ਸ਼ਾਨਦਾਰ ਲੈਅ ਵਿੱਚ ਚੱਲ ਰਹੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਵੀਰਵਾਰ ਨੂੰ ਹੋਣ ਵਾਲੇ ਆਈਪੀਐਲ ਟੀ-20 ਮੈਚ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ’ਤੇ ਧਿਆਨ ਦੇਣਾ ਹੋਵੇਗਾ।
ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਕੈਪੀਟਲਜ਼ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਵੀ ਇਹੀ ਹਾਲ ਹੋਇਆ ਸੀ। ਦੂਜੇ ਪਾਸੇ ਲਗਾਤਾਰ ਦੋ ਜਿੱਤਾਂ ਦਰਜ ਕਰਕੇ ਸਨਰਾਈਜ਼ਰਜ਼ ਦੇ ਹੌਸਲੇ ਬੁਲੰਦ ਹਨ।
ਦਿੱਲੀ ਨੇ ਤਿੰਨ ਵਾਰ ਦੀ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਪਰ ਉਸ ਤੋਂ ਬਾਅਦ ਤੋਂ ਹੇਠਲੇ ਬੱਲੇਬਾਜ਼ੀ ਕ੍ਰਮ ਦੇ ਪ੍ਰਦਰਸ਼ਨ ਦੀ ਸਮੱਸਿਆ ਵਧ ਗਈ ਹੈ। ਦਿੱਲੀ ਚਾਰ ਮੈਚਾਂ ਮਗਰੋਂ ਦੋ ਜਿੱਤਾਂ ਨਾਲ ਅੱਠ ਟੀਮਾਂ ਵਿੱਚ ਪੰਜਵੇਂ ਸਥਾਨ ’ਤੇ ਹੈ। ਕੇਕੇਆਰ ਖ਼ਿਲਾਫ਼ ਆਖ਼ਰੀ ਓਵਰ ਵਿੱਚ ਟੀਮ ਛੇ ਦੌੜਾਂ ਨਹੀਂ ਬਣਾ ਸਕੀ ਅਤੇ ਮੈਚ ਸੁਪਰ ਓਵਰ ਤੱਕ ਖਿੱਚਿਆ ਗਿਆ। ਸੁਪਰ ਓਵਰ ਵਿੱਚ ਕਾਗਿਸੋ ਰਬਾਡਾ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਟੀਮ ਜਿੱਤ ਸਕੀ। ਪੰਜਾਬ ਖ਼ਿਲਾਫ਼ ਪਿਛਲੇ ਮੈਚ ਵਿੱਚ ਦਿੱਲੀ ਨੇ ਆਪਣੀਆਂ ਆਖ਼ਰੀ ਸੱਤ ਵਿਕਟਾਂ ਅੱਠ ਦੌੜਾਂ ਲੈਣ ਦੇ ਚੱਕਰ ’ਚ ਹੀ ਗੁਆ ਲਈਆਂ ਅਤੇ 14 ਦੌੜਾਂ ਨਾਲ ਹਾਰ ਗਈ। ਇਸ ਮਗਰੋਂ ਅਈਅਰ ਨੇ ਕਿਹਾ ਸੀ ਕਿ ਇਹ ਨਿਰਾਸ਼ਾਜਨਕ ਹਾਰ ਹੈ ਅਤੇ ਉਨ੍ਹਾਂ ਦੀ ਟੀਮ ਨੂੰ ਮਾਨਸਿਕ ਤਿਆਰੀ ਬਿਹਤਰ ਕਰਨੀ ਹੋਵੇਗੀ।
ਦਿੱਲੀ ਕੋਲ ਰਬਾਡਾ ਤੋਂ ਇਲਾਵਾ ਟ੍ਰੈਂਟ ਬੋਲਟ ਅਤੇ ਇਸ਼ਾਂਤ ਸ਼ਰਮਾ ਵਰਗੇ ਗੇਂਦਬਾਜ਼ ਹਨ। ਨੇਪਾਲ ਦੇ ਲੈੱਗ ਸਪਿੰਨਰ ਸੰਦੀਪ ਲਾਮੀਛਾਨੇ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਅਸਲੀ ਮੁਕਾਬਲਾ ਰਬਾਡਾ ਅਤੇ ਕ੍ਰਿਸ ਮੌਰਿਸ ਵਰਗੇ ਦਿੱਲੀ ਦੇ ਤੇਜ਼ ਗੇਂਦਬਾਜ਼ਾਂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਡੇਵਿਡ ਵਾਰਨਰ ਅਤੇ ਜੌਹਨੀ ਬੇਅਰਸਟੋ ਵਰਗੇ ਸਨਰਾਈਜ਼ਰਜ਼ ਦੇ ਬੱਲੇਬਾਜ਼ਾਂ ਵਿਚਾਲੇ ਹੋਵੇਗਾ।
ਵਾਰਨਰ ਅਤੇ ਬੇਅਰਸਟੋ ਨੇ ਇਸ ਸਾਲ ਤਿੰਨ ਮੈਚਾਂ ਵਿੱਚ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਕੀਤੀਆਂ ਹਨ। ਕੇਕੇਆਰ ਖ਼ਿਲਾਫ਼ 118 ਦੌੜਾਂ ਦੀ ਭਾਈਵਾਲੀ ਮਗਰੋਂ ਉਸ ਨੇ ਰੌਇਲਜ਼ ਖ਼ਿਲਾਫ਼ 110 ਅਤੇ ਆਰਸੀਬੀ ਖ਼ਿਲਾਫ਼ 185 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਆਰਸੀਬੀ ਖ਼ਿਲਾਫ਼ ਪਿਛਲੇ ਮੈਚ ਵਿੱਚ ਵਾਰਨਰ ਅਤੇ ਬੇਅਰਸਟੋ ਦੋਵਾਂ ਨੇ ਸੈਂਕੜੇ ਮਾਰੇ।
ਕੇਕੇਆਰ ਤੋਂ ਪਹਿਲਾ ਮੈਚ ਛੇ ਵਿਕਟਾਂ ਨਾਲ ਹਾਰਨ ਮਗਰੋਂ ਸਨਰਾਈਜ਼ਰਜ਼ ਜਿੱਤ ਦੀ ਲੀਹ ’ਤੇ ਚੜ੍ਹ ਗਈ ਹੈ ਅਤੇ ਹੁਣ ਉਹ ਇਸ ਨੂੰ ਹੈਟ੍ਰਿਕ ਵਿੱਚ ਬਦਲਣਾ ਚਾਹੇਗੀ। ਅਫ਼ਗਾਨਿਸਤਾਨੀ ਸਪਿੰਨਰ ਮੁਹੰਮਦ ਨਬੀ ਅਤੇ ਰਾਸ਼ਿਦ ਖ਼ਾਨ ਨੇ ਵੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ, ਜਦਕਿ ਤੇਜ਼ ਗੇਂਦਬਾਜ਼ ਸੰਦੀਪ ਸ਼ਰਮਾ ਨੇ ਚਾਰ ਵਿਕਟਾਂ ਲਈਆਂ, ਪਰ ਮਾਹਿਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦਾ ਡੈੱਥ ਓਵਰਾਂ ਵਿੱਚ ਔਸਤ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਹੈ।
Sports ਦਿੱਲੀ ਕੈਪੀਟਲਜ਼ ਸਾਹਮਣੇ ਸਨਰਾਈਜ਼ਰਜ਼ ਹੈਦਰਾਬਾਦ ਦੀ ਚੁਣੌਤੀ