ਨਵੀਂ ਦਿੱਲੀ (ਸਮਾਜ ਵੀਕਲੀ): ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅੱਜ ਆਪਣੀ ਵੱਖਰੀ ਇਕਾਈ ‘ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਦਾ ਗਠਨ ਕਰ ਲਿਆ ਹੈ ਜਿਸ ਮਗਰੋਂ ਦਿੱਲੀ ਦੀ ਸਿੱਖ ਰਾਜਨੀਤੀ ’ਚੋਂ ਵੀ ਬਾਦਲ ਧੜੇ ਦਾ ਸਫ਼ਾਇਆ ਹੋ ਗਿਆ ਹੈ। ਹੁਣ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਅਹੁਦੇਦਾਰ ਬਣਾਉਣੇ ਪੈਣਗੇ ਕਿਉਂਕਿ ਬਹੁਤੇ ਅਹੁਦੇਦਾਰ ਤੇ ਕਾਰਕੁਨ ਨਵੇਂ ਬਣੀ ਇਕਾਈ ’ਚ ਚਲੇ ਗਏ ਹਨ। ਬਾਦਲ ਧੜੇ ਦਾ ਰਕਾਬਗੰਜ ਸਥਿਤ ਦਫ਼ਤਰ ਵੀ ਹੁਣ ਇਸ ਨਵੇਂ ਦਲ ਦੇ ਕਬਜ਼ੇ ਹੇਠ ਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਦਿੱਲੀ ਦੇ ਸਿੱਖਾਂ ਨੇ ਆਪਣੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪਾਰਟੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਾਸਤੇ ਪੰਥਕ ਰਵਾਇਤਾਂ ਮੁਤਾਬਕ ਕੰਮ ਕਰੇਗੀ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਾਰਟੀ ਦੇ ਮੁੱਖ ਸਰਪ੍ਰਸਤ ਚੁਣੇ ਗਏ ਹਨ। ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਐੱਮਪੀਐੱਸ ਚੱਢਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਹਨ ਜਦਕਿ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਤੇ ਹਰਵਿੰਦਰ ਸਿੰਘ ਕੇਪੀ ਨੂੰ ਪਾਰਟੀ ਦਾ ਸਰਪ੍ਰਸਤ ਚੁਣਿਆ ਗਿਆ ਹੈ। ਪਾਰਟੀ ਦੀ ਕੋਰ ਕਮੇਟੀ ਸਮੇਤ ਜਥੇਬੰਦਕ ਢਾਂਚੇ ਨੂੰ ਮੁਕੰਮਲ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ 10 ਦਿਨਾਂ ਅੰਦਰ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਉਦੋਂ ਤੱਕ ਪਾਰਟੀ ਨੂੰ ਚੋਣ ਨਿਸ਼ਾਨ ਵੀ ਮਿਲ ਜਾਵੇਗਾ। ਇਸ ਕਮੇਟੀ ਵਿਚ ਆਤਮਾ ਸਿੰਘ, ਬਲਬੀਰ ਸਿੰਘ ਵਿਵੇਕ ਵਿਹਾਰ, ਅਮਰਜੀਤ ਸਿੰਘ, ਅਮਰਜੀਤ ਸਿੰਘ ਪਿੰਕੀ ਤੇ ਹਰਵਿੰਦਰ ਸਿੰਘ ਕੇਪੀ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਯੂਥ ਵਿੰਗ ਦੇ ਗਠਨ ਦੀ ਜ਼ਿੰਮੇਵਾਰੀ ਰਮਨਦੀਪ ਸਿੰਘ ਥਾਪਰ, ਸਤਬੀਰ ਸਿੰਘ ਗਗਨ ਅਤੇ ਮਨਜੀਤ ਸਿੰਘ ਔਲਖ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਵਿਦਿਆਰਥੀ ਚੋਣਾਂ ਵੀ ਲੜੇਗੀ ਅਤੇ ਸਟੂਡੈਂਟ ਵਿੰਗ ਦੇ ਗਠਨ ਦੀ ਜ਼ਿੰਮੇਵਾਰੀ ਰਮਨਜੋਤ ਸਿੰਘ ਮੀਤਾ ਤੇ ਗੁਰਦੇਵ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਦੀ ਮਜ਼ਬੂਤ ਮਹਿਲਾ ਵਿੰਗ ਟੀਮ ਵੀ ਹੋਵੇਗੀ ਅਤੇ ਇਸ ਦੀ ਜ਼ਿੰਮੇਵਾਰੀ ਭੁਪਿੰਦਰ ਕੌਰ, ਬਲਜੀਤ ਕੌਰ, ਪਰਮਜੀਤ ਕੌਰ ਗੁੱਡੀ, ਮਨਜੀਤ ਕੌਰ ਗੋਵਿੰਦਪੁਰੀ, ਮਨਜੀਤ ਕੌਰ ਲਾਰੈਂਸ ਰੋਡ ਤੇ ਸੂਰਬੀਰ ਕੌਰ ਨੂੰ ਸੌਂਪੀ ਗਈ ਹੈ। ਸ੍ਰੀ ਕਾਲਕਾ ਨੇ ਕਿਹਾ ਕਿ ਇਹ ਪਾਰਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਪੰਥਕ ਰਵਾਇਤਾਂ ਮੁਤਾਬਕ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੇ ਪੰਥ ਦਾ ਭਰੋਸਾ ਗੁਆ ਲਿਆ ਹੈ ਜਿਸ ਦਾ ਸਬੂਤ ਪੰਜਾਬ ਚੋਣਾਂ ਦੇ ਨਤੀਜੇ ਹਨ। ਨਵੇਂ ਚੁਣੇ ਪ੍ਰਧਾਨ ਐੱਮਪੀਐੱਸ ਚੱਢਾ ਨੇ ਕਿਹਾ ਕਿ ਦਿੱਲੀ ਦੇ ਸਿੱਖਾਂ ਨੂੰ ਆਪਣੀ ਪਾਰਟੀ ਦੀ ਬਹੁਤ ਜ਼ਰੂਰਤ ਸੀ। ਇਸ ਮੌਕੇ ਭਜਨ ਸਿੰਘ ਵਾਲੀਆ ਨੇ ਵੀ ਸੰਬੋਧਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly