ਪੈਰਾਲੰਪਿਕ ਖੇਡਾਂ ਵਿੱਚ ਭਾਰਤ ਲਈ ਮਹਿਲਾ ਵਰਗ ’ਚ ਪਹਿਲਾ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਦੀਪਾ ਮਲਿਕ ਨੂੰ ਖੇਡਾਂ ਦੇ ਸਰਵੋਤਮ ਐਜਾਜ਼ ਰਾਜੀਵ ਗਾਂਧੀ ਖੇਲ ਰਤਨ ਲਈ ਨਾਮਜ਼ਦ ਕੀਤਾ ਗਿਆ ਹੈ। 48 ਸਾਲਾ ਦੀਪਾ ਨੇ 2016 ਰੀਓ ਪੈਰਾਲੰਪਿਕਸ ਵਿੱਚ ਐੱਫ਼53 (ਜੈਵਲਿਨ ਥ੍ਰੋਅ) ਸ਼੍ਰੇਣੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਅਰਜੁਨ ਐਵਾਰਡ ਲਈ ਟਰੈਕ ਤੇ ਫੀਲਡ ਸਟਾਰ ਤੇਜਿੰਦਰ ਪਾਲ ਸਿੰਘ ਤੂਰ, ਫੁਟਬਾਲ ਗੁਰਪ੍ਰੀਤ ਸਿੰਘ ਸੰਧੂ, ਪੋਲੋ ਲਈ ਸਿਮਰਨ ਸਿੰਘ ਸ਼ੇਰਗਿੱਲ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਕ੍ਰਿਕਟਰ ਰਵਿੰਦਰ ਜਡੇਜਾ ਤੇ ਪੂਨਮ ਯਾਦਵ, ਅਥਲੀਟ ਮੁਹੰਮਦ ਅਨਸ ਤੇ ਸਵਪਨਾ ਬਰਮਨ, ਹਾਕੀ ਖਿਡਾਰੀ ਚਿੰਗਲੇਨਸਨਾ ਸਿੰਘ ਕੰਗੁਜਮ ਅਤੇ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਣੀਤ ਦੀ ਚੋਣ ਕੀਤੀ ਹੈ। ਗੋਲਾ ਸੁਟਾਵਾ ਤੂਰ ਨੇ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਿਆ ਸੀ। ਰੀਓ ਪੈਰਾਲੰਪਿਕ ਦੀ ਸ਼ਾਟ-ਪੁੱਟ ਐਫ-53 ਵਰਗ ਵਿੱਚ ਚਾਂਦੀ ਦਾ ਤਗ਼ਮਾ ਜੇਤੂ 48 ਸਾਲਾ ਦੀਪਾ ਦਾ ਨਾਮ 12 ਮੈਂਬਰੀ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਦੇ ਦੂਜੇ ਦਿਨ ਖੇਲ ਰਤਨ ਪੁਰਸਕਾਰ ਲਈ ਜੋੜਿਆ ਗਿਆ। ਜਸਟਿਸ (ਸੇਵਾ ਮੁਕਤ) ਮੁਕੰਦਕਮ ਸ਼ਰਮਾ ਦੀ ਅਗਵਾਈ ਵਾਲੇ ਪੈਨਲ ਨੇ ਵਿਸ਼ਵ ਦੇ ਨੰਬਰ ਇੱਕ (65 ਕਿਲੋ) ਪਹਿਲਵਾਨ ਪੂਨੀਆ ਨੂੰ ਕੱਲ੍ਹ ਹੀ ਖੇਲ ਰਤਨ ਲਈ ਚੁਣਿਆ ਸੀ। ਨਿਯਮਾਂ ਅਨੁਸਾਰ, ਪੁਰਸਕਾਰ ਦੀ ਯੋਗਤਾ ਲਈ ਕਿਸੇ ਖਿਡਾਰੀ ਦਾ ਪੁਰਸਕਾਰ ਵਾਲੇ ਸਾਲ ਦੌਰਾਨ ਬਿਹਤਰੀਨ ਪ੍ਰਦਰਸ਼ਨ ਦੇ ਨਾਲ ਕੌਮਾਂਤਰੀ ਪੱਧਰ ’ਤੇ ਬੀਤੇ ਚਾਰ ਸਾਲਾਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਸ ਵਿੱਚ ਅਗਵਾਈ ਕਰਨ ਦੀ ਸਮਰੱਥਾ, ਖੇਡ ਭਾਵਨਾ ਅਤੇ ਅਨੁਸ਼ਾਸਨ ਦੇ ਗੁਣ ਵੀ ਹੋਣੇ ਜ਼ਰੂਰੀ ਹਨ। ਪੈਨਲ ਨੇ ਤਿੰਨ ਨਾਮ ਦਰੋਣਾਚਾਰੀਆ ਐਵਾਰਡ ਲਈ ਨਾਮਜ਼ਦ ਕੀਤੇ ਹਨ। ਇਨ੍ਹਾਂ ਵਿੱਚ ਸਾਬਕਾ ਬੈਡਮਿੰਟਨ ਸਟਾਰ ਵਿਮਲ ਕੁਮਾਰ ਵੀ ਸ਼ਾਮਲ ਹੈ, ਪਰ ਜਸਪਾਲ ਰਾਣਾ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ, ਜਿਸ ਦੇ ਕੋਚ ਰਹਿੰਦਿਆਂ ਹਾਲ ਹੀ ਵਿੱਚ ਭਾਰਤੀ ਜੂਨੀਅਰ ਨਿਸ਼ਾਨੇਬਾਜ਼ੀ ਨੇ ਕੌਮਾਂਤਰੀ ਪੱਧਰ ’ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਤਿੰਨ ਨਾਮ ਦਰੋਣਾਚਾਰੀਆ ਪੁਰਸਕਾਰ (ਤਾਉਮਰ ਪ੍ਰਾਪਤੀਆਂ) ਲਈ ਭੇਜੇ ਗਏ ਹਨ। ਇਸ ਵਿੱਚ ਗੌਤਮ ਗੰਭੀਰ ਦੇ ਕੋਚ ਰਹੇ ਸੰਜੇ ਭਾਰਦਵਾਜ ਵੀ ਸ਼ਾਮਲ ਹਨ। ਦੀਪਾ ਪੈਰਾਲੰਪਿਕ ਵਿੱਚ ਤਗ਼ਮੇ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਖਿਡਾਰੀ ਹੈ। ਇਸ ਤੋਂ ਪਹਿਲਾਂ ਉਸ ਨੂੰ 2012 ਵਿੱਚ ਅਰਜੁਨ ਪੁਰਸਕਾਰ ਅਤੇ 2017 ਵਿੱਚ ਪਦਮਸ੍ਰੀ ਨਾਲ ਦਿੱਤਾ ਗਿਆ ਸੀ। ਖੇਲ ਰਤਨ ਬੀਤੇ ਚਾਰ ਸਾਲਾਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਇੱਕ ਤਗ਼ਮਾ, ਸਰਟੀਫਿਕੇਟ ਅਤੇ 7.5 ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਂਦਾ ਹੈ।
Sports ਦੀਪਾ ਮਲਿਕ ਨੂੰ ਵੀ ਮਿਲੇਗਾ ਖੇਲ ਰਤਨ