ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਨਵੀਂ ਦਿੱਲੀ (ਸਮਾਜਵੀਕਲੀ) :  ਉਪ ਰਾਜਪਾਲ ਅਨਿਲ ਬੈਜਲ ਨੇ ਅੱਜ ਛੱਤਰਪੁਰ ਦੇ ਦਸ ਹਜ਼ਾਰ ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ‘ਡੀਆਰਡੀਓ’ ਵੱਲੋਂ ਕੋਵਿਡ-19 ਮਰੀਜ਼ਾਂ ਲਈ 12 ਦਿਨਾਂ ’ਚ ਕਾਇਮ ਕੀਤੇ 1000 ਬਿਸਤਰਿਆਂ ਵਾਲੇ ਹਸਪਤਾਲ ਦਾ ਦੌਰਾ ਕੀਤਾ।

ਹਸਪਤਾਲ ਵਿੱਚ 250 ਬਿਸਤਰੇ ਆਈਸੀਯੂ ਸਹੂਲਤ ਨਾਲ ਲੈੱਸ ਹਨ। ਸ੍ਰੀ ਸ਼ਾਹ ਨੇ ਦੱਸਿਆ ਕਿ ਸਰਦਾਰ ਪਟੇਲ ਕੋਵਿਡ ਹਸਪਤਾਲ 12 ਦਿਨਾਂ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ, ਸਿਹਤ ਮੰਤਰਾਲੇ ਤੇ ਹਥਿਆਰਬੰਦ ਫ਼ੌਜਾਂ ਤੇ ਟਾਟਾ ਟਰੱਸਟ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ। ਇਸ ਵਿੱਚ 250 ਆਈਸੀਯੂ ਬਿਸਤਰੇ ਹਨ।

ਉਨ੍ਹਾਂ ਦੱਸਿਆ ਕਿ ਫ਼ੌਜ ਦੀ ਡਾਕਟਰੀ ਟੀਮ ਇਸ ਹਸਪਤਾਲ ਨੂੰ ਚਲਾਏਗੀ ਤੇ ਡੀਆਰਡੀਓ ਰੱਖ-ਰਖਾਅ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁਸ਼ਕਲ ਦੌਰ ’ਚ ਦਿੱਲੀ ਵਾਸੀਆਂ ਦੀ ਮਦਦ ਲਈ ਪੂਰੀ ਤਰ੍ਹਾਂ ਵਚਨਵੱਧ ਹਨ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਡੀਆਰਡੀਓ ਦਾ ਹਜ਼ਾਰ ਬਿਸਤਰਿਆਂ ਦਾ ਹਸਪਤਾਲ ਤਿਆਰ ਹੈ। ਉਨ੍ਹਾਂ ਦਿੱਲੀ ਵਾਸੀਆਂ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮੇਂ ਦਿੱਲੀ ਨੂੰ ਆਈਸੀਯੂ ਵਾਲੇ ਬਿਸਤਰਿਆਂ ਬਹੁਤ ਲੋੜ ਹੈ।

ਇਸੇ ਦੌਰਾਨ ਦਿੱਲੀ ਦੇ ਉਪ ਰਾਜਪਾਲ ਵੱਲੋਂ ਛੱਤਰਪੁਰ ਰਾਧਾ ਸਵਾਮੀ ਸਤਿਸੰਗ ਕੇਂਦਰ ਵਿੱਚ ਦਸ ਹਜ਼ਾਰ ਬਿਸਤਰਿਆਂ ਵਾਲੇ ਕੋਵਿਡ ਕੇਅਰ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਹ ਵਿਸ਼ਵ ਦਾ ਸਭ ਤੋਂ ਵੱਡਾ ਕੋਵਿਡ ਕੇਂਦਰ ਹੈ ਜੋ 1700 ਫੁੱਟ ਲੰਬਾ ਤੇ 700 ਫੁੱਟ ਚੌੜਾ ਹੈ ਜੋ 20 ਫੁੱਟਬਾਲ ਖੇਡ ਮੈਦਾਨਾਂ ਦੇ ਬਰਾਬਰ ਹੈ। ਉਪ ਰਾਜਪਾਲ ਸ੍ਰੀ ਬੈਜਲ ਕਿਹਾ ਕਿ ਸਰਦਾਰ ਪਟੇਲ ਕੇਂਦਰ ਤੇ ਇਹ ਹਸਪਤਾਲ ਦਿੱਲੀ ਅਤੇ ਐੱਨਸੀਆਰ ਦੇ ਕਰੋਨਾ ਪੀੜਤਾਂ ਲਈ ਬਣਾਏ ਗਏ ਹਨ।

ਡਾਕਟਰਾਂ ਦੀ ਟੀਮ ਇਸ ਸਹੂਲਤ ਦੀ ਦੇਖਭਾਲ ਕਰੇਗੀ ਤੇ ਸਰਦਾਰ ਪਟੇਲ ਤੇ ਇਸ ਹਸਪਤਾਲ ਦੇ ਦਸ ਫ਼ੀਸਦੀ ਬਿਸਤਰੇ ਆਕਸੀਜਨ ਸਹੂਲਤਾਂ ਨਾਲ ਲੈੱਸ ਹਨ। ਦੱਖਣੀ ਦਿੱਲੀ ਨਗਰ ਨਿਗਮ ਸਫ਼ਾਈ ਦਾ ਜ਼ਿੰਮਾ ਸਾਂਭ ਰਹੀ ਹੈ ਤੇ ਦਿੱਲੀ ਜਲ ਬੋਰਡ ਨੇ ਪਾਣੀ ਮੁੱਹਈਆ ਕਰਵਾਇਆ ਹੈ। ਆਈਟੀਬੀਪੀ ਪ੍ਰਬੰਧ ਸਾਂਭ ਰਹੀ ਹੈ। ਆਈਟੀਬੀਪੀ ਵੱਲੋਂ ਨੋਇਡਾ ਵਿੱਚ ਵੀ ਪੁਲੀਸ ਬਲਾਂ ਲਈ 200 ਬਿਸਤਰਿਆਂ ਦਾ ਕੇਂਦਰ ਚਲਾਇਆ ਜਾ ਰਿਹਾ ਹੈ।

Previous articleਲਾਕਡਾਊਨ ਸਕੂਲ ਮਾਫੀਆ ਦੀ ਮਿਲੀਭੁਗਤ ਨਾਲ ਪੀੜਤ ਬੱਚੇ ਅਤੇ ਮਾਪੇ
Next articleਮੋਦੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ