ਅਲੋਪ ਹੋਇਆ ਪੰਜਾਬੀ ਵਿਰਸਾ

ਵੀਰ ਸਿੰਘ ਵੀਰਾ

(ਸਮਾਜ ਵੀਕਲੀ)

ਅੱਜ ਤੋਂ ਕੋਈ ਚਾਰ ਕੁ ਦਹਾਕੇ ਪਹਿਲਾਂ ਵਾਲੇ ਵੇਲਿਆਂ ਦੀ ਜੇ ਗੱਲ ਕਰੀਏ, ਤਾਂ ਸਾਰਾ ਕੁਝ ਅੱਖਾਂ ਸਾਹਮਣੇ ਇੰਜ ਘੁੰਮਣ ਲੱਗ ਜਾਂਦਾ ਹੈ
ਜਿਵੇਂ ਅਜੇ ਕੱਲ੍ਹ ਦੀਆਂ ਗੱਲਾਂ ਹੋਣ, ਨਾ ਉਹ ਦਿਨ ਰਹੇ ,ਨਾ ਉਹ ਲੋਕ ਰਹੇ, ਤੇ ਨਾ ਹੀ ਉਹ ਪਿਆਰ ਰਿਹਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ
ਮੇਰਾ ਮਾਮਾ ਜੀ ਦਾ ਵਿਆਹ ਸੀ, ਮੇਰੇ ਨਾਨਾ ਜੀ ਸਾਨੂੰ ਖੁਦ ਵਿਆਹ ਆਖਣ ਵਾਸਤੇ ਸਾਡੇ ਘਰੇ ਆਏ ਸਨ, ਮੈਂ ਜਦੋਂ ਸਕਲੋਂ ਛੁੱਟੀ ਹੋਣ ਤੇ
ਘਰੇ ਗਿਆ ਤੇ ਨਾਨਾ ਜੀ ਨੂੰ ਜਦੋਂ ਵੇਖਿਆ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਮੈ ਜਾਣ ਗਿਆ ਸੀ ਕਿ ਨਾਨਾ ਜੀ ਵਿਆਹ ਈ ਆਖਣ ਆਏ ਨੇ, ਜਦ ਕਿ ਅਕਸਰ ਹੀ ਮੰਮੀ ਜੀ ਮਾਮੇ ਦੇ ਵਿਆਹ ਬਾਰੇ ਗੱਲਾਂ ਕਰਦੇ ਰਹਿੰਦੇ ਸਨ।

ਮੈਂ ਜਦੋਂ ਵਿਆਹ ਬਾਰੇ ਸੁਣਿਆ ਤਾਂ ਮੈਨੂੰ ਬਹੁਤ ਜਿਆਦਾ ਚਾਅ ਚੜ੍ਹ ਗਿਆ, ਵਿਆਹ ਦੇ ਦਿਨ ਜਿਉਂ ਜਿਉਂ ਨੇੜੇ ਆਉਂਦੇ ਗਏ, ਮੇਰੀ ਉਤਸੁਕਤਾ ਹੋਰ ਵੱਧਦੀ ਗਈ, ਮੇਰੀ ਮੰਮੀ ਜੀ ਨੇ ਡੈਡੀ ਜੀ ਨੂੰ ਕਿਹਾ, ਅਸੀਂ ਚਾਰ ਪੰਜ ਦਿਨ ਪਹਿਲਾਂ ਜਾਵਾਂਗੇ, ਤਾਂ ਡੈਡੀ ਜੀ ਨੇ ਕਿਹਾ ਠੀਕ ਹੈ ਤੁਸੀਂ ਤਿਆਰ ਹੋ ਜਾਉ ਮੈ ਤੁਹਾਨੂੰ ਛੱਡ ਆਉਂਦਾ ਹਾਂ,

ਅਸੀਂ ਚਾਈਂ ਚਾਈਂ ਤਿਆਰ ਹੋਏ ਤੇ ਸ਼ਾਮ ਨੂੰ ਨਾਨਕੇ ਘਰੇ ਚਲੇ ਗਏ , ਸਾਰਿਆਂ ਨੂੰ ਮਿਲੇ, ਆਂਡੀ ਗਵਾਂਢੀ ਵੀ ਬੜੇ ਪਿਆਰ ਨਾਲ ਆ ਕੇ ਸਾਨੂੰ ਮਿਲੇ,ਚਾਹ ਪਾਣੀ ਪੀਤਾ ਤੇ ਮੇਰੇ ਮਾਮੇ ਨੇ ਮੇਰੇ ਡੈਡੀ ਨੂੰ ਕਿਹਾ, ਭਾਈਆ ਜੀ ਆਉ ਮੇਰੇ ਨਾਲ ਚੱਲੋ ਗੱਡਾ ਜੋੜ ਕੇ ਆਪਾਂ ਲੈਕੇ ਜਾਣਾ ਏ, ਭਾਊ(ਪਿਤਾ )ਅਰੀ ਨਹਿਰ ਦੇ ਨਾਲੋਂ ਸੁੱਕਾ ਬਾਲਣ ਵੱਢ ਰਹੇ ਨੇ, ਆਪਾਂ ਗੱਡੇ ਤੇ ਲੱਦ ਕੇ ਲਿਆਉਣਾ ਏਂ। ਮੇਰੇ ਡੈਡੀ ਨੇ ਮੈਨੂੰ ਕਿਹਾ ਚੰਗਾ ਪੁੱਤ ਅਸੀਂ ਬਾਲਣ ਲੱਦ ਲਿਆਈਏ ਤੇ ਤੂੰ ਖੇਡ, ਮੈਂ ਕਿਹਾ ਡੈਡੀ ਜੀ ਮੈਂ ਵੀ ਗੱਡੇ ਤੇ ਝੂਟਾ ਲੈਣਾ ਏਂ, ਮੇਰੇ ਲਈ ਗੱਡੇ ਤੇ ਝੂਟਾ ਲੈਣਾ ਬੜੇ ਮਾਣ ਵਾਲੀ ਗੱਲ ਸੀ ਮੇਰੇ ਡੈਡੀ ਜੀ ਨੇ ਮੈਨੂੰ ਝਿੜਕ ਕੇ ਕਿਹਾ ਨਾ ਪੁੱਤ ਤੂੰ ਘਰੇ ਰਹਿ, ਮੈਂ ਰੋਣ ਲੱਗ ਪਿਆ, ਫਿਰ ਮਾਮਾ ਜੀ ਨੇ ਮੇਰੀ ਸਿਫਾਰਸ਼ ਕੀਤੀ, ਚੱਲ ਕੋਈ ਨਹੀਂ  ਜਾਣ ਦੇ ਨਾਲ, ਆਪੇ ਭਾਊ ਨਾਲ ਤੁਰ ਕੇ ਆ ਜਾਊਗਾ।

ਮਾਮਾ ਜੀ  ਨੇ ਕਿੱਲਿਆਂ ਨਾਲੋਂ ਵਾਰੀ ਵਾਰੀ ਦੋਵੇਂ ਬਲਦ ਖੋਲ੍ਹੇ ਜਿੰਨਾਂ ਦੇ ਗਲਾਂ ਵਿੱਚ ਬੜੇ ਵਧੀਆ ਘੁੰਗਰੂ ਛਣਕ ਰਹੇ ਸਨ, ਮੈਂ ਗੱਡੇ ਦੇ ਉੱਤੇ ਬੋਰੀ ਤੇ ਬੈਠ ਗਿਆ, ਤੇ ਗੱਡੇ ਦੇ ਅੱਗੇ ਜੋੜੇ ਹੋਏ ਉੱਚੇ ਲੰਮੇ ਬਲਦ ਹੌਲੀ ਹੌਲੀ ਤੁਰਦੇ ਜਾ ਰਹੇ ਸਨ। ਮੇਰੇ ਕੰਨਾਂ ਵਿੱਚ ਪੈਂਦੀ ਬਲਦਾਂ ਦੇ ਘੁੰਗਰੂਆਂ ਦੀ ਆਵਾਜ਼ ਮੈਨੂੰ ਮੰਤਰ ਮੁਗਧ ਕਰ ਰਹੀ ਸੀ, ਹੌਲੀ ਹੌਲੀ ਅਸੀਂ ਪਿੰਡੋਂ ਕਾਫੀ ਦੂਰ ਜਾ ਚੁੱਕੇ ਸਾਂ, ਥੋੜ੍ਹਾ ਹੋਰ ਅੱਗੇ ਜਾਣ ਤੇ ਵੇਖਿਆ ਕਿ ਵੇਲਣੇ ਤੇ ਕੁੱਝ ਲੋਕ ਗੁੜ ਕੱਢ ਰਹੇ ਸਨ, ਬੜੀ ਵਧੀਆ ਗਰਮ ਗੁੜ ਦੀ ਵਾਸ਼ਨਾ ਆ ਰਹੀ ਸੀ, ਮੈਥੋਂ ਰਿਹਾ ਨਾ ਗਿਆ ।

ਮੇਰਾ ਗਰਮਾ ਗਰਮ ਗੁੜ ਖਾਣ ਨੂੰ ਜੀਅ ਕਰ ਰਿਹਾ ਸੀ  ਮੈਂ ਜਿਉਂ ਹੀਂ ਚਾਰ ਚੁਫੇਰੇ ਵੇਖਿਆ, ਮੈਨੂੰ ਵੇਖ ਕੇ ਮਾਮਾ ਜੀ ਨੇ ਕਿਹਾ
ਭਾਣਜਿਆ ਗੁੜ ਖਾਂਏਂਗਾ ? ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ, ਮੇਰੇ ਡੈਡੀ ਜੀ ਨੇ ਮੈਨੂੰ ਫੜ ਕੇ ਗੱਡੇ ਤੋਂ ਥੱਲੇ ਲਾਹਿਆ, ਅਸੀਂ ਤਿੰਨੇ ਜਣੇ
ਵੇਲਣੇ ਤੇ ਚਲੇ ਗਏ, ਸਾਡੇ ਜਾਂਦਿਆਂ ਹੀ ਵੇਲਣੇ ਵਾਲਿਆਂ ਨੇ ਕੜਾਹੇ ਚੋਂ ਬਣਿਆਂ ਗੁੜ ਲੱਕੜ ਦੇ ਗੰਡ ਵਿੱਚ ਅਜੇ ਪਾਇਆ ਈ ਸੀ ਤੇ ਥੋੜ੍ਹਾ ਠੰਡਾ ਹੋਣ ਤੇ ਵੇਲਣੇ ਵਾਲੇ ਨੇ ਮੇਰੇ ਮਾਮੇ ਨੂੰ ਕਿਹਾ ਪਾ ਕੇ ਦੇਹ ਸ਼ੀਰਿਆ ਗੁੜ ਕਾਕੇ ਨੂੰ, ਛੇਤੀ ਨਾਲ ਮਾਮੇ ਨੇ ਲਸੂੜੇ ਦਾ ਪੱਤਾ ਤੋੜਿਆ ਤੇ ਵਾਹਵਾ ਸਾਰਾ ਗਰਮ ਗੁੜ ਖਾਣ ਨੂੰ ਪਾ ਕੇ ਦੇ ਦਿੱਤਾ,

ਮੈਂ ਉਂਗਲੀ ਨਾਲ ਗੁੜ ਖਾਂਦਾ ਹੋਇਆ ਪਿੱਛੇ ਪਿੱਛੇ ਤੁਰ ਪਿਆ, ਅਗਾਂਹ ਜਾਕੇ ਮੈਨੂੰ ਖੂਹ ਤੇ ਛੱਡ ਕੇ ਆਪ ਬਾਲਣ ਲੱਦਣ ਲਈ ਚਲੇ ਗਏ, ਖੂਹ ਦੀਆਂ ਘੁੰਮਦੀਆਂ ਹੋਈਆਂ ਟਿੰਡਾਂ ਥੱਲਿਓਂ ਖੂਹ ਵਿੱਚੋਂ ਪਾਣੀ ਲੈਕੇ ਉਪਰ ਨੂੰ ਆ ਰਹੀਆਂ ਸਨ, ਤੇ ਪਾੜਛੇ ਵਿੱਚ ਪਾਣੀ ਡ੍ਹੋਲ ਕੇ ਫਿਰ ਥੱਲੇ ਨੂੰ ਵਾਪਿਸ ਜਾ ਰਹੀਆਂ ਸਨ, ਮੈਂ ਕਿੰਨ੍ਹਾ  ਹੀ ਚਿਰ ਆਉਂਦੀਆਂ ਜਾਂਦੀਆਂ ਟਿੰਡਾਂ ਨੂੰ ਵੇਖਦਾ ਰਿਹਾ, ਬਲਦਾਂ ਦੇ ਅੱਖਾਂ ਤੇ ਪੱਟੀਆਂ ਬੱਧੀਆਂ ਹੋਈਆਂ ਸਨ, ਉਹ ਆਪਣੀ ਚਾਲੇ ਤੁਰਦੇ ਜਾ ਰਹੇ ਸਨ ।
ਬਲਦਾਂ ਦੇ ਪਿੱਛੇ ਗਾੜ੍ਹੀ ਉੱਤੇ ਕੁਰਸੀ ਬਣੀ ਹੋਈ ਸੀ, ਉਨੇ ਚਿਰ ਨੂੰ  ਮੇਰੇ ਨਾਨਾ ਜੀ ਵੀ ਆ ਗਏ, ਨਾਨਾ ਛੀ ਮੈਨੂੰ ਚੁੱਕ ਕੇ ਗਾੜ੍ਹੀ ਤੇ ਬਿਠਾ ਦਿੱਤਾ, ਮੈਂ ਕਾਫੀ ਚਿਰ ਝੂਟੇ ਲੈਂਦਾ ਰਿਹਾ,

ਜਦੋਂ ਹਨੇਰਾ ਹੋਣਾ ਸ਼ੁਰੂ ਹੋ ਗਿਆ ਤਾਂ ਨਾਨਾ ਜੀ ਨੇ ਬਲਦ ਛੱਡ ਦਿੱਤੇ, ਤੇ ਅਸੀਂ ਦੋਵੇਂ ਨਾਨਾ ਦੋਹਤਾ ਘਰੇ ਆ ਗਏ, ਅਜੇ ਰੋਟੀ ਟੁੱਕ ਖਾ ਕੇ ਬੈਠੇ ਹੀ ਸੀ ਕਿ ਬਹੁਤ ਸਾਰੀਆਂ ਆਂਢ ਗਵਾਂਢ ਤੋਂ ਔਰਤਾਂ ਕੱਠੀਆਂ ਹੋ ਕੇ ਰਾਤ ਨੂੰ  ਘੋੜੀਆਂ ਗਾਉਣ ਵਾਸਤੇ ਆ ਗਈਆਂ, ਉਹ ਸਾਰੀਆਂ ਜਣੀਆਂ ਹੱਸਦੀਆਂ ਖੇਡਦੀਆਂ ਹੋਈਆਂ ਘੋੜੀਆਂ ਗਾਉਣ ਲੱਗੀਆਂ ਉਹਨੂੰ ਦੀ ਮਿੱਠੀ ਤੇ ਸੁਰੀਲੀ ਆਵਾਜ਼ ਮੇਰੇ ਕੰਨਾਂ ਵਿੱਚ ਰਸ ਘੋਲ ਰਹੀ ਸੀ, ਸੱਚ ਪੁੱਛੋ ਤਾਂ ਉਹ ਐਨਾ ਸੋਹਣਾ ਤੇ ਮਿੱਠੇ ਰਾਗ ਵਿੱਚ ਗਾ ਰਹੀਆਂ ਸਨ ,ਮੈਨੂੰ ਧੱਕੇ ਨਾਲ ਨੀਂਦ ਆ ਰਹੀ ਸੀ। ਆਖਰ ਨੂੰ ਉਹਨਾਂ ਨੇ ਜਦੋਂ ਗਾਉਣਾ ਬੰਦ ਕੀਤਾ ਤਾਂ ਮੈਂ ਵੀ ਉੱਠ ਕੇ ਬੈਠ ਗਿਆ,

ਫਿਰ ਉਹਨਾਂ ਨੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ, ਮੈਂ ਉਹਨਾਂ ਦਾ ਗਿੱਧਾ ਬੜੀ ਉਤਸੁਕਤਾ ਨਾਲ ਵੇਖ ਰਿਹਾ ਸਾਂ, ਪਤਾ ਨਹੀਂ ਕਦੋਂ ਦਿਨ ਚੜ੍ਹ ਗਿਆ, ਦਿਨ ਹੋਇਆ ਤਾਂ ਸਪੀਕਰ ਵਾਲਾ ਸਾਈਕਲ ਤੇ ਸਪੀਕਰ ਬੰਨ ਕੇ ਲੈ ਆਇਆ, ਆਉਂਦਿਆਂ ਈਂ ਸਾਈਕਲ ਨੂੰ  ਸਟੈਂਡ ਤੇ ਲਾ ਕੇ ਕਹਿਣ ਲੱਗਾ, ਕਾਕਾ ਮੈਨੂੰ ਰੱਸਾ ਲਿਆ ਕੇ ਦੇਹ ਮੈਂ ਕੋਠੇ ਤੇ ਮੰਜੀਆਂ ਬੰਨ ਕੇ ਸਪੀਕਰ  ਲਾਉਣਾ ਹੈ। ਮੈਂ ਨਾਨੀ ਜੀ ਨੂੰ ਕਿਹਾ ਨਾਨੀ ਜੀ ਉਹ ਭਾਈ ਰੱਸਾ ਮੰਗਦਾ ਹੈ, ਕਹਿੰਦਾ ਕੋਠੇ ਤੇ ਸਪੀਕਰ ਬੰਨਣੇ ਨੇ, ਨਾਨੀ ਜੀ ਨੇ ਖੁਸ਼ ਹੁੰਦਿਆਂ ਕਿਹਾ, ਪੁੱਤ ਉਹਨੂੰ ਕਹਿ ਜਿਹੜੀਆਂ ਦੋ ਮੰਜੀਆਂ ਜੋੜ ਕੇ ਸਪੀਕਰ ਬੰਨਣਾ ਏਂ ,ਉਹਦੀ ਇੱਕ ਦੀ ਪੈਂਦ ਲਾਹ ਲਵੇ,

ਮੇਰੇ ਕਹਿਣ ਤੋਂ ਪਹਿਲਾਂ ਹੀ ਭਾਈ ਨੇ ਸਭ ਸੁਣ ਲਿਆ ਸੀ, ਸਪੀਕਰ ਬੰਨ ਕੇ ਭਾਈ ਜਿਉਂ ਹੀ ਕੋਠੇ ਤੋਂ ਥੱਲੇ ਆਇਆ ਤੇ ਆਪਣੀ ਪੇਟੀ ਖੋਲ੍ਹੀ ਅਤੇ ਵੇਖਦੇ ਹੀ ਵੇਖਦੇ ਉਸ ਨੇ ਥੈਲੇ ਵਿੱਚੋਂ ਤਵਾ ਕੱਢ ਕੇ ਘੁੰਮਦੇ ਹੋਏ ਚਕਲੇ ਉੱਤੇ ਰੱਖ ਦਿੱਤਾ ਅਤੇ ਮਸ਼ੀਨ ਨੂੰ ਚਾਬੀ ਭਰਨ ਲੱਗ ਪਿਆ ਅਤੇ ਨਾਲ ਦੇ ਨਾਲ ਹੀ ਯਮਲੇ ਦਾ ਗਾਣਾ  ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ, ਸਾਰੇ ਪਿੰਡ ਵਿੱਚ ਗੂੰਜਣ ਲੱਗ ਪਿਆ, ਗਵਾਂਢਣ ਤਾਈ ਮਿੰਦੋ ਨੇ ਆਉਂਦਿਆਂ ਹੀ ਕਿਹਾ, ਆਹ ਹੋਈ ਨਾ ਗੱਲ ,ਹੁਣ ਲੱਗਦਾ ਵਿਆਹ ਵਾਲਾ ਘਰ, ਹੌਲੀ ਹੌਲੀ ਕਰਦਿਆਂ ਬਰਾਤ ਵਾਲਾ ਦਿਨ ਆ ਗਿਆ,

ਅਸੀਂ ਤਿਆਰ ਹੋ ਕੇ ਬਰਾਤੀ ਬਣ ਕੇ ਲੜਕੀ ਵਾਲਿਆਂ ਦੇ ਘਰੇ ਪਹੁੰਚ ਗਏ, ਲੜਕੀ ਵਾਲਿਆਂ ਨੇ ਮੰਜੀਆਂ ਤੇ ਚਾਦਰਾਂ ਵਿਛਾ ਕੇ 25 -30 ਮੰਜੀਆਂ ਲਾਈਨ ਸਿਰ ਡਾਹੀਆਂ ਹੋਈਆਂ ਸਨ, ਜਾਂਦਿਆਂ ਹੀ ਸਾਨੂੰ ਮੰਜੀਆਂ ਤੇ ਬਿਠਾਇਆ ਗਿਆ, ਚਾਹ ਦੇ ਨਾਲ ਬਦਾਨਾ ਤੇ ਭੁਜੀਆ ਦਿੱਤਾ ਗਿਆ, ਸ਼ਾਮ ਨੂੰ ਅਨੰਦ ਕਾਰਜ ਹੋਇਆ ਤੇ ਸਾਰੇ ਰੀਤੀ ਰਿਵਾਜ ਕੀਤੇ ਗਏ ਜੋ ਅੱਜ ਤੱਕ ਮੈਨੂੰ ਯਾਦ ਨੇ ,ਪਰ ਅੱਜ ਇਹ ਸਾਰਾ ਕੁੱਝ ਅਲੋਪ ਹੋ ਗਿਆ ਹੈ।

ਵੀਰ ਸਿੰਘ   

ਪੀਰ ਮੁਹੰਮਦ – 9855069972

Previous articleBJP to conduct high voltage campaign for Kanyakumari LS seat
Next articleKamala Harris to participate in Quad summit with Modi