ਦਿੱਲੀ ਸਰਕਾਰ ਵੱਲੋਂ ਰੈਸਤਰਾਂ ਤੇ ਬਾਰਾਂ ਨੂੰ ਰਾਹਤ

ਨਵੀਂ ਦਿੱਲੀ (ਸਮਾਜਵੀਕਲੀ) :   ਦਿੱਲੀ ਸਰਕਾਰ ਨੇ ਰਾਜਧਾਨੀ ਦੇ ਰੈਸਤਰਾਂ, ਬਾਰਾਂ, ਹੋਟਲਾਂ ਤੇ ਕਲੱਬਾਂ ਨੂੰ 15 ਜੁਲਾਈ ਤੱਕ ਦੀ ਮਿਆਦ ਵਾਲੀ ਬੀਅਰ ਵੇਚਣ ਦੀ ਖੁੱਲ੍ਹ ਦੇ ਦਿੱਤੀ ਹੈ ਤਾਂ ਜੋ ਉਨ੍ਹਾਂ ਦਾ ਵਿੱਤੀ ਨੁਕਸਾਨ ਨਾ ਹੋਵੇ ਕਿਉਂਕਿ ਤਾਲਾਬੰਦੀ ਦੌਰਾਨ ਦਿੱਲੀ ਸਰਕਾਰ ਨੇ ਦਿੱਲੀ ਦੇ ਸਾਰੇ ਠੇਕੇ ਬੰਦ ਕਰ ਦਿੱਤੇ ਸਨ। ਕੇਂਦਰ ਸਰਕਾਰ ਦੇ ਅਚਾਨਕ ਲਏ ਫ਼ੈਸਲੇ ਮਗਰੋਂ ਲਾਗੂ ਕੀਤੇ ਲੌਕਡਾਊਨ ਕਰਕੇ ਉਨ੍ਹਾਂ ਦੀ ਖ਼ਰੀਦੀ ਬੀਅਰ ਬਚ ਗਈ ਸੀ। ਦਿੱਲੀ ਵਿੱਚ ਕਰੀਬ 950 ਹੋਟਲ, ਕਲੱਬਾਂ ਤੇ ਰੈਸਤਰਾਂ ਹਨ ਜਿੱਥੇ ਬੀਅਰ ਬਾਰਾਂ ਹਨ।

ਇਨ੍ਹਾਂ ਕੋਲ ਆਬਕਾਰੀ ਲਾਈਸੈਂਸ ਹੈ ਪਰ ਲੌਕਡਾਊਨ ਲਾਗੂ ਹੋਣ ਮਗਰੋਂ 25 ਮਾਰਚ 2020 ਤੋਂ ਠੇਕੇ ਅਤੇ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ ਅਤੇ ਮੁੜ 4 ਜੂਨ ਨੂੰ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਕੁਝ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਤੇ ਲੋਕਾਂ ਦੀ ਭੀੜ ਠੇਕਿਆਂ ’ਤੇ ਟੁੱਟ ਕੇ ਪੈ ਗਈ। ਅਗਲੇ ਹੀ ਦਿਨ ਦਿੱਲੀ ਸਰਕਾਰ ਨੇ ਸ਼ਰਾਬ ਦੀਆਂ ਸਾਰੀਆਂ ਕਿਸਮਾਂ ’ਤੇ 70 ਫ਼ੀਸਦ ਕਰੋਨਾ ਕਰ ਲਾ ਦਿੱਤਾ ਸੀ, ਜਿਸ ਕਰਕੇ ਭਾਅ ਵਧ ਗਏ।

ਹਾਲਾਂਕਿ ਭਾਅ ਵਧਣ ਦੇ ਕੁਝ ਦਿਨਾਂ ਮਗਰੋਂ ਸ਼ਰਾਬ ਦੀ ਵਿਕਰੀ ਘੱਟਣ ਨਾਲ ਸਰਕਾਰ ਨੂੰ ਮਾਲੀਆ ਘੱਟ ਮਿਲਣ ਲੱਗਿਆ ਤੇ 70 ਫ਼ੀਸਦ ਕਰੋਨਾ ਕਰ ਵਾਪਸ ਲੈ ਲਿਆ ਗਿਆ ਪਰ ਵੈਟ ਵਧਾ ਦਿੱਤਾ ਸੀ। ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਆਬਕਾਰੀ ਮਹਿਕਮੇ ਨੇ ਰੈਸਤਰਾਂ, ਬਾਰਾਂ, ਹੋਟਲਾਂ ਤੇ ਕਲੱਬਾਂ ਨੂੰ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ’ਤੇ 15 ਜੁਲਾਈ ਤੱਕ ਬੀਅਰ ਦੀ ਵਿਕਰੀ ਦੇ ਪਏ ਆਪਣੇ ਭੰਡਾਰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ਦੀ ਮਿਆਦ 15 ਜੁਲਾਈ ਤੱਕ ਹੀ ਸੀ। ਅਧਿਕਾਰੀ ਮੁਤਾਬਿਕ ਬੀਅਰ ਦੀ ਪੀਣਯੋਗ ਉਮਰ ਕਰੀਬ 6 ਮਹੀਨੇ ਹੁੰਦੀ ਹੈ।

ਹੁਣ ਹੋਟਲਾਂ, ਕਲੱਬਾਂ ਤੇ ਰੈਸਤਰਾਂ ਦੇ ਪ੍ਰਬੰਧਕਾਂ ਵੱਲੋਂ ‘ਬਾਰਕੋਡ’ ਦੇ ਨਾਲ ਸਾਰੇ ਬੀਅਰ ਸਟਾਕ ਦੀ ਇਕ ਸੂਚੀ ਤਿਆਰ ਕੀਤੀ ਜਾਵੇਗੀ ਜੋ ਲਾਈਸੈਂਸਧਾਰਕ ਨੂੰ ਤਬਦੀਲ ਕੀਤੀ ਜਾਵੇਗੀ। ਬੀਅਰ ਭੰਡਾਰ ਨੂੰ ਤਬਦੀਲ ਕਰਨ ਦੀ ਬੇਨਤੀ ਨਾਲ ਹੋਟਲ, ਕਲੱਬਾਂ ਤੇ ਰੈਸਤਰਾਂ ਤੋਂ ਲਾਈਸੈਂਸਸ਼ੁਦਾ ਵਿਕਰੇਤਾ ਤੋਂ ਪ੍ਰਾਪਤ ਸਹਿਮਤੀ ਪੱਤਰ ਅਾਬਕਾਰੀ ਮਹਿਕਮੇ ਕੋਲ ਜਮ੍ਹਾਂ ਕਰਵਾਉਣਗੇ। ਇਸ ਲਈ ਹੋਟਲਾਂ, ਕਲੱਬਾਂ, ਰੈਸਤਰਾਂ ਦੇ ਪ੍ਰਬੰਧਕਾਂ ਨੂੰ ਸ਼ਰਾਬ ਦੇ ਕਾਰੋਬਾਰੀਆਂ ਨਾਲ ਇਕ ਸਹਿਮਤੀ ਕਰਨੀ ਲਾਜ਼ਮੀ ਹੋਵੇਗੀ।

Previous article’ਵਰਸਿਟੀਆਂ ਨੂੰ ਮਹਾਮਾਰੀ ’ਚ ਪ੍ਰੀਖਿਆਵਾਂ ਨਹੀਂ ਲੈਣੀਆਂ ਚਾਹੀਦੀਆਂ: ਸਿੱਬਲ
Next articleਬੇਅੰਤ ਸਿੰਘ ਪਰਿਵਾਰ ਤੋਂ ਸਰਕਾਰੀ ਰਿਹਾਇਸ਼ ਖੁੱਸੀ