ਮੁਹਾਲੀ ਪੁਲੀਸ ਨੇ ਦਿੱਲੀ ਹਵਾਈ ਅੱਡੇ ਤੋਂ ਬੱਬਰ ਖਾਲਸਾ ਦੇ ਕਾਰਕੁਨ ਦਿਲਾਵਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਪਿਛਲੇ ਸਾਲ ਮੁਹਾਲੀ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ’ਤੇ ਖਾਲਿਸਤਾਨ ਪੱਖੀ ਲਹਿਰ ਚਲਾਉਣ ਦਾ ਦੋਸ਼ ਹੈ।
ਥਾਣਾ ਫੇਜ਼-1 ਦੇ ਐਸਐਚਓ ਗੁਰਬੰਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਵਾਸੀ ਪਿੰਡ ਤਾਜਪੁਰ (ਰਾਏਕੋਟ) ਖ਼ਿਲਾਫ਼ 29 ਮਈ 2017 ਨੂੰ ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲੈਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਹਾਲ ਹੀ ਵਿੱਚ ਸਾਊਦੀ ਅਰਬ ਦੀ ਸਰਕਾਰ ਵੱਲੋਂ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਗਿਆ ਸੀ ਜਿਸ ਨੂੰ ਅੱਜ ਦਿੱਲੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਦਿਲਾਵਰ ਸਿੰਘ ਨੇ ਬੱਬਰ ਖਾਲਸਾ ਨਾਲ ਸਬੰਧਤ ਕਾਰਕੁਨਾਂ ਨੂੰ ਮਾਰੂ ਹਥਿਆਰ ਖਰੀਦਣ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਗਏ ਸਨ ਅਤੇ ਉਹ ਪਾਕਿਸਤਾਨ ਵਿੱਚ ਬੈਠੇ ਖਾੜਕੂਆਂ ਦੇ ਲਗਾਤਾਰ ਸੰਪਰਕ ਵਿੱਚ ਸੀ।
ਪੁਲੀਸ ਮੁਤਾਬਕ ਦਿਲਾਵਰ ਸਿੰਘ ਸਾਲ 2010 ਤੋਂ ਸਾਊਦੀ ਅਰਬ ਵਿੱਚ ਰਹਿ ਰਿਹਾ ਸੀ ਅਤੇ ਮੁਹਾਲੀ ਪੁਲੀਸ ਵੱਲੋਂ ਉਸ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰਵਾਉਣ ਉਪਰੰਤ ਉੱਥੋਂ ਦੀ ਸਰਕਾਰ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਹ ਪਿਛਲੇ 8 ਮਹੀਨਿਆਂ ਤੋਂ ਸਾਊਦੀ ਅਰਬ ਦੀ ਜੇਲ੍ਹ ਵਿੱਚ ਸੀ। ਜਾਣਕਾਰੀ ਅਨੁਸਾਰ ਦਿਲਾਵਰ ਦੇ ਸਾਥੀਆਂ ਨੇ 2017 ਵਿੱਚ ਅੰਮ੍ਰਿਤਸਰ ਅਤੇ ਆਲਮਗੀਰ ਵਿੱਚ ਮੀਟਿੰਗ ਕਰਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਸੀਨੀਅਰ ਕਾਂਗਰਸ ਆਗੂਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਸਮੇਤ ਪੰਜਾਬ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਬਦਲਾ ਲੈਣ ਦੀ ਸਹੁੰ ਖਾਈ ਸੀ।
ਪੁਲੀਸ ਅਨੁਸਾਰ ਇਸ ਮਾਮਲੇ ਵਿੱਚ ਦਿਲਾਵਰ ਸਿੰਘ ਦੇ 11 ਹੋਰ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਦਿਲਾਵਰ ਨੂੰ 11 ਜਨਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
INDIA ਦਿੱਲੀ ਹਵਾਈ ਅੱਡੇ ਤੋਂ ਬੱਬਰ ਖਾਲਸਾ ਦਾ ਕਾਰਕੁਨ ਗ੍ਰਿਫ਼ਤਾਰ