(ਸਮਾਜ ਵੀਕਲੀ)
ਅੱਜ ਹਰ ਹਾਕਮ ਨੂੰ ਸੋਚਾਂ ਵਿੱਚ ਪਾ ਦਿੱਤਾ ਅੰਦੋਲਨ ਨੇ ।
ਔਰਤ ਦੀ ਸੋਚ ਨੂੰ ਨਵਾਂ ਜਾਗ ਲਾ ਦਿੱਤਾ ਅੰਦੋਲਨ ਨੇ ।
ਉਸ ਹਾਕਮ ਦਾ ਧੰਨਵਾਦ ਜੀਹਨੇ ਇਹ ਮੌਕਾ ਮੇਲ ਦਿੱਤਾ ।
ਚੁੱਪ ਕਰਕੇ ਸਭ ਕੁੱਝ ਜਰਦਿਆਂ ਨੂੰ ਸੰਘਰਸ਼ ‘ਚ ਠੇਲ ਦਿੱਤਾ ।
ਜਿਵੇਂ ਕੱਲਰ ਮਾਰੀ ਧਰਤੀ ਨੂੰ ਘਾਹ ਦਿੱਤਾ ਅੰਦੋਲਨ ਨੇ ।
ਔਰਤ ਦੀ ਸੋਚ ਨੂੰ ————–
ਜਿਹੜੇ ਅੰਨਦਾਤੇ ਵੱਖੋ ਵੱਖ ਡਫਲੀਆਂ ਚੁੱਕੀਂ ਫਿਰਦੇ ਸੀ ।
ਆਪੋ ਵਿੱਚ ਲੜਨ ਲਈ ਮੁੱਠੀਆਂ ਦੇ ਵਿੱਚ ਥੁੱਕੀਂ ਫਿਰਦੇ ਸੀ ।
ਸਾਂਝੀਵਾਲਤਾ ਵਾਲ਼ਾ ਗੀਤ ਨਵਾਂ ਗਾ ਦਿੱਤਾ ਅੰਦੋਲਨ ਨੇ ।
ਔਰਤ ਦੀ ਸੋਚ ਨੂੰ ————–
ਕਈ ਹੱਦਾਂ ਤੇ ਸਰਹੱਦਾਂ ਪਲ ਵਿੱਚ ਮੇਟ ਕੇ ਰੱਖ ਦਿੱਤੀਆਂ ।
ਮੰਗਾਂ ਛੋਟੀਆਂ ਮੋਟੀਆਂ ਇੱਕ ਗੱਲ ਵਿੱਚ ਲਪੇਟ ਕੇ ਰੱਖ ਦਿੱਤੀਆਂ ।
ਵੱਖਰਾ ਚੜ੍ਦੀ ਉਮਰ ਜਵਾਨੀ ਨੂੰ ਚਾਅ ਦਿੱਤਾ ਅੰਦੋਲਨ ਨੇ ।
ਔਰਤ ਦੀ ਸੋਚ ਨੂੰ —————
ਭਾਵੇਂ ਨੇੜ ਭਵਿੱਖ ਵਿੱਚ ਕੋਈ ਫ਼ਾਇਦਾ ਹੋਵੇ ਨਾ ਹੋਵੇ ।
ਐਪਰ ਪਿੰਡ ਰੰਚਣਾਂ ਵਾਲ਼ਾ ਤਾਂ ਅਸਲ ਆਜ਼ਾਦੀ ਨੂੰ ਰੋਵੇ ।
ਕੇਰਾਂ ਤਾਂ ਕਿਲਾ ਹੰਕਾਰ ਦਾ ਵੇਖ ਲਓ ਢਾਹ ਦਿੱਤਾ ਅੰਦੋਲਨ ਨੇ ।
ਔਰਤ ਦੀ ਸੋਚ ਨੂੰ ਜਾਗ ਨਵਾਂ ਲਾ ਦਿੱਤਾ ਅੰਦੋਲਨ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9478408898