ਮਸ਼ਹੂਰ ਮੈਗਜ਼ੀਨ ‘ਦਿ ਕ੍ਰਿਕਟਰ’ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੀਤੇ ਇੱਕ ਦਹਾਕੇ ਦਾ ਸਰਵੋਤਮ ਕ੍ਰਿਕਟਰ ਚੁਣਿਆ ਹੈ। ਮੈਗਜ਼ੀਨ ਨੇ ਬੀਤੇ ਦਸ ਸਾਲਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ 50 ਕ੍ਰਿਕਟਰਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿੱਚ ਪੁਰਸ਼ ਅਤੇ ਮਹਿਲਾ ਦੋਵੇਂ ਕ੍ਰਿਕਟਰ ਸ਼ਾਮਲ ਹਨ। ਕੋਹਲੀ ਤੋਂ ਇਲਾਵਾ ਇਸ ਸੂਚੀ ਵਿੱਚ ਭਾਰਤ ਦੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ (14ਵੇਂ), ਇੱਕ ਰੋਜ਼ਾ ਵਿੱਚ ਦੂਹਰੇ ਸੈਂਕੜੇ ਮਾਰਨ ਵਾਲਾ ਰੋਹਿਤ ਸ਼ਰਮਾ (15ਵੇਂ), ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ (35ਵੇਂ), ਹਰਫ਼ਨਮੌਲਾ ਰਵਿੰਦਰ ਜਡੇਜਾ (36ਵੇਂ) ਅਤੇ ਮਹਿਲਾ ਟੀਮ ਦੀ ਉੱਘੀ ਬੱਲੇਬਾਜ਼ ਮਿਤਾਲੀ ਰਾਜ (40ਵੇਂ) ਸ਼ਾਮਲ ਹਨ। ਮੈਗਜ਼ੀਨ ਨੇ ਕੋਹਲੀ ਬਾਰੇ ਲਿਖਿਆ, ‘‘ਦਹਾਕੇ ਦੇ ਸਰਵੋਤਮ ਖਿਡਾਰੀ ਲਈ ਭਾਰਤੀ ਕਪਤਾਨ ਦੀ ਇਹ ਸਰਬਸੰਮਤੀ ਨਾਲ ਚੋਣ ਸੀ। ਵਿਰਾਟ ਕੋਹਲੀ ਨੇ ਇਸ ਦਹਾਕੇ ਦੌਰਾਨ ਕੌਮਾਂਤਰੀ ਪੱਧਰ ’ਤੇ ਕਿਸੇ ਵੀ ਹੋਰ ਖਿਡਾਰੀ ਦੇ ਮੁਕਾਬਲੇ ਸਭ ਤੋਂ ਵੱਧ 20,960 ਦੌੜਾਂ ਬਣਾਈਆਂ।’’
ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੱਖਣੀ ਅਫਰੀਕਾ ਦਾ ਹਾਸ਼ਿਮ ਅਮਲਾ ਦੂਜੇ ਸਥਾਨ ਹੈ। ਉਹ ਕੋਹਲੀ ਤੋਂ ਲਗਪਗ ਪੰਜ ਹਜ਼ਾਰ ਦੌੜਾਂ ਪਿੱਛੇ ਹੈ। ਸਚਿਨ ਤੇਂਦੁਲਕਰ ਨੇ ਇਸੇ ਦਹਾਕੇ ਦੌਰਾਨ 100 ਸੈਂਕੜਿਆਂ ਦਾ ਇਤਿਹਾਸ ਸਿਰਜਿਆ ਅਤੇ ਫਿਰ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ।
ਇਸ ਵਿੱਚ ਲਿਖਿਆ ਗਿਆ, ‘‘ਤੇਂਦੁਲਕਰ ਨੇ 2013 ਵਿੱਚ ਜਦੋਂ 100 ਸੈਂਕੜਿਆਂ ਦੇ ਰਿਕਾਰਡ ਨਾਲ ਸੰਨਿਆਸ ਲਿਆ ਤਾਂ ਕਿਹਾ ਜਾਣ ਲੱਗਿਆ ਕਿ ਕੋਈ ਉਸ ਦੀ ਬਾਬਰੀ ਨਹੀਂ ਕਰ ਸਕੇਗਾ, ਪਰ ਹੁਣ ਕੋਹਲੀ 70 ਸੈਂਕੜਿਆਂ ਨਾਲ ਦੂਜੇ ਨੰਬਰ ’ਤੇ ਕਾਬਜ਼ ਰਿੱਕੀ ਪੋਂਟਿੰਗ ਤੋਂ ਸਿਰਫ਼ ਇੱਕ ਸੈਂਕੜਾ ਪਿੱਛੇ ਹੈ।’’ ਕੋਹਲੀ ਨੇ ਆਪਣੇ 70 ਸੈਂਕੜਿਆਂ ਵਿੱਚੋਂ 69 ਸੈਂਕੜੇ 2010 ਤੋਂ 2019 ਦੌਰਾਨ ਮਾਰੇ। ਉਸ ਨੇ ਹੁਣ ਤੱਕ ਕਪਤਾਨ ਵਜੋਂ ਕੁੱਲ 166 ਕੌਮਾਂਤਰੀ ਮੈਚ ਖੇਡੇ ਹਨ ਅਤੇ 66.88 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
ਦਹਾਕੇ ਦੇ ਸਿਖਰਲੇ ਕ੍ਰਿਕਟਰਾਂ ਦੀ ਸੂਚੀ ਵਿੱਚ ਪਹਿਲੇ ਦਸ ਵਿੱਚ ਕੋਹਲੀ ਮਗਰੋਂ ਜੇਮਜ਼ ਐਂਡਰਸਨ, ਆਸਟਰੇਲਿਆਈ ਮਹਿਲਾ ਕ੍ਰਿਕਟਰ ਐਲਿਸ ਪੈਰੀ, ਸਟੀਵ ਸਮਿੱਥ, ਹਾਸ਼ਿਮ ਅਮਲਾ, ਕੇਨ ਵਿਲੀਅਮਸਨ, ਏਬੀ ਡੀਵਿਲੀਅਰਜ਼, ਕੁਮਾਰ ਸੰਗਾਕਾਰਾ, ਡੇਵਿਡ ਵਾਰਨਰ ਅਤੇ ਡੇਲ ਸਟੇਨ ਨੂੰ ਰੱਖਿਆ ਗਿਆ ਹੈ। ਅਸ਼ਵਿਨ ਭਾਰਤੀਆਂ ਵਿੱਚੋਂ ਦੂਜੇ ਨੰਬਰ ’ਤੇ ਹੈ। ਉਹ 2010 ਤੋਂ 2019 ਤੱਕ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਰਿਹਾ। ਉਸਨੇ ਟੈਸਟ ਮੈਚਾਂ ਵਿੱਚ 362 ਅਤੇ ਸੀਮਤ ਓਵਰਾਂ ਦੇ ਮੈਚਾਂ ਵਿੱਚ 202 ਵਿਕਟਾਂ ਲਈਆਂ ਹਨ। ਰੋਹਿਤ ਨੇ ਸਲਾਮੀ ਬੱਲੇਬਾਜ਼ ਵਜੋਂ ਤਿੰਨਾਂ ਵੰਨਗੀਆਂ ਦੀ ਕ੍ਰਿਕਟ ਵਿੱਚ ਖ਼ੁਦ ਨੂੰ ਸਾਬਤ ਕੀਤਾ ਹੈ।
Sports ‘ਦਿ ਕ੍ਰਿਕਟਰ’ ਵੱਲੋਂ ਕੋਹਲੀ ਨੂੰ ਦਹਾਕੇ ਦਾ ਸਰਵੋਤਮ ਕ੍ਰਿਕਟਰ ਕਰਾਰ