ਚੋਣ ਨਤੀਜੇ 11 ਫਰਵਰੀ ਨੂੰ; 21 ਜਨਵਰੀ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ
* ਇਕੋ ਗੇੜ ’ਚ 70 ਸੀਟਾਂ ’ਤੇ ਪੈਣਗੀਆਂ ਵੋਟਾਂ
ਨਵੀਂ ਦਿੱਲੀ– ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਾਂ ਅਗਲੇ ਮਹੀਨੇ 8 ਫਰਵਰੀ ਨੂੰ ਪੈਣਗੀਆਂ ਅਤੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਦਿੱਲੀ ’ਚ ਇਕੋ ਗੇੜ ’ਚ ਸਾਰੇ ਹਲਕਿਆਂ ’ਚ ਵੋਟਾਂ ਪੈਣਗੀਆਂ। ਚੋਣਾਂ ਦੇ ਐਲਾਨ ਨਾਲ ਦਿੱਲੀ ’ਚ ਚੋਣ ਜ਼ਾਬਤਾ ਲੱਗ ਗਿਆ ਹੈ। ਦਿੱਲੀ ਵਿੱਚ 2,689 ਥਾਵਾਂ ਉਪਰ 13,750 ਬੂਥ ਬਣਾਏ ਗਏ ਹਨ। 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਕੁੱਲ 70 ਵਿੱਚੋਂ 67 ਸੀਟਾਂ ਜਿੱਤੀਆਂ ਸਨ। ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਸਨ ਪਰ ਕਾਂਗਰਸ ਦਾ ਮੁਕੰਮਲ ਸਫਾਇਆ ਹੋ ਗਿਆ ਸੀ। ਬਾਅਦ ਵਿੱਚ ਰਾਜੌਰੀ ਗਾਰਡਨ ’ਚ ਹੋਈ ਜ਼ਿਮਨੀ ਚੋਣ ’ਚ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ) ਨੇ ਜਿੱਤ ਹਾਸਲ ਕੀਤੀ ਸੀ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦਾ ਨੋਟੀਫਿਕੇਸ਼ਨ 14 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ 21 ਜਨਵਰੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 22 ਜਨਵਰੀ ਨੂੰ ਹੋਵੇਗੀ ਅਤੇ 24 ਜਨਵਰੀ ਤੱਕ ਨਾਮ ਵਾਪਸ ਲਏ ਜਾ ਸਕਣਗੇ। ਚੋਣਾਂ ਲਈ ਲਗਭਗ 90 ਹਜ਼ਾਰ ਪੋਲ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਦਿੱਲੀ ਵਿਚ ਤਕਰੀਬਨ 1.46 ਕਰੋੜ ਵੋਟਰ ਹਨ। ਮੌਜੂਦਾ ਦਿੱਲੀ ਅਸੈਂਬਲੀ ਦਾ ਕਾਰਜਕਾਲ 22 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਨਵੇਂ ਸਦਨ ਦਾ ਗਠਨ ਕੀਤਾ ਜਾਣਾ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਰਣਬੀਰ ਸਿੰਘ ਨੇ ਕਿਹਾ ਕਿ ਅੰਤਿਮ ਵੋਟਰ ਸੂਚੀ ਵਿੱਚ ਕੁੱਲ 1,46,92,136 ਵੋਟਰ ਹਨ ਜਿਨ੍ਹਾਂ ’ਚੋਂ 80,55,686 ਪੁਰਸ਼, 66,35,635 ਔਰਤਾਂ ਅਤੇ 815 ਤੀਸਰੇ ਲਿੰਗ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸਾਰੇ ਵੋਟਰਾਂ ਨੂੰ ਕਿ ਕਿਊਆਰ ਕੋਡ ਯੋਗ ਵੋਟਰਾਂ ਦੀ ਪਰਚੀ ਮੁਹੱਈਆ ਕਰਵਾਈ ਜਾਏਗੀ। ਉਨ੍ਹਾਂ ਮੁਤਾਬਕ ਦਿੱਲੀ ਵਿੱਚ 11.55 ਲੱਖ ਤੋਂ ਵੱਧ ਅਜਿਹੇ ਵੋਟਰ ਹਨ ਜੋ ‘ਏਐਸਡੀ’ (ਗੈਰਹਾਜ਼ਰ, ਤਬਦੀਲ, ਮ੍ਰਿਤਕ) ਸੂਚੀ ਵਿੱਚ ਆਉਂਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਮੇਂ ਵੋਟਰ ਸੂਚੀ ਵਿੱਚ ਨਾਗਰਿਕਤਾ ਸੋਧ ਐਕਟ (ਸੀਏਏ) ਅਧੀਨ ਆਉਂਦੇ ਸ਼ਰਨਾਰਥੀਆਂ ਬਾਰੇ ਕੋਈ ਨਿਰਦੇਸ਼ ਨਹੀਂ ਹਨ। ਸਾਲ 2019 ਦੀ ਅੰਤਿਮ ਵੋਟਰ ਸੂਚੀ ਦੀ ਤੁਲਨਾ ਵਿਚ 1 ਜਨਵਰੀ 2020 ਤੱਕ ਦਿੱਲੀ ਵਿਚ ਵੋਟਰਾਂ ਦੀ ਗਿਣਤੀ ਵਿਚ 9.96 ਲੱਖ ਦਾ ਵਾਧਾ ਹੋਇਆ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੀ ਛੇਤੀ ਮੀਟਿੰਗ ਕਰਕੇ ਉਨ੍ਹਾਂ ਨੂੰ ਅੰਤਿਮ ਵੋਟਰ ਸੂਚੀ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਦਿੱਲੀ ’ਚ ਸੀਏਏ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਹੋਏ ਹੰਗਾਮੇ ਕਾਰਨ ਰਾਜਧਾਨੀ ’ਚ ਅਮਨ ਕਾਨੂੰਨ ਦੀ ਹਾਲਤ ਬਾਰੇ ਸਵਾਲ ਪੁੱਛਣ ’ਤੇ ਮੁੱਖ ਚੋਣ ਕਮਿਸ਼ਨਰ ਨੇ ਆਸ ਜਤਾਈ ਕਿ ਪੁਲੀਸ ਹਾਲਾਤ ’ਤੇ ਕਾਬੂ ਪਾ ਕੇ ਚੋਣਾਂ ਲਈ ਸੁਖਾਵਾਂ ਮਾਹੌਲ ਬਣਾਏਗੀ।