ਦਿੱਲੀ ’ਚ ਹੋਣ ਵਾਲੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਤੇ ਕਰੋਨਾਵਾਇਰਸ ਦੀ ਮਾਰ

ਟੋਕੀਓ– ਦੁਨੀਆ ਭਰ ’ਚ ਫੈਲੇ ਕਰੋਨਾਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਨਵੀਂ ਦਿੱਲੀ ਵਿਚ ਆਗਾਮੀ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਦਕਿ ਟੋਕੀਓ ਵਿਚ ਓਲੰਪਿਕ ਪ੍ਰੀਖ਼ਣ ਮੁਕਾਬਲੇ ਵੀ ਰੱਦ ਕਰ ਦਿੱਤੇ ਗਏ ਹਨ। ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ ਦੀ ਪ੍ਰਵਾਨਗੀ ਪ੍ਰਾਪਤ ਇਹ ਟੂਰਨਾਮੈਂਟ ਰਾਜਧਾਨੀ ਦੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 15 ਤੋਂ 25 ਮਾਰਚ ਤੱਕ ਹੋਣਾ ਸੀ। ਓਲੰਪਿਕ ਪ੍ਰੀਖ਼ਣ ਮੁਕਾਬਲੇ 16 ਅਪਰੈਲ ਤੋਂ ਹੋਣੇ ਸਨ।
ਭਾਰਤੀ ਰਾਸ਼ਟਰੀ ਰਾਈਫ਼ਲ ਸੰਘ ਦੇ ਅਧਿਕਾਰੀ ਨੇ ਕਿਹਾ ਕਿ ਦਿੱਲੀ ਵਿਚ ਟੂਰਨਾਮੈਂਟ ਹੁਣ ਓਲੰਪਿਕ ਖੇਡਾਂ ਤੋਂ ਪਹਿਲਾਂ ਦੋ ਹਿੱਸਿਆਂ ਵਿਚ ਕਰਵਾਇਆ ਜਾਵੇਗਾ। ਮੁਕਾਬਲੇ ਦੀਆਂ ਤਰੀਕਾਂ ਬਾਅਦ ਵਿਚ ਐਲਾਨੀਆਂ ਜਾਣਗੀਆਂ। ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਭਾਰਤੀ ਖੇਡ ਅਥਾਰਿਟੀ (ਸਾਈ) ਦੇਸ਼ ਭਰ ਵਿਚ ਆਪਣੇ ਸਾਰੇ ਕੇਂਦਰਾਂ ’ਚ ਬਾਇਓਮੀਟ੍ਰਿਕ ਹਾਜ਼ਰੀ ਦਰਜ ਕਰਵਾਉਣਾ ਆਰਜ਼ੀ ਤੌਰ ’ਤੇ ਬੰਦ ਕਰ ਕਰ ਰਹੀ ਹੈ। ਇਹਤਿਆਤ ਵਜੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਤੇ ਇਕ-ਦੋ ਦਿਨ ਵਿਚ ਹੁਕਮ ਜਾਰੀ ਕਰ ਦਿੱਤੇ ਜਾਣਗੇ। ਭਾਰਤ ਸਰਕਾਰ ਨੇ ਕਰੋਨਾਵਾਇਰਸ ਤੋਂ ਬਚਾਅ ਲਈ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਚੀਨ, ਇਟਲੀ, ਦੱਖਣੀ ਕੋਰੀਆ, ਜਪਾਨ ਤੇ ਇਰਾਨ ਤੋਂ ਯਾਤਰੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ। ਸੰਘ ਦੇ ਇਕ ਸੂਤਰ ਨੇ ਕਿਹਾ ਕਿ 22 ਮੁਲਕਾਂ ਵੱਲੋਂ ਇਸ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਦੇ ਹੁਕਮਾਂ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਉਨ੍ਹਾਂ ਸਾਰੇ ਵਿਦੇਸ਼ੀ ਨਾਗਰਿਕਾਂ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਜਾਵੇ ਜਿਨ੍ਹਾਂ 2020 ਵਿਚ ਇਨ੍ਹਾਂ ਪ੍ਰਭਾਵਿਤ ਮੁਲਕਾਂ ਦਾ ਦੌਰਾ ਕੀਤਾ ਹੈ। ਦਿੱਲੀ ਵਿਸ਼ਵ ਕੱਪ ਵਿਚ ਰਾਈਫ਼ਲ, ਪਿਸਟਲ ਤੇ ਸ਼ਾਟਗਨ ਮੁਕਾਬਲੇ ਹੋਣੇ ਸਨ।
ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿਚ ਇਸ ਵੇਲੇ ਇਕ ਲੱਖ ਲੋਕ ਕਰੋਨਾਵਾਇਰਸ ਤੋਂ ਪੀੜਤ ਹਨ। ਕਰੋਨਾਵਾਇਰਸ ਕਾਰਨ ਪੈਰਿਸ ਮੈਰਾਥਨ ਨੂੰ ਵੀ 18 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪੰਜ ਅਪਰੈਲ ਨੂੰ ਹੋਣੀ ਸੀ ਤੇ 60 ਹਜ਼ਾਰ ਦੌੜਾਕ ਰਜਿਸਟਰੇਸ਼ਨ ਕਰਵਾ ਚੁੱਕੇ ਸਨ। ਵਾਇਰਸ ਕਾਰਨ ਨੇਪਾਲ ਵਿਚ ਟੀ20 ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ’ਚ ਕ੍ਰਿਸ ਗੇਲ ਸਣੇ ਕੁਝ ਹੋਰ ਸਟਾਰ ਕ੍ਰਿਕਟਰਾਂ ਨੇ ਹਿੱਸਾ ਲੈਣਾ ਸੀ। ਐਵਰੈਸਟ ਪ੍ਰੀਮੀਅਰ ਲੀਗ ਦਾ ਨਵਾਂ ਸ਼ਡਿਊਲ ਜਦ ਸਥਿਤੀਆਂ ਠੀਕ ਹੋਣਗੀਆਂ, ਨਵੇਂ ਸਿਰੇ ਤੋਂ ਤਿਆਰ ਕੀਤਾ ਜਾਵੇਗਾ।
ਇਹ ਟੂਰਨਾਮੈਂਟ 14 ਮਾਰਚ ਤੋਂ ਹੋਣਾ ਸੀ। ਨੇਪਾਲ ’ਚ ਕਰੋਨਾ ਦਾ ਹਾਲੇ ਤੱਕ ਸਿਰਫ਼ ਇਕ ਕੇਸ ਹੈ। ਜਪਾਨ ਵੱਲੋਂ 20 ਮਾਰਚ ਨੂੰ ਓਲੰਪਿਕ ਮਸ਼ਾਲ ਟੋਕੀਓ ਪੁੱਜਣ ਮੌਕੇ ਲੋਕਾਂ ਦਾ ਇਕੱਠ ਘਟਾਇਆ ਜਾ ਰਿਹਾ ਹੈ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ 140 ਬੱਚੇ ਜਿਨ੍ਹਾਂ ਨੂੰ ਮਸ਼ਾਲ ਰਵਾਨਾ ਕਰਨ ਵੇਲੇ ਗਰੀਸ ਭੇਜਿਆ ਜਾਣਾ ਸੀ, ਉਹ ਵੀ ਹੁਣ ਨਹੀਂ ਜਾਣਗੇ। ਵਾਇਰਸ ਤੋਂ ਬਚਾਅ ਤਹਿਤ ਪ੍ਰੀਮੀਅਰ ਲੀਗ ਫੁਟਬਾਲ ਟੂਰਨਾਮੈਂਟ ਦੇ ਮੈਚਾਂ ਦੌਰਾਨ ਖਿਡਾਰੀ ਤੇ ਅਧਿਕਾਰੀ ਇਕ-ਦੂਜੇ ਨਾਲ ਹੱਥ ਨਹੀਂ ਮਿਲਾਉਣਗੇ। ਲੀਗ ਨੇ ਸਿਹਤ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਅਗਲੇ ਨੋਟਿਸ ਤੱਕ ਅਜਿਹਾ ਕੀਤਾ ਜਾਵੇਗਾ।

Previous articleLalu supporters claim RIMS isolation ward will endanger his life
Next articleਡੇਵਿਸ ਕੱਪ: ਆਸਟਰੇਲੀਆ ਨੇ ਬ੍ਰਾਜ਼ੀਲ ’ਤੇ 2-0 ਦੀ ਚੜ੍ਹਤ ਬਣਾਈ