ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੌਜੂਦਾ ਸੈਸ਼ਨ ਵਿੱਚ ਲਗਾਤਾਰ ਪੰਜ ਹਾਰਾਂ ਨਾਲ ਸੂਚੀ ਵਿੱਚ ਹੇਠਲੇ ਸਥਾਨ ’ਤੇ ਕਾਬਜ਼ ਰੌਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਦੇ ਕਪਤਾਨ ਵਿਰਾਟ ਕੋਹਲੀ ਦੀ ਟੀਮ ਨੂੰ ਐਤਵਾਰ ਨੂੰ ਦਿੱਲੀ ਕੈਪੀਟਲਜ਼ ਖ਼ਿਲਾਫ਼ ਹੋਣ ਵਾਲੇ ਮੈਚ ਵਿੱਚ ਪਹਿਲੀ ਜਿੱਤ ਦੀ ਉਮੀਦ ਹੈ। ਬੰਗਲੌਰ ਨੂੰ ਸੈਸ਼ਨ ਵਿੱਚ ਪਹਿਲੀ ਜਿੱਤ ਦੀ ਉਡੀਕ ਹੈ, ਜਦੋਂਕਿ ਦਿੱਲੀ ਦੀ ਟੀਮ ਇੱਥੇ ਪੰਜ ਮੈਚਾਂ ਵਿੱਚ ਦੋ ਜਿੱਤਾਂ ਨਾਲ ਪਹੁੰਚੀ ਹੈ। ਕੇਕੇਆਰ ਤੋਂ ਮਿਲੀ ਹਾਰ ਮਗਰੋਂ ਬੰਗਲੌਰ ਸਾਹਮਣੇ ਟੂਰਨਾਮੈਂਟ ਦੀ ਖ਼ਿਤਾਬੀ ਦੌੜ ਵਿੱਚ ਕਾਇਮ ਰਹਿਣ ਦੀ ਚੁਣੌਤੀ ਹੋਵੇਗੀ। ਆਪਣੀਆਂ ਉਮੀਦਾਂ ਨੂੰ ਬਣਾਈ ਰੱਖਣ ਲਈ ਟੀਮ ਨੂੰ ਬਚੇ ਹੋਏ ਲਗਪਗ ਸਾਰੇ ਮੈਚਾਂ ਨੂੰ ਜਿੱਤਣਾ ਹੋਵੇਗਾ। ਕੇਕੇਆਰ ਖ਼ਿਲਾਫ਼ ਵਿਰਾਟ ਕੋਹਲੀ ਨੇ 49 ਗੇਂਦਾਂ ’ਤੇ 84 ਦੌੜਾਂ (ਨੌਂ ਚੌਕੇ ਅਤੇ ਦੋ ਛੱਕੇ), ਜਦਕਿ ਏਬੀ ਡਿਵਿਲੀਅਰਜ਼ ਨੇ 32 ਗੇਂਦਾਂ ’ਤੇ 63 ਦੌੜਾਂ (ਪੰਜ ਚੌਕੇ ਅਤੇ ਚਾਰ ਛੱਕੇ) ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਨੇ ਦੂਜੀ ਵਿਕਟ ਲਈ 108 ਦੌੜਾਂ ਬਣਾਈਆਂ, ਪਰ ਆਂਦਰੇ ਰੱਸਲ ਦੀ 13 ਗੇਂਦਾਂ ’ਤੇ ਨਾਬਾਦ 48 ਦੌੜਾਂ ਦੀ ਪਾਰੀ ਕਾਰਨ ਟੀਮ 205 ਦੌੜਾਂ ਦੇ ਵੱਡੇ ਸਕੋਰ ਦਾ ਬਚਾਅ ਨਹੀਂ ਕਰ ਸਕੀ। ਇਸ ਮੈਚ ਵਿੱਚ ਯੁਜ਼ਵੇਂਦਰ ਚਾਹਲ ਅਤੇ ਪਵਨ ਨੇਗੀ ਤੋਂ ਇਲਾਵਾ ਬੰਗਲੌਰ ਦੇ ਗੇਂਦਬਾਜ਼ ਨਾ ਤਾਂ ਜ਼ਿਆਦਾ ਵਿਕਟਾਂ ਲੈਣ ਵਿੱਚ ਸਫਲ ਰਹੇ ਅਤੇ ਨਾ ਹੀ ਦੌੜਾਂ ਰੋਕਣ ਵਿੱਚ। ਕੇਕੇਆਰ ਖ਼ਿਲਾਫ਼ ਆਖ਼ਰੀ ਚਾਰ ਓਵਰਾਂ ਵਿੱਚ 66 ਦੌੜਾਂ ਦੇਣ ’ਤੇ ਕੋਹਲੀ ਨੇ ਵੀ ਗੇਂਦਬਾਜ਼ਾਂ ਦੀ ਖਿਚਾਈ ਕੀਤੀ ਸੀ। ਬੱਲੇਬਾਜ਼ੀ ਵਿੱਚ ਵੀ ਟੀਮ ਦਾ ਪ੍ਰਦਰਸ਼ਨ ਨਮੋਸ਼ੀਜਨਕ ਰਿਹਾ ਹੈ। ਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਟੀਮ ਸਿਰਫ਼ 70 ਦੌੜਾਂ ਬਣਾ ਸਕੀ ਅਤੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਉਸ ਦੀ ਪਾਰੀ 113 ਦੌੜਾਂ ’ਤੇ ਢੇਰ ਹੋ ਗਈ। ਰਾਜਸਥਾਨ ਖ਼ਿਲਾਫ਼ ਵੀ ਟੀਮ ਦਾ ਸੀਨੀਅਰ ਕ੍ਰਮ ਨਹੀਂ ਚੱਲ ਸਕਿਆ ਸੀ। ਅਜਿਹੇ ਵਿੱਚ ਦਿੱਲੀ ਖ਼ਿਲਾਫ਼ ਟੀਮ ਨੂੰ ਸੀਨੀਅਰ ਕ੍ਰਮ ਦੇ ਬੱਲੇਬਾਜ਼ਾਂ ਤੋਂ ਉਮੀਦਾਂ ਹੋਣਗੀਆਂ। ਦਿੱਲੀ ਦੀਆਂ ਮੁਸ਼ਕਲਾਂ ਵੀ ਘੱਟ ਨਹੀਂ ਰਹੀਆਂ ਹਨ। ਪਹਿਲੇ ਮੈਚ ਵਿੱਚ ਮੁੰਬਈ ਖਿਲਾਫ਼ ਜਿੱਤ ਦਰਜ ਕਰਨ ਮਗਰੋਂ ਟੀਮ ਨੂੰ ਤਿੰਨ ਹਾਰਾਂ ਦਾ ਸਾਹਮਣਾ ਕਰਨਾ ਪਿਆ। ਰਿਸ਼ਭ ਪੰਤ ਨੇ ਮੁੰਬਈ ਖ਼ਿਲਾਫ਼ 78 ਦੌੜਾਂ ਬਣਾਈਆਂ ਸਨ, ਜਦਕਿ ਸ਼ਿਖਰ ਧਵਨ, ਪ੍ਰਿਥਵੀ ਸ਼ਾਅ, ਸ਼੍ਰੇਅਸ ਅਈਅਰ ਅਤੇ ਕੋਲਿਨ ਇਨਗ੍ਰਾਮ ਲੈਅ ਵਿੱਚ ਹਨ। ਗੇਂਦਬਾਜ਼ੀ ਵਿਭਾਗ ਦੀ ਅਗਵਾਈ ਕਾਸਿਗੋ ਰਬਾਡਾ ਕਰ ਰਿਹਾ ਹੈ, ਜਿਸ ਵਿੱਚ ਟ੍ਰੈਂਟ ਬੋਲਟ ਅਤੇ ਇਸ਼ਾਂਤ ਸ਼ਰਮਾ ਵਰਗੇ ਮਾਹਿਰ ਗੇਂਦਬਾਜ਼ ਵੀ ਸ਼ਾਮਲ ਹਨ। ਨੌਜਵਾਨ ਲੈੱਗ ਸਪਿੰਨਰ ਸੰਦੀਪ ਲਾਛੀਮਾਨੇ ਨੇ ਵੀ ਦਿੱਲੀ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਮੈਚ ਸ਼ਾਮ ਚਾਰ ਵਜੇ ਸ਼ੁਰੂ ਹੋਵੇਗਾ।
Sports ਦਿੱਲੀ ਖ਼ਿਲਾਫ਼ ਬੰਗਲੌਰ ਨੂੰ ਜਿੱਤ ਦਾ ਖਾਤਾ ਖੁੱਲ੍ਹਣ ਦੀ ਉਮੀਦ