ਅੰਮ੍ਰਿਤਸਰ (ਸਮਾਜਵੀਕਲੀ) – ਕੇਂਦਰ ਸਰਕਾਰ ਵੱਲੋਂ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਮਾਰਗ ਦੀ ਬਣਾਈ ਯੋਜਨਾ ਵਿੱਚ ਪੰਜਾਬ ਪੱਧਰ ’ਤੇ ਤਬਦੀਲੀ ਕਰਨ ਦਾ ਮਾਮਲਾ ਭਖਣ ਲੱਗਿਆ ਹੈ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਹਰਦੀਪ ਸਿੰਘ ਪੁਰੀ ਨੂੰ ਪੱਤਰ ਭੇਜ ਕੇ ਇਸ ਐਕਸਪ੍ਰੈੱਸ ਮਾਰਗ ਵਿੱਚ ਕੀਤੀ ਤਬਦੀਲੀ ਰੱਦ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜਿਆ ਹੈ।
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਆਖਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਇਸ ਸਬੰਧੀ ਪੱਤਰ ਭੇਜੇ ਹਨ, ਜਦੋਂਕਿ ਹਰਦੀਪ ਸਿੰਘ ਪੁਰੀ ਨਾਲ ਖੁਦ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਉਨ੍ਹਾਂ ਲੰਮੇ ਯਤਨਾਂ ਮਗਰੋਂ ਪ੍ਰਵਾਨਗੀ ਦਿਵਾਈ ਸੀ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਇਕ ਮੰਤਰੀ ਵੱਲੋਂ ਇਸ ਐਕਸਪ੍ਰੈੱਸ ਮਾਰਗ ਵਿੱਚ ਆਪਣੇ ਪੱਧਰ ’ਤੇ ਤਬਦੀਲੀ ਕੀਤੀ ਗਈ ਹੈ ਅਤੇ ਇਸ ਦਾ ਨਾਂ ਵੀ ਬਦਲ ਦਿੱਤਾ ਗਿਆ ਹੈ। ਇਸ ਮਾਰਗ ਨੂੰ ਦਿੱਲੀ-ਲੁਧਿਆਣਾ-ਕਟੜਾ ਕਰ ਦਿੱਤਾ ਗਿਆ ਹੈ ਅਤੇ ਅੰਮ੍ਰਿਤਸਰ ਨੂੰ ਇਸ ਵਿੱਚੋਂ ਮਨਫੀ ਕਰ ਦਿੱਤਾ ਗਿਆ ਹੈ।
ਜਦੋਂਕਿ ਅੰਮ੍ਰਿਤਸਰ ਅੰਤਰਾਸ਼ਟਰੀ ਹਵਾਈ ਅੱਡਾ, ਅੰਤਰ-ਰਾਸ਼ਟਰੀ ਤੇ ਅੰਤਰਰਾਜੀ ਬੱਸ ਅੱਡਾ ਅਤੇ ਸਰਹੱਦੀ ਸ਼ਹਿਰ ਹੈ, ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ। ਇਹ ਸ਼ਰਧਾਲੂ ਇਥੋਂ ਹੀ ਹਿਮਾਚਲ ਦੇ ਵੱਖ ਵੱਖ ਥਾਵਾਂ ਅਤੇ ਕਟੜਾ ਸਥਿਤ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਸਤੇ ਵੀ ਜਾਂਦੇ ਹਨ। ਉਨ੍ਹਾਂ ਆਖਿਆ ਕਿ ਇਸ ਵਿੱਚ ਤਬਦੀਲੀ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਨਿਆਂ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਦੋ ਸਫਿਆਂ ਦਾ ਇਕ ਪੱਤਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹੈ, ਜਿਸ ਵਿੱਚ ਇਸ ਐਕਸਪ੍ਰੈੱਸ ਮਾਰਗ ਵਿੱਚ ਕੀਤੀ ਤਬਦੀਲੀ ਦਾ ਮੁੱਦਾ ਉਠਾਇਆ। ਉਨ੍ਹਾਂ ਆਖਿਆ ਕਿ ਇਸ ਐਕਸਪ੍ਰੈੱਸ ਮਾਰਗ ਦਾ ਮੁੱਖ ਮੰਤਵ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ ਸਿੱਧਾ ਗੁਰੂ ਨਗਰੀ ਅੰਮ੍ਰਿਤਸਰ ਨਾਲ ਅਤੇ ਕਟੜਾ ਸਥਿਤ ਵੈਸ਼ਨੋ ਦੇਵੀ ਮੰਦਿਰ ਨਾਲ ਜੋੜਨਾ ਸੀ।
ਇਹ ਯੋਜਨਾ ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਸਕੀਮ ਹੇਠ ਬਣਾਈ ਗਈ ਸੀ ਪਰ ਇਸ ਵਿਚੋਂ ਅੰਮ੍ਰਿਤਸਰ ਨੂੰ ਮਨਫੀ ਕਰਨ ਨਾਲ ਇਹ ਮਾਲਾ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਤੋਂ ਪਹਿਲਾਂ ਸ੍ਰੀ ਔਜਲਾ ਵੱਲੋਂ ਪ੍ਰਧਾਨ ਮੰਤਰੀ ਨੂੰ ਵੀ ਇਸੇ ਸਬੰਧੀ ਇਕ ਪੱਤਰ ਭੇਜਿਆ ਗਿਆ ਹੈ।