ਦਿੱਲੀ ਕੈਪੀਟਲਜ਼ ਦੀ ਟੱਕਰ ਸ਼ੁੱਕਰਵਾਰ ਨੂੰ ਆਈਪੀਐਲ ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਮੌਜੂਦਾ ਚੈਂਪੀਅਨ ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਹੋਵੇਗੀ। ਜੇਕਰ ਉਹ ਜਿੱਤ ਜਾਂਦੀ ਹੈ ਤਾਂ ਉਸ ਦਾ ਆਪਣੇ ਪਹਿਲੇ ਆਈਪੀਐਲ ਫਾਈਨਲ ਵਿੱਚ ਪਹੁੰਚਣ ਦਾ ਰਸਤਾ ਸਾਫ਼ ਹੋ ਜਾਵੇਗਾ। ਸਨਰਾਈਜ਼ਰਜ਼ ਹੈਦਰਾਬਾਦ ਨੂੰ ਐਲਿਮੀਨੇਟਰ ਮੈਚ ਵਿੱਚ ਹਰਾਉਣ ਮਗਰੋਂ ਦਿੱਲੀ ਪਹਿਲੀ ਵਾਰ ਕੁਆਲੀਫਾਇਰ ਗੇੜ ਵਿੱਚ ਪੁੱਜੀ ਹੈ, ਜਦੋਂਕਿ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਪਹਿਲੇ ਕੁਆਲੀਫਾਇਰ ਵਿੱਚ ਮੁੰਬਈ ਇੰਡੀਅਨਜ਼ ਤੋਂ ਹਾਰ ਗਈ ਸੀ। ਫਾਈਨਲ ਵਿੱਚ ਪੁੱਜਣ ਲਈ ਉਸ ਕੋਲ ਇਹ ਦੂਜਾ ਅਤੇ ਆਖ਼ਰੀ ਮੌਕਾ ਹੈ। ਇਸ ਜਿੱਤ ਲਈ ਚੇਨੱਈ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਚੇਨੱਈ ਸੁਪਰਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ ਚੇਪਕ ਸਟੇਡੀਅਮ ’ਤੇ 80 ਦੌੜਾਂ ਨਾਲ ਹਰਾ ਕੇ ਲੀਗ ਗੇੜ ਦੀ ਸੂਚੀ ਵਿੱਚ ਚੋਟੀ ਦੇ ਦੋ ਸਥਾਨ ਹਾਸਲ ਕਰਨ ਤੋਂ ਰੋਕ ਦਿੱਤਾ ਸੀ ਅਤੇ ਹੁਣ ਫਿਰ ਕੁਆਲੀਫਾਇਰ-2 ਵਿੱਚ ਮਹਿੰਦਰ ਸਿੰਘ ਧੋਨੀ ਦੀ ਟੀਮ ਉਸ ਦੇ ਰਾਹ ਵਿੱਚ ਖੜ੍ਹੀ ਹੈ। ਬੁੱਧਵਾਰ ਨੂੰ ਐਲਿਮੀਨੇਟਰ ਵਿੱਚ ਆਖ਼ਰੀ ਓਵਰਾਂ ਵਿੱਚ ਮਿਲੀ ਜਿੱਤ ਵਿੱਚ ਦਿੱਲੀ ਕੈਪੀਟਲਜ਼ ਦੇ ਸਟਾਰ ਖਿਡਾਰੀ ਰਿਸ਼ਭ ਪੰਤ ਨੇ ਅਹਿਮ ਭੂਮਿਕਾ ਨਿਭਾਈ ਸੀ, ਜਿਸ ਕਾਰਨ ਟੀਮ ਦੇ ਹੌਸਲੇ ਬੁਲੰਦ ਹੋਣਗੇ। ਇੱਕ ਹੋਰ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾਅ ਨੇ 56 ਦੌੜਾਂ ਦੀ ਨੀਮ ਸੈਂਕੜਾ ਪਾਰੀ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਦੀ ਟੀਮ ਇੱਥੇ ਆਪਣਾ ਪਹਿਲਾ ਐਲਿਮੀਨੇਟਰ ਮੈਚ ਖੇਡ ਚੁੱਕੀ ਹੈ ਤਾਂ ਉਸ ਨੂੰ ਇੱਥੋਂ ਦੀਆਂ ਹਾਲਤਾਂ ਨੂੰ ਬਿਹਤਰ ਢੰਗ ਨਾਲ ਜਾਣਨ ਦਾ ਫ਼ਾਇਦਾ ਮਿਲੇਗਾ। ਉਸ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਅਤੇ ਇਸ਼ਾਂਤ ਸ਼ਰਮਾ ਨੇ ਕੈਗਿਸੋ ਰਬਾਡਾ ਦੀ ਗ਼ੈਰ-ਮੌਜੂਦਗੀ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਕੀਮੋ ਪੌਲ ਨੇ ਉਸ ਦਾ ਚੰਗਾ ਸਾਥ ਦਿੰਦਿਆਂ ਤਿੰਨ ਵਿਕਟਾਂ ਲਈਆਂ। ਅਨੁਭਵੀ ਸਪਿੰਨਰ ਅਮਿਤ ਮਿਸ਼ਰਾ ਫਿਰ ਤੋਂ ਕਿਫ਼ਾਇਤੀ ਰਿਹਾ ਅਤੇ ਉਸ ਨੇ ਇੱਕ ਵਿਕਟ ਲਈ। ਟੀਮ ਦੇ ਬੱਲੇਬਾਜ਼ਾਂ ਲਈ ਰਾਹਤ ਦੀ ਗੱਲ ਇਹ ਹੋਵੇਗੀ ਕਿ ਉਨ੍ਹਾਂ ਨੂੰ ਇਮਰਾਨ ਤਾਹਿਰ ਅਤੇ ਹਰਭਜਨ ਸਿੰਘ ਦੀ ਫ਼ਿਰਕੀ ਦਾ ਸਾਹਮਣਾ ਚੇਨੱਈ ਵਰਗੀ ਟਰਨ ਲੈਂਦੀ ਪਿੱਚ ’ਤੇ ਨਹੀਂ ਕਰਨਾ ਪਵੇਗਾ, ਪਰ ਫਿਰ ਵੀ ਇਨ੍ਹਾਂ ਨਾਲ ਨਜਿੱਠਣਾ ਉਸ ਦੇ ਲਈ ਚੁਣੌਤੀਪੂਰਨ ਹੋਵੇਗਾ। ਦੂਜੇ ਪਾਸੇ, ਚੇਨੱਈ ਸੁਪਰਕਿੰਗਜ਼ ਇਸ ਤਰ੍ਹਾਂ ਦੇ ਵੱਡੇ ਮੈਚਾਂ ਵਿੱਚ ਖੇਡਣ ਦੀ ਆਦੀ ਹੈ, ਉਹ ਤਿੰਨ ਵਾਰ ਇਸ ਖ਼ਿਤਾਬ ਨੂੰ ਜਿੱਤਣ ਤੋਂ ਇਲਾਵਾ ਚਾਰ ਵਾਰ ਉਪ ਜੇਤੂ ਰਹਿ ਚੁੱਕੀ ਹੈ। ਟੀਮ ਨੂੰ ਹਾਲਾਂਕਿ ਕੁਆਲੀਫਾਇਰ-1 ਵਿੱਚ ਮੁੰਬਈ ਇੰਡੀਅਨਜ਼ ਤੋਂ ਹਾਰ ਝੱਲਣੀ ਪਈ, ਪਰ ਉਹ ਵੱਖਰੇ ਢੰਗ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਮੁੰਬਈ ਇੰਡੀਅਨਜ਼ ਖ਼ਿਲਾਫ਼ ਨਮੋਸ਼ੀਜਨਕ ਪ੍ਰਦਰਸ਼ਨ ਮਗਰੋਂ ਧੋਨੀ ਆਪਣੇ ਬੱਲੇਬਾਜ਼ਾਂ ਤੋਂ ਸ਼ਾਨਦਾਰ ਖੇਡ ਦੀ ਉਮੀਦ ਕਰੇਗਾ। ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ 23 ਅਪਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 53 ਗੇਂਦਾਂ ਵਿੱਚ 96 ਦੌੜਾਂ ਦੀ ਪਾਰੀ ਖੇਡਣ ਮਗਰੋਂ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਟੀਮ ਦੇ ਕਪਤਾਨ ਨੇ ਮੰਨਿਆ ਸੀ ਕਿ ਮੁੰਬਈ ਇੰਡੀਅਨਜ਼ ਖ਼ਿਲਾਫ਼ ਘਰੇਲੂ ਮੈਚ ਵਿੱਚ ਉਹ ਪਿੱਚ ਦੇ ਹਾਲਾਤ ਨੂੰ ਸਮਝ ਸਕਦੇ ਸਨ ਅਤੇ ਉਨ੍ਹਾਂ ਨੇ ਆਪਣੇ ਬੱਲੇਬਾਜ਼ਾਂ ਨੂੰ ਸ਼ਾਟ ਖੇਡਣ ਬਾਰੇ ਤਾਕੀਦ ਵੀ ਕੀਤੀ। ਮੈਚ 7.30 ਵਜੇ ਸ਼ੁਰੂ ਹੋਵੇਗਾ।
Sports ਦਿੱਲੀ ਤੇ ਚੇਨੱਈ ਵਿਚਾਲੇ ਦੂਜਾ ਕੁਆਲੀਫਾਇਰ ਅੱਜ