ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੀ ਇਕ ਮਹਿਲਾ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਈਮੇਲ ਭੇਜ ਕੇ ਖੁਦਕੁਸ਼ੀ ਦੀ ਚਿਤਾਵਨੀ ਦਿੱਤੀ ਜਿਸ ਤੋਂ ਬਾਅਦ ਲੰਡਨ ਸਥਿਤ ਭਾਰਤੀ ਸਫਾਰਤਖਾਨਾ, ਇਥੋਂ ਦਾ ਵਿਦੇਸ਼ ਮੰਤਰਾਲਾ ਅਤੇ ਦਿੱਲੀ ਪੁਲੀਸ ਹਰਕਤ ਵਿੱਚ ਆਈ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਪੁਲੀਸ ਨੇ ਦੱਸਿਆ ਕਿ ਬੁੱਧਵਾਰ ਰਾਤ ਮਹਿਲਾ ਨੇ ਈਮੇਲ ਰਾਹੀਂ ਭੇਜੇ ਆਪਣੇ ਸੁਨੇਹੇ ਵਿੱਚ ਕਿਹਾ, ਕਿ ਜੇ ਦੋ ਘੰਟਿਆਂ ਵਿੱਚ ਉਸਨੂੰ ਮਦਦ ਨਾ ਮਿਲੀ ਤਾਂ ਉਹ ਖੁਦਕੁਸ਼ੀ ਕਰ ਲਏਗੀ।
ਪੁਲੀਸ ਅਨੁਸਾਰ ਇਹ ਮਹਿਲਾ ਆਪਣੀ ਸ਼ਾਦੀ ਟੁੱਟਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਜਾਪ ਰਹੀ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੰਡਨ ਸਥਿਤ ਭਾਰਤੀ ਸਫਾਰਤਖਾਨੇ ਨੂੰ ਤੁਰਤ ਇਸ ਦੀ ਸੂਚਨਾ ਦਿੱਤੀ ਗਈ, ਜਿਸ ਨੇ ਵਿਦੇਸ਼ ਮੰਤਰਾਲੇ ਦੇ ਇਥੋਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਤੁਰਤ ਕਾਰਵਾਈ ਕਰਨ ਲਈ ਕਿਹਾ। ਇਹ ਮਾਮਲਾ ਰੋਹਿਣੀ ਦੇ ਅਮਰ ਵਿਹਾਰ ਪੁਲੀਸ ਥਾਣੇ ਵਿੱਚ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਪੁਲੀਸ ਨੇ ਪੀੜਤ ਮਹਿਲਾ ਦਾ ਪਤਾ ਲਗਾਉਣ ਲਈ ਦੇਰ ਰਾਤ ਇਲਾਕੇ ਵਿੱਚ ਘਰ ਘਰ ਜਾ ਕੇ ਉਸ ਦੀ ਤਲਾਸ਼ ਕੀਤੀ ਤੇ ਅਖੀਰ ਦੋ ਘੰਟਿਆਂ ਦੀ ਮੁਸ਼ੱਕਲ ਬਾਅਦ ਉਹ ਮਿਲੀ ਤੇ ਉਸ ਨੂੰ ਬਚਾਅ ਲਿਆ ਗਿਆ।