ਅੰਮ੍ਰਿਤਸਰ (ਸਮਾਜਵੀਕਲੀ): ਹੁਣ ਅੰਮ੍ਰਿਤਸਰ ਵੀ ਦਿੱਲੀ-ਕੱਟੜਾ ਐਕਸਪ੍ਰੈੱਸ-ਵੇਅ ਦਾ ਹਿੱਸਾ ਹੋਵੇਗਾ। ਮੰਗਲਵਾਰ ਨੂੰ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਇਕ ਉੱਚ ਪੱਧਰੀ ਰਿਵੀਊ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ। ਮੀਟਿੰਗ ‘ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਜਤਿੰਦਰ ਸਿੰਘ, ਮੰਤਰੀ ਵੀਪੀ ਸਿੰਘ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਸ਼ਾਮਲ ਹੋਏ। ਮਲਿਕ ਨੇ ਕਿਹਾ ਕਿ ਐਕਸਪ੍ਰੈੱਸ-ਵੇਅ ‘ਚ ਅੰਮ੍ਰਿਤਸਰ ਨੂੰ ਦੁਬਾਰਾ ਸ਼ਾਮਲ ਕਰ ਕੇ ਕੇਂਦਰ ਸਰਕਾਰ ਨੇ ਵੱਡੀ ਸੌਗਾਤ ਦਿੱਤੀ ਹੈ।
ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ-ਵੇਅ ‘ਚੋਂ ਅੰਮ੍ਰਿਤਸਰ ਨੂੰ ਕੱਢਣ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਦਾ ਅੰਮ੍ਰਿਤਸਰ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਸੀ। ਕਾਂਗਰਸ ਨੇ ਅੰਮ੍ਰਿਤਸਰ ਤੋਂ ਇਹ ਸੁਨਹਿਰਾ ਮੌਕਾ ਖੋਹ ਲਿਆ ਸੀ ਪਰ ਗਡਕਰੀ ਤੇ ਪੁਰੀ ਦੇ ਯਤਨਾਂ ਸਦਕਾ ਗੁਰੂ ਨਗਰੀ ਦੇ ਨਾਲ ਅਨਿਆਂ ਹੋਣ ਤੋਂ ਬੱਚ ਗਿਆ। ਮਲਿਕ ਨੇ ਕਿਹਾ ਕਿ ਕਈ ਧਾਰਮਿਕ, ਸਮਾਜਿਕ ਤੇ ਸਨਅਤੀ ਅਦਾਰੇ ਅੰਮ੍ਰਿਤਸਰ ਨੂੰ ਪ੍ਰ੍ਰਾਜੈਕਟ ‘ਚ ਸ਼ਾਮਲ ਕਰਨ ਦੀ ਅਪੀਲ ਕਰ ਰਹੇ ਸਨ।
ਮਲਿਕ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਸਾਹਮਣੇ ਉਠਾਉਂਦੇ ਹੋਏ ਕਿਹਾ ਸੀ ਕਿ 2016 ਦਾ ਪ੍ਰਸਤਾਵਿਤ ਐਕਸਪ੍ਰੈੱਸ-ਵੇਅ ਹੀ ਬਣਾਇਆ ਜਾਵੇ। ਮਲਿਕ ਨੇ ਸੰਸਦ ‘ਚ ਵੀ ਤਿੰਨ ਵਾਰ ਇਹ ਮਾਮਲਾ ਉਠਾਇਆ ਸੀ। ਮੀਟਿੰਗ ‘ਚ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੋਂ ਇਲਾਵਾ ਵੀਡੀਓ ਕਾਨਫਰੰਸਿੰਗ ਰਾਹੀਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਵੀ ਸ਼ਾਮਲ ਹੋਏ।