ਦਿੱਲੀ ਦੇ ਸਿੱਖ ਲੀਡਰਾਂ ਦੀ ਭਰਾ ਮਾਰੂ ਜੰਗ

– ਸ਼ੰਗਾਰਾ ਸਿੰਘ ਭੁੱਲਰ

ਮੋਬਾਈਲ 98141 22870
ਈ-ਮੇਲ : shangarasinghbhullar@gmail.com

ਦਿੱਲੀ ਦੇ ਸਿੱਖ ਲੀਡਰ ਆਪਸ ਵਿਚ ਲੜ ਭਿੜ ਕੇ ਜਿਵੇਂ ਇਕ ਦੂਜੇ ਨੂੰ ਮਰਨ ਮਾਰਨ ਤੇ ਤੁੱਲੇ ਹੋਏ ਹਨ, ਕੁਝ ਇਸੇ ਤਰ੍ਹਾਂ ਦੀ ਭਵਿੱਖਬਾਣੀ ਲਗਪਗ ਅੱਧੀ ਸਦੀ ਪਹਿਲਾਂ ਦਿੱਲੀ ਦੇ ਇਕ ਸਿੱਖ ਲੀਡਰ ਅਤੇ ਸਿੱਖ ਬਰਦਰਹੁੱਡ ਇੰਟਰਨੈਸ਼ਨਲ ਦੇ ਚੇਅਰਮੈਨ ਬਖਸ਼ੀ ਜਗਦੇਵ ਸਿੰਘ ਨੇ ਕੀਤੀ ਸੀ। ਸ੍ਰੀ ਬਖਸ਼ੀ ਆਪਸੀ ਸਿੱਖ ਏਕਤਾ ਦੇ ਕੱਟੜ ਹਾਮੀ ਸਨ ਅਤੇ ਇਹ ਉਹੀਓ ਸੱਜਣ ਪੁਰਸ਼ ਸਨ ਜਿੰਨ੍ਹਾਂ ਦਾ ਬੇਟਾ ਕੰਵਲਜੀਤ ਸਿੰਘ ਬਖਸ਼ੀ ਪਿਛਲੇ ਕਈ ਵਰਿਆਂ ਤੋਂ ਨਿਊਜੀਲੈਂਡ ਪਾਰਲੀਮੈਂਟ ਦਾ ਮੈਂਬਰ ਚਲਿਆ ਆ ਰਿਹਾ ਹੈ। ਇਸੇ ਬਖਸ਼ੀ ਜੀ ਨੇ ਉਦੋਂ ਦਿੱਲੀ ਦੀਆਂ ਕੰਧਾਂ ਅਤੇ ਗਲੀ ਕੂਚਿਆਂ ਵਿਚ ਥਾਂ ਥਾਂ ਇਹ ਨਾਹਰੇ ਲਿਖਵਾਏ ਸਨ :
‘‘ਸਿੱਖ ਨੂੰ ਸਿੱਖ ਮਾਰੇ ਜਾਂ ਮਾਰੇ ਕਰਤਾਰ! ਸਿੱਖ ਜੇ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੀ ਨਾ ਹਾਰੇ।”

ਉਂਜ ਤਾਂ ਸਿੱਖ ਸਿਆਸਤ ਵਿਚ ਸ਼ੁਰੂ ਤੋਂ ਹੀ ਇਸ ਦੀ ਕਿਰਦਾਰਕੁਸ਼ੀ ਰਹੀ ਹੈ। ਹਾਂ, ਪਿਛਲੇ ਕੁਝ ਸਮੇਂ ਤੋਂ ਸਿੱਖਰਾਂ ਤੇ ਪੁੱਜ ਗਈ ਹੈ ਖਾਸ ਕਰਕੇ ਦਿੱਲੀ ਦੀ ਸਿੱਖ ਸਿਆਸਤ ਵਿਚ। ਰਤਾ ਪਿਛੋਕੜ ਤੇ ਨਜ਼ਰ ਮਾਰੋ ਤਾਂ ਪੰਥ ਰਤਨ ਮਾਸਟਰ ਤਾਰਾ ਸਿੰਘ ਨਾਲ ਵੀ ਇਹੀਓ ਕੁਝ ਹੋਇਆ ਅਤੇ ਫਿਰ ਸੰਤ ਫਤਹਿ ਸਿੰਘ ਨਾਲ ਵੀ। ਦੂਜੇ ਸ਼ਬਦਾਂ ਵਿਚ ਸਿੱਖਾਂ ਦਾ ਜੋ ਵੀ ਆਗੂ ਬਣਿਆ ਉਦੋਂ ਤਾਂ ਉਸ ਦਾ ਸਵਾਗਤ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਕੀਤਾ ਜਾਂਦਾ ਰਿਹਾ। ਜਦੋਂ ਬਾਹਰ ਕੱਢਿਆ ਜਾਂ ਨਿਕਲ ਗਿਆ ਤਾਂ ਕਿਸੇ ਨੇ ਦੁਆਨੀ ਭਾਅ ਵੀ ਨਹੀਂ ਪੁਛਿੱਆ।
ਅਸਲ ਵਿਚ ਸਿੱਖ ਕੌਮ ਤਾਂ ਬੜੀ ਅਣਖੀਲੀ, ਤਾਕਤਕਵਰ ਅਤੇ ਜੰਗਜੂ ਹੈ। ਦੋਹਾਂ ਵਿਸ਼ਵ ਜੰਗਾਂ ਤੋਂ ਬਿਨਾਂ ਮੁਗ਼ਲਾਂ ਅਤੇ ਅੰਗਰੇਜ਼ਾਂ ਨਾਲ ਲੜੀਆਂ ਗਈਆਂ ਜੰਗਾਂ ਵਿਚ ਇਸ ਨੇ ਤਲਵਾਰਾਂ ਤੇ ਨੇਜਿਆਂ ਦੀਆਂ ਧਾਰਾਂ ਅਤੇ ਘੋੜਿਆਂ ਨੂੰ ਥੰਮਿਆ ਹੈ। ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਦਾ ਵਰਨਣ ਕਰਨ ਵਾਲਾ ਕਿੱਸਕਾਰ ਸ਼ਾਹ ਮੁੰਹਮਦ ਇਕ ਪਾਸੇ ਇਕ ਸਿੱਖ ਲੀਡਰ ਮਹਾਰਾਜਾ ਰਣਜੀਤ ਸਿੰਘ ਅਤੇ ਦੂਜੇ ਪਾਸੇ ਸਿੱਖਾਂ ਦੀ ਬਹਾਦਰੀ ਹੇਠ ਲਿਖੀਆਂ ਸਤਰਾਂ ਵਿਚ ਬਹਾਦਰੀ ਦਾ ਜ਼ਿਕਰ ਕਰਦਾ ਹੈ :
‘‘ਅੱਜ ਹੋਵੇ ਸਰਕਾਰ ’ਤੇ ਮੁਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।’’ ਅਤੇ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆ ਲਹੂ ਨਿਚੋੜ ਸੁੱਟੇ।’’ ਦੇਸ ਦੀ ਜੰਗੇ ਆਜ਼ਾਦੀ ਵਿਚ ਸਿੱਖਾਂ ਦਾ ਬੜਾ ਅਹਿਮ ਰੋਲ ਰਿਹਾ ਹੈ ਜਿਸ ਨੂੰ ਮਹਾਤਮਾ ਗਾਂਧੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਤਸਲੀਮ ਕੀਤਾ ਹੈ। ਪਰ ਸਭ ਮੁਹਾਜ਼ ’ਤੇ ਸਿੱਖ ਲੀਡਰਾਂ ਦੀ ਖੁਦਪ੍ਰਸਤੀ ਅਤੇ ਵਿਕਾਊ ਨੀਤੀ ਨੇ ਇਸ ਦਾ ਬੇੜਾ ਗਰਕ ਕਰ ਛੱਡਿਆ ਹੈ। ਜੋ ਕੁਝ ਚਾਰ ਪੰਜ ਵਰ੍ਹੇ ਪਹਿਲਾਂ ਪੰਜਾਬ ਵਿਚ ਹੋਇਆ ਅਤੇ ਅੱਜ ਦਿੱਲੀ ਵਿਚ ਹੋ ਰਿਹਾ ਹੈ ਇਸ ਨੂੰ ਦੇਖ ਪੜ੍ਹ ਕੇ ਕੌਮ ਤਾਂ ਸ਼ਰਮ ਨਾਲ ਸਿਰ ਨੀਵਾਂ ਕਰੀ ਬੈਠੀ ਹੈ, ਲੀਡਰਾਂ ਨੂੰ ਪਤਾ ਨਹੀਂ ਕੋਈ ਸੰਗ ਸ਼ਰਮ ਆਉਂਦੀ ਹੈ ਜਾਂ ਨਹੀਂ? ਹੋਰ ਬਦਬਖਤੀ ਇਹ ਕਿ ਸਭ ਕੁਝ ਹੋ ਉਦੋਂ ਰਿਹਾ ਹੈ ਜਦੋਂ ਪੂਰਾ ਸੰਸਾਰ ਜਗਤ ਗੁਰੂ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਦੀਆਂ ਤਿਆਰੀਆਂ ਵਿਚ ਰੁੱਝਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹੁਣੇ ਜਿਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਮੂਹਰੇ ਆਪਣੇ ਕੁਝ ਸਾਥੀਆਂ ਨਾਲ ਧਰਨਾ ਮਾਰ ਕੇ ਤੋਸ਼ੇਖਾਨੇ ਦਾ ਹਿਸਾਬ ਮੰਗਿਆ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਮੌਜੂਦਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਕੁਝ ਹੋਰ ਅਹੁਦੇਦਾਰ ਰੱਲ ਕੇ ਮਾਇਆ ਦੀ ਲੁੱਟ ਖਸੁੱਟ ਕਰ ਰਹੇ ਹਨ। ਸਰਨਾ ਇਕ ਵੇਲੇ ਖੁਦ ਇਸ ਕਮੇਟੀ ਦੇ ਪ੍ਰਧਾਨ ਰਹੇ ਹਨ ਅਤੇ ਉਨ੍ਹਾਂ ਦੀ ਵਿਰੋਧੀ ਧਿਰ ਨੇ ਵੀ ਉਨ੍ਹਾਂ ਵਿਰੁਧ ਕਈ ਤਰ੍ਹਾਂ ਦੀਆਂ ਊਜਾਂ ਲਾਈਆਂ ਸਨ। ਇਹ ਮਹਿਜ ਅਦਲੇ ਦਾ ਬਦਲਾ ਵਾਲੀ ਗੱਲ ਹੈ।

ਚਾਹੀਦਾ ਤਾਂ ਇਹ ਹੈ ਕਿ ਜੇ ਇਕ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੋਕਾਂ ਨੇ ਚੁਣਿਆ ਹੈ ਤਾਂ ਉਸ ਨੂੰ ਕੰਮ ਕਰਨ ਦਿਤਾ ਜਾਵੇ। ਕਦੀ ਪਰਮਜੀਤ ਸਿੰਘ ਸਰਨਾ ਗਰੁੱਪ ਨੂੰ ਵੀ ਲੋਕਾਂ ਨੇ ਚੁਣਿਆ ਸੀ। ਜੇ ਹੁਣ ਨਹੀਂ ਚੁਣਿਆ ਤਾਂ ਬਜਾਏ ਇਸ ਤਰ੍ਹਾਂ ਦਾ ਵਿਰੋਧ ਕਰਨ ਦੇ ਉਹ ਦਿੱਲੀ ਦੇ ਸਿੱਖਾਂ ਲਈ ਇਸ ਕਦਰ ਭਲੇ ਦਾ ਕੰਮ ਕਰਨ ਕਿ ਅਗਲੀ ਵਾਰ ਲੋਕ ਇਨ੍ਹਾਂ ਨੂੰ ਜ਼ਰੂਰ ਚੁਣ ਲੈਣ। ਇਹ ਲੋਕਰਾਜੀ ਯੁੱਗ ਹੈ। ਦੂਜੇ ’ਤੇ ਊਜਾਂ ਲਾਇਆਂ ਆਪਣਾ ਆਪ ਹੀ ਛੋਟਾਪਨ ਮਹਿਸੂਸ ਹੋਣ ਲਗਦਾ ਹੈ। ਫਿਰ ਦਿੱਲੀ ਕਮੇਟੀ ਦੇ ਪੁਰਾਣੇ ਅਤੇ ਨਵੇਂ ਅਹੁਦੇਦਾਰ ਤਾਂ ਪਹਿਲਾਂ ਹੀ ਛਿੱਤਰੋ ਛਿਤਰੀ ਹੋ ਰਹੇ ਹਨ ਹਾਲਾਂਕਿ ਇਹ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ। ਇਹ ਇਕ ਦੂਜੇ ਦੀ ਕਿਰਦਾਰਕੁਸ਼ੀ ਵਾਲੀ ਗੱਲ ਹੈ। ਸਿਆਸਤ ਵਿਚ ਭਲੇ ਹੀ ਕੋਈ ਕਿਸੇ ਦਾ ਦੋਸਤ ਦੁਸ਼ਮਣ ਨਹੀਂ। ਆਪਣਿਆਂ ਨਾਲ ਇਸ ਲਹਿਜੇ ਨਾਲ ਪੇਸ਼ ਆਉਣਾ ਵੀ ਠੀਕ ਰਾਹ ਨਹੀਂ। ਇਸ ਵੇਲੇ ਕਮੇਟੀ ਦੇ ਪਹਿਲੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਨਵੇਂ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਿਚਕਾਰ ਇੱਟ ਕੁੱਤੇ ਦੀ ਲੜਾਈ ਹੋ ਰਹੀ ਹੈ। ਦੋਹਾਂ ਧਿਰਾਂ ਵਲੋਂ ਇਕ ਦੂਜੇ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਨੀਵਾਂ ਵਿਖਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਇਕ ਦੂਜੇ ਨੂੰ ਮਾਰਨ ਨਾਲੋਂ ਘੱਟ ਨਹੀਂ। ਆਖਰ ਇਸ ਤਰ੍ਹਾਂ ਉਸ ਲੀਡਰ ਨੂੰ ਅਜੇਹੇ ਦੋਸ਼ਾਂ ਕਰਕੇ ਸਮਾਜ ਵਿਚ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ ਜਾਂਦਾ। ਭਾਵੇਂ ਦੂਜੀਆਂ ਸਿਆਸੀ ਪਾਰਟੀਆਂ ਵਿਚ ਵੀ ਇਸ ਤਰ੍ਹਾਂ ਦਾ ਵਰਤਾਰਾ ਹੈ। ਜਿੰਨਾ ਸਿੱਖ ਸਿਆਸਤ ਵਿਚ ਹੈ ਉਨਾ ਸ਼ਾਇਦ ਹੋਰ ਕਿਸੇ ਵਿਚ ਨਹੀਂ। ਹੁਣ ਤਾਂ ਹੱਦ ਹੀ ਹੋ ਗਈ ਹੈ।

ਪੰਜਾਬ ਤੋਂ ਬਾਅਦ ਦਿੱਲੀ ਸਿੱਖੀ ਦਾ ਇਕ ਹੋਰ ਅਹਿਮ ਧੁਰਾ ਹੈ। ਇਥੇ ਜੋ ਵੀ ਵਾਪਰਦਾ ਹੁੰਦਾ ਹੈ, ਮਿੰਟਾਂ ਸਕਿੰਟਾਂ ਵਿਚ ਦੁਨੀਆ ਵਿਚ ਛਾ ਜਾਂਦਾ ਹੈ। ਸਿੱਖ ਲੀਡਰ ਹਨ ਕਿ ਉਨ੍ਹਾਂ ਨੂੰ ਇਸ ਦੀ ਲੱਥੀ ਚੜੀ ਨਹੀਂ। ਪੰਜਾਬ ਵਿਚ ਛੋਟੇ ਮੋਟੇ ਅਕਾਲੀ ਦਲਾਂ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਹੈ ਜਿਸ ਦੀ ਵਾਗਡੋਰ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿਚ ਸੀ ਅਤੇ ਹੁਣ ਸੁਖਬੀਰ ਬਾਦਲ ਦੇ ਹੱਥਾਂ ਵਿਚ। ਦੂਜੇ ਪਾਸੇ ਦਿੱਲੀ ਵਿਚ ਸਿੱਖਾਂ ਦੇ ਦੋ ਵੱਡੇ ਧੜੇ ਹਨ। ਇਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਦੂਜਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਪਰਮਜੀਤ ਸਿੰਘ ਸਰਨਾ ਧੜਾ। ਦਿੱਲੀ ਵਿਚ ਉਂਜ ਇਕ ਵੇਲੇ ਪੰਜਾਬ ਵਾਂਗ ਇਕ ਧੜਾ ਹੀ ਹੁੰਦਾ ਸੀ – ਬਾਦਲ ਅਕਾਲੀ ਦਲ ਅਤੇ ਪਰਮਜੀਤ ਸਿੰਘ ਸਰਨਾ ਇਸ ਦਾ ਇਕ ਥੰਮ ਸੀ। ਬਾਅਦ ’ਚ ਸਰਨਾ ਅਤੇ ਬਾਦਲ ’ਚ ਮਤਭੇਦ ਹੋਣ ਕਾਰਨ ਦੋ ਗਰੁੱਪ ਬਣ ਗਏ। ਬਾਦਲ ਧੜਾ ਨਰਿੰਦਰ ਮੋਦੀ ਦੀ ਐਨ.ਡੀ.ਏ. ਨਾਲ ਤਾਅਲੁਕ ਰਖਦਾ ਹੈ ਅਤੇ ਸਰਨਾ ਧੜਾ ਯੂ.ਪੀ.ਏ. ਨਾਲ ਯਾਨੀ ਕਾਂਗਰਸ ਪੱਖੀ। ਦੋਹਾਂ ਵਿਚ ਸ਼ੁਰੂ ਤੋਂ ਸਿਰ ਵੱਢਵਾਂ ਵੈਰ ਚਲ ਰਿਹਾ ਹੈ ਅਤੇ ਹਰ ਵੇਲੇ ਇਕ ਦੂਜੇ ਦੀ ਇੱਟ ਨਾਲ ਇੱਟ ਖੜਕਾਉਣ ਵਿਚ ਲੱਗੇ ਹੋਏ ਹਨ।

ਸਹੀ ਅਰਥਾਂ ਵਿਚ ਇਹ ਦੋਵੇਂ ਧੜੇ ਆਪਣੀ ਚੌਧਰ ਸੰਭਾਲਦੇ ਰਹੇ ਹਨ। ਮੌਟੇ ਤੌਰ ਤੇ ਦਿੱਲੀ ਦੇ ਸਿੱਖਾਂ ਦਾ ਬਹੁਤਾ ਕੁਝ ਨਹੀਂ ਸੰਵਾਰਿਆ। ਉਪਰੋਕਤ ਦੀ ਰੌਸ਼ਨੀ ਵਿਚ ਦਿੱਲੀ ਦੇ ਹੀ ਸੱਤਰਵਿਆਂ ਦੇ ਇਕ ਧੜੱਲੇਦਾਰ ਸਿੱਖ ਨੇਤਾ ਜਥੇਦਾਰ ਸੰਤੋਖ ਸਿੰਘ ਦਾ ਜ਼ਿਕਰ ਕਰਨਾ ਵਾਜਬ ਹੋਵੇਗਾ। ਇਹ ਜਥੇਦਾਰ ਸੰਤੋਖ ਸਿੰਘ ਹੀ ਸੀ ਜਿਸਨੇ ਗੁਰਦੁਆਰਾ ਸੀਸਗੰਜ ਨੇੜਲੀ ਕੌਤਵਾਲੀ ਦਾ ਹਿੱਸਾ ਇੰਦਰਾ ਗਾਂਧੀ ’ਤੇ ਜ਼ੋਰ ਪਾ ਕੇ ਖਾਲੀ ਕਰਵਾਇਆ। ਇਹ ਵੀ ਜਥੇਦਾਰ ਸੰਤੋਖ ਸਿੰਘ ਹੀ ਸੀ ਜਿਸਨੇ ਗੁਰਦੁਆਰਾ ਬੰਗਲਾ ਸਾਹਿਬ ਨੇੜਲੀਆਂ ਚੈਂਬਰੀਆਂ ਖਾਲੀ ਕਰਵਾਈਆਂ ਜਿਥੇ ਹੁਣ ਸਰੋਵਰ ਬਣਿਆ ਹੋਇਆ ਹੈ। ਗੁਰਦੁਆਰਾ ਬੰਗਲਾ ਸਾਹਿਬ ਦੇ ਐਨ ਮੂਹਰਿਉਂ ਦੀ ਲੰਘਦੀ ਸੜਕ ਵੀ ਜਥੇਦਾਰ ਸੰਤੋਖ ਸਿੰਘ ਨੇ ਹੀ ਬੰਦ ਕਰਵਾਈ। ਸਿੱਖ ਕੌਮ ਦਾ ਦੁਖਾਂਤ ਇਹ ਕਿ ਇਹ ਲੀਡਰ ਵੀ ਆਪਣਿਆਂ ਦੇ ਹੱਥੋਂ ਹੀ ਜਾਨੋਂ ਮਾਰਿਆ ਗਿਆ ਅਤੇ ਅੱਜ ਤਕ ਇਹ ਉੱਘ ਸੁੱਘ ਨਹੀਂ ਨਿਕਲ ਸਕੀ ਕਿ ਇਹ ਕਤਲ ਕਿਵੇਂ ਅਤੇ ਕਿਉਂ ਹੋਇਆ?

ਸਿੱਖ ਨੇਤਾਵਾਂ ਵਿਚ ਲੜਾਈਆਂ ਪਹਿਲਾਂ ਵੀ ਹੁੰਦੀਆਂ ਸਨ ਉਹ ਆਪਸੀ ਘੱਟ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਵਧੇਰੇ ਸਨ। ਅੱਜ ਸਿੱਖ ਕੌਮ ਦੇ ਜਿੰਨੇ ਵੀ ਵੱਡੇ ਛੋਟੇ ਲੀਡਰ ਹਨ ਜ਼ਰਾ ਆਪਣੀ ਹਿੱਕ ਤੇ ਹੱਥ ਰੱਖ ਕੇ ਦਸਣ ਕਿ ਉਨ੍ਹਾਂ ਨੇ ਕੌਮ ਦਾ ਕੀ ਕੀ ਸਵਾਰਿਆ ਹੈ? ਜੇ ਨਹੀਂ ਤਾਂ ਕਿਉਂ ਨਹੀਂ? ਉਨ੍ਹਾਂ ਨੇ ਕੌਮ ਦਾ ਮੁੱਲ ਵੱਟ ਕੇ ਜੇਬ ਵਿਚ ਪਾ ਲਿਆ ਹੈ। ਅੱਜ ਦਿੱਲੀ ਦੀ ਸਿੱਖ ਸਿਆਸਤ ਵਿਚ ਅਤੇ ਖਾਸ ਕਰਕੇ ਦਿੱਲੀ ਗੁਰਦੁਆਰਾ ਕਮੇਟੀ ਵਿਚ ਜੋ ਭਰਾ ਮਾਰੂ ਜੰਗ ਚਲ ਰਹੀ ਹੈ ਉਸ ਨੂੰ ਸਿੱਖ ਲੀਡਰਸ਼ਿਪ ਠੱਲ ਕਿਉਂ ਨਹੀਂ ਪਾ ਰਹੀ? ਕਿਉਂ ਬਾਹਰ ਖੜੀ ਹੋ ਕੇ ਤਮਾਸ਼ਾ ਵੇਖ ਰਹੀ ਹੈ? ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਗੇ ਨਤਮਸਤਕ ਹੋ ਕੇ ‘‘ਮਨ ਨੀਵਾਂ ਮਤ ਉੱਚੀ’’ ਦੀ ਅਰਦਾਸ ਕਰਦੇ ਹਾਂ। ਸਭ ਕੁਝ ਉਲਟਾ ਕਿਉਂ ਹੋ ਰਿਹਾ ਹੈ? ਜ਼ਰਾ ਤਾਂ ਆਤਮ ਮੰਥਨ ਕਰੋ ਆਪਣਾ।

 

Previous articleਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ: ਭਾਰਤ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ
Next articleBSF, BGB discuss steps to curb trans-border crime