ਦਿੱਲੀ ਪੁਲੀਸ ਵੱਲੋਂ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ; ਕੇਸ ਅਪਰਾਧ ਸ਼ਾਖਾ ਨੂੰ ਸੌਂਪਿਆ
* ਗ੍ਰਹਿ ਮੰਤਰੀ ਨੇ ਉਪ ਰਾਜਪਾਲ ਤੇ ਐੱਚਆਰਡੀ ਮੰਤਰਾਲੇ ਤੋਂ ਰਿਪੋਰਟ ਲਈ
* ਉਪ ਕੁਲਪਤੀ ਤੋਂ ਅਸਤੀਫ਼ਾ ਲੈਣ ਦੀ ਮੰਗ ਉੱਠੀ
* ਦਿੱਲੀ ਪੁਲੀਸ ਨੇ ਤੱਥਾਂ ਦੀ ਖੋਜ ਲਈ ਕਮੇਟੀ ਬਣਾਈ
* ਆਇਸ਼ੀ ਸਮੇਤ 36 ਜਣਿਆਂ ਨੂੰ ਏਮਜ਼ ’ਚੋਂ ਛੁੱਟੀ ਮਿਲੀ
ਨਵੀਂ ਦਿੱਲੀ- ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਬੁਰਛਾਗਰਦੀ ਖ਼ਿਲਾਫ਼ ਦੇਸ਼ ਭਰ ਅਤੇ ਆਕਸਫੋਰਡ ਤੇ ਕੋਲੰਬੀਆ ਯੂਨੀਵਰਸਿਟੀਆਂ ਸਮੇਤ ਹੋਰਨਾਂ ਵਿਦੇਸ਼ੀ ’ਵਰਸਿਟੀਆਂ ’ਚ ਰੋਹ ਭਖ਼ ਗਿਆ ਹੈ। ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਉੱਠਣ ਲੱਗੀ ਹੈ। ਐਤਵਾਰ ਰਾਤ ਹੋਈ ਹਿੰਸਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਸਮੇਤ 36 ਜਣੇ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਦਿੱਲੀ ਪੁਲੀਸ ਨੇ ਦੰਗਾ ਫ਼ਸਾਦ ਤੇ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਂਜ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਦਿੱਲੀ ਪੁਲੀਸ ਨੇ ਕੇਸ ਅੱਗੇ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਹੈ। ਸ਼ਾਖਾ ਨੇ ‘ਅਹਿਮ ਸਬੂਤ’ ਮਿਲਣ ਦਾ ਦਾਅਵਾ ਕੀਤਾ ਹੈ। ਅਮਨ ਤੇ ਕਾਨੂੰਨ ਬਣਾਈ ਰੱਖਣ ਲਈ ’ਵਰਸਿਟੀ ਕੈਂਪਸ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਉਧਰ ਜੇਐੱਨਯੂ ਪ੍ਰਸ਼ਾਸਨ ਨੇ ਮਨੁੱਖੀ ਵਸੀਲਾ ਵਿਕਾਸ (ਐੱਚਆਰਡੀ) ਮੰਤਰਾਲੇ ਇਸ ਘਟਨਾ ਸਬੰਧੀ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਇਸ ਦੌਰਾਨ ਵਿਰੋਧੀ ਧਿਰਾਂ ਤੇ ਜੇਐੱਨਯੂ ਵਿਦਿਆਰਥੀਆਂ ਨੇ ਹਿੰਸਾ ਲਈ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਸਿਰ ਦੋਸ਼ ਮੜਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੇ ਐੱਚਆਰਡੀ ਮੰਤਰਾਲੇ ਤੋਂ ਸਾਰੀ ਸਥਿਤੀ ਬਾਰੇ ਰਿਪੋਰਟ ਲਈ। ਜੇਐੱਨਯੂ ਹਿੰਸਾ ਦੇ ਰੋਸ ਵਜੋਂ ਪੁੱਡੂਚੇਰੀ ਤੋਂ ਚੰਡੀਗੜ੍ਹ ਅਤੇ ਅਲੀਗੜ੍ਹ ਤੋਂ ਕੋਲਕਾਤਾ ਤਕ ਦੀਆਂ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੇ ਵੱਡੇ ਪ੍ਰਦਰਸ਼ਨ ਕੀਤੇ। ਬੰਗਲੌਰ ਦੀ ਨੈਸ਼ਨਲ ਲਾਅ ਯੂਨੀਵਰਸਿਟੀ, ਆਈਆਈਟੀ ਬੰਬੇ ਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਵਿੱਚ ਹਮਲੇ ਦੇ ਰੋਸ ਵਜੋਂ ਪ੍ਰਦਰਸ਼ਨ ਹੋਏ। ਮੁੰਬਈ ਦੇ ਗੇਟਵੇਅ ਆਫ਼ ਇੰਡੀਆ ’ਤੇ ਵਿਦਿਆਰਥੀਆਂ ਵੱਲੋਂ ਐਤਵਾਰ ਅੱਧੀ ਰਾਤ ਤੋਂ ਸ਼ੁਰੂ ਕੀਤਾ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਨਵੀਂ ਦਿੱਲੀ ’ਚ ਕਾਂਗਰਸ ਪਾਰਟੀ ਦੇ ਯੂਥ ਵਿੰਗ ਨੇ ਕੇਂਦਰੀ ਦਿੱਲੀ ਵਿੱਚ ਟਾਰਚਲਾਈਟਾਂ ਨਾਲ ਮਾਰਚ ਕੱਢਿਆ। ਵਿਦੇਸ਼ਾਂ ਵਿੱਚ ਨੇਪਾਲ, ਬਰਤਾਨੀਆ ਦੀਆਂ ਆਕਸਫੋਰਡ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਸਸੈਕਸ ਅਤੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਇਕੱਤਰ ਹੋ ਕੇ ਰੋਸ ਜਤਾਇਆ।
ਐੱਚਆਰਡੀ ਮੰਤਰਾਲੇ ਨੇ ਅੱਜ ਜੇਐੱਨਯੂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਹਾਲਾਤ ਦਾ ਜਾਇਜ਼ਾ ਲਿਆ। ਹਾਲਾਂਕਿ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਐੱਮ.ਜਗਦੀਸ਼ ਕੁਮਾਰ ਮੌਜੂਦ ਨਹੀਂ ਸਨ। ਉਂਜ ਕੁਮਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਐੱਚਆਰਡੀ ਮੰਤਰਾਲੇ ਨੂੰ ਘਟਨਾ ਸਬੰਧੀ ਤਫ਼ਸੀਲੀ ਰਿਪੋਰਟ ਸੌਂਪ ਦਿੱਤੀ ਗਈ ਹੈ। ਦਿੱਲੀ ਪੁਲੀਸ ਨੇ ਤੱਥਾਂ ਦੀ ਖੋਜ ਲਈ ਪੱਛਮੀ ਰੇਂਜ ਦੇ ਜੁਆਇੰਟ ਕਮਿਸ਼ਨਰ ਆਫ਼ ਪੁਲੀਸ ਸ਼ਾਲਿਨੀ ਸਿੰਘ ਦੀ ਅਗਵਾਈ ਵਿੱਚ ਕਮੇਟੀ ਬਣਾਈ ਹੈ, ਜੋ ਇਸ ਮਾਮਲੇ ਦੀ ਚੱਲ ਰਹੀ ਅਪਰਾਧਿਕ ਜਾਂਚ ਦੇ ਬਰਾਬਰ ਜਾਂਚ ਕਰੇਗੀ। ਦਿੱਲੀ ਪੁਲੀਸ ਦੇ ਤਰਜਮਾਨ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਕੋਲ ਘਟਨਾ ਸਬੰਧੀ ਅਹਿਮ ਸਬੂਤ ਹਨ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਨੂੰ ‘ਸਿਆਸੀ ਜੰਗ ਦਾ ਅਖਾੜਾ’ ਨਹੀਂ ਬਣਾਇਆ ਜਾਣਾ ਚਾਹੀਦਾ। ਉਧਰ ਸਪਾ ਸੁਪਰੀਮੋ ਅਖਿਲੇਸ਼ ਯਾਦਵ, ਬਸਪਾ ਮੁਖੀ ਮਾਇਆਵਤੀ, ਐੱਨਸੀਪੀ ਆਗੂ ਸ਼ਰਦ ਪਵਾਰ ਸਮੇਤ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ, ਸਨਅਤਕਾਰਾਂ ਤੇ ਫ਼ਿਲਮ ਇੰਡਸਟਰੀ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਇਸ ਹਮਲੇ ਨੂੰ ‘ਖੌਫ਼ਨਾਕ’ ਦਸਦਿਆਂ ਨਿਖੇਧੀ ਕੀਤੀ।
ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਜੇਐੱਨਯੂ ਹਿੰਸਾ ਮਾਮਲੇ ’ਚ ਦਿੱਲੀ ਪੁਲੀਸ ਤੇ ’ਵਰਸਿਟੀ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤੇ ਹਨ। ਪੁਲੀਸ ਨੂੰ ਜਾਰੀ ਨੋਟਿਸ ’ਚ ਜਿੱਥੇ ਇਸ ਕੇਸ ਵਿੱਚ ਹੁਣ ਤਕ ਦਾਖ਼ਲ ਐਫ਼ਆਈਆਰ ਬਾਰੇ ਤਫਸੀਲ ਮੰਗੀ ਗਈ ਹੈ, ਉਥੇ ਰਜਿਸਟਰਾਰ ਤੋਂ ਹਿੰਸਾ ਨਾਲ ਸਿੱਝਣ ਵਿੱਚ ਹੋਈ ਦੇਰੀ ਦਾ ਕਾਰਨ ਪੁੱਛਿਆ ਗਿਆ ਹੈ। ਪੁਲੀਸ ਨੂੰ 8 ਜਨਵਰੀ ਨੂੰ ਕਮਿਸ਼ਨ ਦੇ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਭਾਜਪਾ ਦੇ ਭਾਈਵਾਲ ਜੇਡੀਯੂ ਨੇ ਜੇਐੱਨਯੂ ਦੇ ਉਪ ਕੁਲਪਤੀ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕਰਦਿਆਂ ਇਸ ਪੂਰੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਹਿੰਦੂ ਰਕਸ਼ਾ ਦਲ ਨੇ ਐਤਵਾਰ ਰਾਤ ਜੇਐੱਨਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਬੁਰਛਾਗਰਦੀ ਦੀ ਜ਼ਿੰਮੇਵਾਰੀ ਲਈ ਹੈ। ਨਿਊਜ਼ 18 ਨੇ ਇਹ ਦਾਅਵਾ ਆਪਣੀ ਇਕ ਰਿਪੋਰਟ ’ਚ ਕੀਤਾ ਹੈ। ਦਲ ਦੇ ਕੌਮੀ ਪ੍ਰਧਾਨ ਪਿੰਕੀ ਚੌਧਰੀ ਨੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਮਾਰਕੁੱਟ ਕਰਨ ਵਾਲੇ ਕਾਰਕੁਨ ਉਨ੍ਹਾਂ ਦੀ ਜਥੇਬੰਦੀ ਦੇ ਸਨ। ਚੌਧਰੀ ਨੇ ਕਿਹਾ ਕਿ ਉਹ ਜੇਐੱਨਯੂ ’ਚ ਹੁੰਦੀਆਂ ਦੇਸ਼ ਵਿਰੋਧੀ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਦੇਸ਼ ਖ਼ਿਲਾਫ਼ ਸਾਜ਼ਿਸ਼ਾਂ ਘੜਨ ਵਾਲਿਆਂ ਨੂੰ ਇਸੇ ਤਰ੍ਹਾਂ ਦਾ ਜਵਾਬ ਦੇਣਗੇ।