ਠੇਕਾ ਮੁਲਾਜ਼ਮ ਆਪਣੇ ਪੂਰਵ ਨਿਰਧਾਰਤ ਪ੍ਰੋਗਰਾਮ ਅਨੁਸਾਰ ਐਤਵਾਰ ਨੂੰ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੁਕਤਸਰ ਸਥਿਤ ਰਿਹਾਇਸ਼ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਮਲੋਟ ਦਫਤਰ ਵਿਚ ਰੋਸ ਵਜੋਂ ਮਠਿਆਈ ਦੀ ਥਾਂ ‘ਤੇ ਕੋਲਿਆਂ ਦੇ ਡੱਬੇ ਤੋਹਫ਼ੇ ਵਜੋਂ ਦੇਣ ਪੁੱਜੇ। ਸ੍ਰੀ ਵੜਿੰਗ ਨੇ ਤਾਂ ਇਹ ਤੋਹਫਾ ਸਵੀਕਾਰ ਕਰਦਿਆਂ ਉਨ੍ਹਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਜਦੋਂ ਕਿ ਸ੍ਰੀ ਭੱਟੀ ਨਾ ਤਾਂ ਖੁਦ ਆਏ ਤੇ ਨਾ ਹੀ ਉਨ੍ਹਾਂ ਦਾ ਕੋਈ ਆਗੂ ਇਹ ਤੋਹਫਾ ਲੈਣ ਵਾਸਤੇ ਆਇਆ।
‘ਠੇਕਾ ਮੁਲਾਜ਼ਮ ਐਕਸ਼ਨ ਕਮੇਟੀ’ ਦੇ ਆਗੂ ਗੁਰਮੀਤ ਸਿੰਘ ਤੇ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲਿਆਂ ਦੇ ਤੋਹਫ਼ੇ ਇਸ ਕਰਕੇ ਦਿੱਤੇ ਕਿ ਮੁੱਖ ਮੰਤਰੀ ਪੰਜਾਬ, ਠੇਕਾ ਮੁਲਾਜ਼ਮ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕਰਕੇ ਬਾਅਦ ਵਿਚ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ 19 ਮਹੀਨਿਆਂ ਦੌਰਾਨ ਮੁਲਾਜ਼ਮਾਂ ਨੂੰ ਇਕ ਵੀ ਪੈਸੇ ਦਾ ਵਾਧਾ ਨਹੀਂ ਦਿੱਤਾ ਗਿਆ ਸਗੋਂ ਮੁਲਾਜ਼ਮਾਂ ਤੋਂ 2400 ਰੁਪਏ ਵਾਧੂ ਵਿਕਾਸ ਟੈਕਸ ਵਸੂਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਮਿਲ ਰਹੀਆਂ ਤਨਖਾਹਾਂ ‘ਤੇ ਵੀ ਕੈਂਚੀ ਚਲਾ ਕੇ ਮੁਲਾਜ਼ਮਾਂ ਦੇ ਘਰਾਂ ‘ਚ ਦੀਵਾਲੀ ਦੇ ਤਿਉਹਾਰ ’ਤੇ ਹਨੇਰਾ ਕਰ ਦਿੱਤਾ ਹੈ। ਆਗੂਆਂ ਕਿਹਾ ਕਿ ਕਾਂਗਰਸ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਕਾਰਨ ਮੁਲਾਜ਼ਮ ਨਿਰਾਸ਼ ਹਨ।
ਠੇਕਾ ਮੁਲਾਜ਼ਮਾਂ ਨੇ ਅੱਜ ਇਕੱਤਰ ਹੋ ਕੇ ਵਿਧਾਇਕ ਰਾਜਾ ਵੜਿੰਗ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਕੋਲਿਆਂ ਦਾ ਡੱਬਾ ਭੇਟ ਕੀਤਾ। ਵਿਧਾਇਕ ਰਾਜਾ ਵੜਿੰਗ ਨੇ ਕੋਲਿਆਂ ਦਾ ਡੱਬਾ ਤੇ ਮੰਗ ਪੱਤਰ ਸਵੀਕਾਰ ਕਰਦਿਆਂ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਤੱਕ ਉਨ੍ਹਾਂ ਦੀ ਗੱਲ ਪੁੱਜਦੀ ਕਰਨਗੇ ਤੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਉਨ੍ਹਾਂ ਦਾ ਸਮਰਥਨ ਵੀ ਕਰਨਗੇ। ਓਧਰ ਮਲੋਟ ਵਿਖੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਦਫ਼ਤਰ ਕੋਲਿਆਂ ਦੇ ਡੱਬੇ ਦੇਣ ਲਈ ਠੇਕਾ ਮੁਲਾਜ਼ਮ ਗਏ ਪਰ ਦਫ਼ਤਰ ‘ਚ ਕੋਈ ਵੀ ਇਹ ਡੱਬੇ ਲੈਣ ਲਈ ਨਹੀਂ ਪੁੱਜਾ।
ਇਸ ਮੌਕੇ ਅਜੇਪਾਲਾ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮੋਹਿਤ ਕੁਮਾਰ, ਜੋਨੀ ਕੁਮਾਰ, ਰਾਹੁਲ ਬਕਸ਼ੀ, ਮੋਨਿਕਾ ਰਾਣੀ, ਰਜੀਆ, ਰਜਨੀ ਬਾਲਾ, ਮਧੂ ਬਾਲਾ, ਜਮਨਾ ਦੇਵੀ, ਨਿਸ਼ਾ, ਰਵਿੰਦਰ ਕੌਰ, ਸੰਦੀਪ ਕੌਰ ਆਦਿ ਮੈਂਬਰ ਹਾਜਰ ਸਨ। ਇਸਤੋਂ ਇਲਾਵਾ ਭਰਾਤਰੀ ਜਥੇਬੰਦੀ ‘ਚੋਂ ਕਲਾਸ-4 ਯੂਨੀਅਨ ‘ਚੋਂ ਲਾਲ ਚੰਦ, ਲਖਵਿੰਦਰ ਸਿੰਘ, ਰੇਵਤ ਸਿੰਘ ਰਾਵਤ ਤੇ ਮੁਨਸ਼ੀ ਰਾਮ ਪਤੰਗਾ ਆਦਿ ਮੈਂਬਰ ਹਾਜ਼ਰ ਸਨ।
INDIA ਦੀਵਾਲੀ ਦੀ ਵਧਾਈ : ਠੇਕਾ ਮੁਲਾਜ਼ਮਾਂ ਵੱਲੋਂ ਵੜਿੰਗ ਨੂੰ ਕੋਲਿਆਂ ਦਾ ਡੱਬਾ...