ ਵੇਲਜ਼ ਨੇ ਦੱਖਣੀ ਚੀਨ ਸਾਗਰ ‘ਤੇ ਚੀਨ ਦੇ ਹਮਲਾਵਰ ਵਿਵਹਾਰ ਬਾਰੇ ਵੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਚੀਨ ਪੂਰੇ ਦੱਖਣੀ ਚੀਨ ਸਾਗਰ ‘ਤੇ ਆਪਣਾ ਦਾਅਵਾ ਕਰਦਾ ਹੈ ਜਦ ਕਿ ਵੀਅਤਨਾਮ, ਮਲੇਸ਼ੀਆ, ਫ਼ਿਲਪਾਈਨ, ਬਰੂਨੇਈ ਅਤੇ ਤਾਈਵਾਨ ਇਸ ਦੇ ਵਿਰੋਧੀ ਹਨ | ਚੀਨ ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਦੋਵੇਂ ਖੇਤਰੀ ਵਿਵਾਦਾਂ ਵਿਚ ਸ਼ਾਮਿਲ ਹੈ | ਚੀਨ ਨੇ ਬਹੁਤ ਸਾਰੇ ਟਾਪੂ ਬਣਾਏ ਹਨ ਅਤੇ ਫ਼ੌਜੀਕਰਨ ਕੀਤਾ ਹੈ