ਦੀਵਾਲੀ ’ਤੇ ਕਿਸਾਨਾਂ ਦੇ ਘਰ ਬਲਣਗੇ ਦੁੱਖਾਂ ਦੇ ਦੀਵੇ

ਕਿਸਾਨਾਂ ਦਾ ਝੋਨਾ ਮੰਡੀਆਂ ਵਿਚ ਵਿਕਣ ਲਈ ਪਿਆ ਹੈ, ਉਨ੍ਹਾਂ ਦੇ ਘਰਾਂ ਵਿਚ ਇਸ ਵਾਰ ਦੀਵਾਲੀ ਨੂੰ ਦੁੱਖਾਂ ਦੇ ਦੀਵੇ ਬਲਣੇ ਹਨ। ਆਪਣੀ ਜਿਣਸ ਵੇਚਣ ਲਈ ਮਾਲਵਾ ਪੱਟੀ ਵਿਚਲੀਆਂ ਅਨਾਜ ਮੰਡੀਆਂ ‘ਚ ਕਈ ਦਿਨਾਂ ਤੋਂ ਕਿਸਾਨਾਂ ਨੇ ਡੇਰੇ ਲਾਏ ਹੋਏ ਹਨ। ਮੰਡੀਆਂ ਵਿਚ ਬੈਠੇ ਕਿਸਾਨ ਬੋਲੀ ਦੀ ਉਡੀਕ ਕਰ ਰਹੇ ਹਨ। ਅੱਜ ਦੀਵਾਲੀ ਤੋਂ ਇਕ ਦਿਨ ਪਹਿਲਾਂ ਇੱਥੇ ਅਨੇਕਾਂ ਆੜ੍ਹਤੀਏ ਆਪਣੇ ਹੋਰ ਕਾਰੋਬਾਰਾਂ ਵਿਚ ਮਗਨ ਵਿਖਾਈ ਦਿੰਦੇ ਸਨ। ਅਨੇਕਾਂ ਖਰੀਦ ਕੇਂਦਰਾਂ ਵਿਚ ਕਿਸਾਨ ਆਪਣੇ ਆੜ੍ਹਤੀਆਂ ਨੂੰ ਵੀ ਉਡੀਕ ਰਹੇ ਸਨ, ਪਰ ਉਹ ਮੰਡੀਆਂ ‘ਚ ‘ਲੋਪ’ ਹੀ ਰਹੇ। ਉਨ੍ਹਾਂ ਦੀ ਗੈਰਹਾਜ਼ਰੀ ਵਿਚ ਮੁਨੀਮ ਹੀ ਕਿਸਾਨਾਂ-ਮਜ਼ਦੂਰਾਂ ਨੂੰ ਦੀਵਾਲੀ ਮਨਾਉਣ ਲਈ ‘ਚਾਰ ਛਿੱਲੜ’ ਦੇ ਕੇ ਸਬਰ ਕਰਾ ਰਹੇ ਸਨ।
ਮਾਨਸਾ ਜ਼ਿਲ੍ਹੇ ਦੇ ਤਕਰੀਬਨ 115 ਖਰੀਦ ਕੇਂਦਰਾਂ ਵਿਚ ਕਿਸਾਨ ਆਪਣਾ ਝੋਨਾ ਵੇਚਣ ਲਈ ਬੈਠੇ ਹਨ, ਪਰ ਸਰਕਾਰ ਦੇ ਸੁਸਤ ਪ੍ਰਬੰਧਾਂ ਕਾਰਨ ਉਹ ਮੰਡੀਆਂ ਵਿਚ ਡੇਰੇ ਲਾਉਣ ਲਈ ਮਜਬੂਰ ਹਨ। ਕਿਸਾਨਾਂ ਨੇ ਦੱਸਿਆ ਕਿ ਉਹ ਮੰਡੀਆਂ ਵਿਚ ਹੀ ਸਰਕਾਰ ਵਿਰੋਧੀ ਦੀਵਾਲੀ ਝੋਨੇ ਦੀਆਂ ਢੇਰੀਆਂ ਉਤੇ ਮਨਾਉਣਗੇ। ਇਸੇ ਦੌਰਾਨ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਇੱਛਾ ਹੈ ਕਿ ਕਿਸਾਨਾਂ ਦੀ ਵੱਡੀ ਮਾਤਰਾ ਵਿਚ ਝੋਨੇ ਦੀ ਫਸਲ ਨੂੰ ਖਰੀਦਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਨਾਲ ਖੜ੍ਹਾ ਹੈ।

Previous articleਰਾਸ਼ਟਰਪਤੀ ਵੱਲੋਂ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ
Next articleਮੁੱਖ ਮੰਤਰੀ ਤੇ ਸਪੀਕਰ ਵੱਲੋਂ ਦੀਵਾਲੀ ਦੀ ਵਧਾਈ