ਦਿੱਲੀ ਅੰਦੋਲਨ….

New Delhi: Farmers from Punjab and Haryana protesting against the three new agricultural laws made in September this year, continue to give 'dharna' at the Delhi-Haryana's Singhu Border.

(ਸਮਾਜ ਵੀਕਲੀ)

25 ਦਸੰਬਰ ਸ਼ੁੱਕਰਵਾਰ ਦੇ ਦਿਨ ਅਸੀਂ ਸਵੇਰੇ 6 ਵਜੇ ਦਿੱਲੀ ਦਾ ਸਫਰ ਸ਼ੁਰੂ ਕੀਤਾ। ਇਸ ਦਿਨ ਧੁੰਦ ਵੀ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਸੀ। ਮੌਸਮ ਨੇ ਆਪਣਾ ਮਿਜਾਜ਼ ਬਦਲਿਆ ਤੇ ਛੇਤੀ ਹੀ ਕਰੀਬ ਅੱਠ ਵਜੇ ਤਕ ਧੁੰਦ ਘਟਣੀ ਸ਼ੁਰੂ ਹੋ ਗਈ ਅਤੇ ਮੌਸਮ ਬਿਲਕੁਲ ਸਾਫ਼ ਹੋ ਗਿਆ। ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖ ਕੇ ਰਸਤੇ ਵਿਚ ਜਗ੍ਹਾ ਜਗ੍ਹਾ ਤੇ ਚਾਹ ਪਕੌੜਿਆਂ ਦੇ ਲੰਗਰ ਲੱਗੇ ਹੋਏ ਸਨ। ਇੱਕ ਜਗ੍ਹਾ ਅਸੀਂ ਰੁਕ ਕੇ ਸਭ ਨੇ ਚਾਹ ਪਕੌਡ਼ਿਆਂ ਦਾ ਲੰਗਰ ਛਕਿਆ ਜਿੱਥੇ ਸਾਨੂੰ ਇੱਕ ਕਰੀਬ 75 ਤੋਂ 80 ਸਾਲ ਦਾ ਬਜ਼ੁਰਗ ਵੀ ਮਿਲਿਆ ਜੋ ਬਿਮਾਰ ਹੋਣ ਦੇ ਬਾਵਜੂਦ ਵੀ ਧਰਨੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਅਤੇ ਸਾਨੂੰ ਦੱਸ ਰਿਹਾ ਸੀ ਕਿ ਮੇਰੇ ਘਰਦਿਆਂ ਤੇ ਰੋਕਣ ਤੇ ਵੀ ਨਹੀਂ ਰੁਕਿਆ ਅਤੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹਾਂ। ਅਸੀਂ ਸਭ ਨੇ ਉਸ ਬਜ਼ੁਰਗ ਨਾਲ ਇੱਕ ਯਾਦਗਾਰੀ ਤਸਵੀਰ ਖਿਚਾਈ ਤੇ ਦਿੱਲੀ ਵੱਲ ਨੂੰ ਰਵਾਨਾ ਹੋਣਾ ਸ਼ੁਰੂ ਕਰ ਦਿੱਤਾ। ਅਸੀਂ ਸਭ ਕਰੀਬ 2 ਵਜੇ ਟਿਕਰੀ ਬਾਰਡਰ ਤੇ ਪਹੁੰਚ ਗਏ ਅਤੇ ਪਹੁੰਚਦਿਆਂ ਹੀ ਸਾਡੇ ਪਿੰਡਾਂ ਦੇ ਜਥੇ ‘ਚ ਉੱਥੇ ਪਹਿਲਾਂ ਹੀ ਸ਼ਾਮਲ ਸਨ ਉਨ੍ਹਾਂ ਵੱਲੋਂ ਸਾਨੂੰ ਜਲ ਪਾਣੀ ਅਤੇ ਚਾਹ ਦਾ ਲੰਗਰ ਛਕਾਇਆ ਗਿਆ। ਠੰਢ ਦਾ ਮੌਸਮ ਹੋਣ ਕਰਕੇ ਕਰੀਬ ਪੰਜ ਵਜੇ ਅਸੀਂ ਸਭ ਨੇ ਆਪਣੇ ਰਾਤ ਦੇ ਠਹਿਰਨ ਲਈ ਇਕ ਤੰਬੂ ਲਗਾਉਣਾ ਸ਼ੁਰੂ ਕੀਤਾ। ਸਾਡੇ ਰਾਤ ਰੁਕਣ ਦੀ ਜਗ੍ਹਾ ਦਾ ਸਾਰਾ ਪ੍ਰਬੰਧ ਪਿੰਡ ਕਾਹਨ ਸਿੰਘ ਵਾਲਾ ਦੇ ਬਹੁਤ ਸਾਰੇ ਸਹਿਯੋਗੀ ਪਤਵੰਤਿਆਂ ਨੇ ਕੀਤਾ। ਆਸ ਪਾਸ ਤੁਰ ਫਿਰ ਕੇ ਅਸੀਂ ਲੰਗਰ ਛਕ ਕੇ ਰਾਤ ਨੂੰ ਸੌਂ ਗਏ। ਅਗਲੇ ਦਿਨ ਸਵੇਰੇ ਅਸੀਂ ਸਿੰਘੂ ਬਾਰਡਰ ਨੂੰ ਰਵਾਨਾ ਹੋਏ। ਟਿਕਰੀ ਬਾਰਡਰ ਤੋਂ ਲੰਘਦਿਆਂ ਸਾਨੂੰ ਕਰੀਬ 2 ਘੰਟੇ ਭੀੜ ਵਿੱਚ ਸਮਾਂ ਲੱਗਿਆ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਪੰਜਾਬ , ਹਰਿਆਣਾ ਅਤੇ ਪੂਰੇ ਦੇਸ਼ ਭਰ ਦੇ ਸੂਬਿਆਂ ਵਿਚੋਂ ਕਿਸਾਨਾਂ ਮਜ਼ਦੂਰਾਂ ਦਾ ਹੜ੍ਹ ਦਿੱਲੀ ਵਿਖੇ ਪਹੁੰਚ ਚੁੱਕਿਆ ਹੈ। ਸਾਰਾ ਟਿਕਰੀ ਬਾਰਡਰ ਲੰਘਣ ਤੋਂ ਬਾਅਦ ਅਸੀਂ ਸਿੰਘੂ ਬਾਰਡਰ ਦਾ ਰਸਤਾ ਭਟਕ ਗਏ ਅਤੇ ਉਥੇ ਖੜ੍ਹੇ ਕੁਝ ਪੁਲਿਸ ਮੁਲਾਜ਼ਮਾਂ ਨੇ ਸਾਨੂੰ ਦੂਸਰੇ ਰਸਤੇ ਤੋਂ ਸਿੰਘੂ ਬਾਰਡਰ ਜਾਣ ਲਈ ਇੱਥੋਂ ਵਾਪਸ ਮੁੜਨ ਲਈ ਕਿਹਾ। ਦਿੱਲੀ ਵੱਲੋਂ ਹਰਿਆਣੇ ਨੂੰ ਜਾਂਦੇ ਦੋ ਵਿਅਕਤੀ ਅਤੇ ਇਕ ਔਰਤ ਸਾਨੂੰ ਮੁੜਦੇ ਹੋਏ ਦੇਖ ਕੇ ਉਨ੍ਹਾਂ ਨੇ ਆਪਣੀ ਗੱਡੀ ਰੋਕ ਲਈ ਅਤੇ ਸਾਨੂੰ ਪੁੱਛਣ ਲੱਗੇ ਕਿ ਤੁਸੀਂ ਸਿੰਘੂ ਬਾਰਡਰ ਵੱਲ ਜਾਣਾ ਹੈ ਸਾਡੇ ਹਾਂ ਕਹਿਣ ਤੇ ਉਨ੍ਹਾਂ ਨੇ ਸਾਨੂੰ ਸਾਰਾ ਰਸਤਾ ਸਮਝਾਉਣਾ ਚਾਹਿਆ ਪਰ ਅਸੀਂ ਉਨ੍ਹਾਂ ਤੇ ਬੇਇਤਬਾਰੀ ਜਿਹੀ ਵਿਖਾ ਕੇ ਖੁਦ ਹੀ ਰਸਤਾ ਲੱਭਣ ਦੀ ਕੋਸ਼ਿਸ਼ ਕਰਨ ਲਗੇ । ਅਚਾਨਕ ਇਕ ਔਰਤ ਕਾਰ ਵਿਚੋਂ ਬਾਹਰ ਨਿਕਲੀ ਅਤੇ ਸਾਡੀ ਗੱਡੀ ਕੋਲ ਆ ਕੇ ਸਾਨੂੰ ਸਭ ਨੂੰ ਫਤਿਹ ਬੁਲਾਈ ਅਤੇ ਉਸ ਨੇ ਦੱਸਿਆ ਕਿ ਮੈਂ ਵੀ ਪੰਜਾਬ ਤੋਂ ਹਾਂ ਵੀਰ ਜੀ ਅਤੇ ਮੈਂ ਦਿੱਲੀ ਵਿੱਚ ਵਿਆਹੀ ਹੋਈ ਹਾਂ। ਤੁਹਾਨੂੰ ਇੱਥੋਂ ਸਿੰਘੂ ਬਾਰਡਰ ਦਾ ਰਸਤਾ ਨਹੀਂ ਲੱਭਣਾ ਤੁਸੀਂ ਥੋੜ੍ਹਾ ਗਲਤ ਆ ਗਏ ਹੋ ਤੁਸੀਂ ਗੱਡੀ ਸਾਡੀ ਗੱਡੀ ਦੇ ਮਗਰ ਲਗਾਓ ਅਸੀਂ ਸਿੰਘੂ ਬਾਰਡਰ ਤੇ ਛੱਡ ਕੇ ਆਉਂਦੇ ਹਾਂ। ਅਸੀਂ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਗੱਡੀ ਉਨ੍ਹਾਂ ਦੇ ਮਗਰ ਲਾਈ ਅਤੇ ਕਰੀਬ ਵੀਹ ਤੋਂ ਪੱਚੀ ਕਿਲੋਮੀਟਰ ਆਪਣੀ ਦਿਸ਼ਾ ਤੋਂ ਉਲਟ ਜਾ ਕੇ ਉਨ੍ਹਾਂ ਨੇ ਸਾਨੂੰ ਸਿੰਘੂ ਬਾਰਡਰ ਦੇ ਬਿਲਕੁਲ ਨਜ਼ਦੀਕ ਤਕ ਛੱਡ ਦਿੱਤਾ। ਅਸੀਂ ਸਭ ਨੇ ਉਤਰ ਕੇ ਉਨ੍ਹਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ ਅਤੇ ਕਿਹਾ ਕਿ ਜਿੰਨਾ ਹੋ ਸਕੇ ਕਿਸਾਨਾਂ ਅਤੇ ਪੂਰੇ ਦੇਸ਼ ਭਰ ਤੋਂ ਇਥੇ ਆਏ ਅੰਦੋਲਨਕਾਰੀਆਂ ਦਾ ਸਹਿਯੋਗ ਕਰੋ ਤਾਂ ਉਨ੍ਹਾਂ ਨੇ ਬੜੇ ਅਦਬ ਨਾਲ ਕਿਹਾ ਕਿ ਅਸੀਂ ਸਾਰੇ ਤੁਹਾਡੇ ਨਾਲ ਹਾਂ ਸਾਨੂੰ ਪਤਾ ਹੈ ਕਿ ਕਿਸਾਨ ਆਪਣੇ ਹੱਕ ਲਈ ਲੜ ਰਹੇ ਹਨ ਅਤੇ ਜਿੰਨੇ ਵੀ ਅੰਦੋਲਨਕਾਰੀ ਬੈਠੇ ਹਨ ਅਸੀਂ ਉਨ੍ਹਾਂ ਸਭ ਦਾ ਦਿਲੋਂ ਸਤਿਕਾਰ ਕਰਦੇ ਹਾ। ਉਨ੍ਹਾਂ ਸਭ ਨੇ ਸਾਨੂੰ ਅੰਦੋਲਨ ਦੀ ਜਿੱਤ ਪ੍ਰਾਪਤ ਕਰਨ ਤਕ ਇੱਥੇ ਰੁਕਣ ਲਈ ਪ੍ਰਾਰਥਨਾ ਕੀਤੀ ਅਤੇ ਸਾਨੂੰ ਫਤਿਹ ਬੁਲਾ ਕੇ ਵਾਪਸ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋ ਗਏ।

ਸਿੰਘੂ ਬਾਡਰ ਤੇ ਪਹੁੰਚਦਿਆਂ ਸਾਨੂੰ ਕਰੀਬ ਅੱਠ ਤੋਂ ਨੌੰ ਕਿਲੋਮੀਟਰ ਤੁਰਨਾ ਪਿਆ ਅਤੇ ਉਥੋਂ ਦਾ ਨਜ਼ਾਰਾ ਬੜਾ ਅਲੌਕਿਕ ਸੀ ਜਗ੍ਹਾ ਜਗ੍ਹਾ ਤੇ ਦੇਸੀ ਘਿਓ ਦੀਆਂ ਜਲੇਬੀਆ, ਅਖਰੋਟ, ਬਦਾਮ, ਲੱਡੂ, ਚਾਹ ਪਕੌੜੇ ਅਤੇ ਦਾਲ ਫੁਲਕੇ ਦਾ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਸੀ। ਕੁਝ ਸਮਾਂ ਰੁਕਣ ਤੋਂ ਬਾਅਦ ਅਸੀਂ ਫਿਰ ਟਿਕਰੀ ਬਾਰਡਰ ਨੂੰ ਰਵਾਨਾ ਹੋਏ ਕਿਉਂਕਿ ਸਾਡੇ ਰਾਤ ਠਹਿਰਨ ਦਾ ਪ੍ਰਬੰਧ ਉੱਥੇ ਸੀ। ਸਵੇਰੇ ਉੱਠ ਕੇ ਅਸੀਂ ਚਾਹ ਪਾਣੀ ਛਕਿਆ ਉਸਤੋਂ ਬਾਅਦ ਆਲੂ ਦੇ ਪਰੌਂਠੇ ਜਿਸ ਨਾਲ ਲੱਸੀ, ਦਹੀਂ, ਅਚਾਰ, ਚਟਣੀ ਅਤੇ ਮੱਖਣੀ ਵੀ ਮਿਲਦੀ ਸੀ ਅਸੀਂ ਉਸ ਲੰਗਰ ਤੇ ਪਹੁੰਚੇ ਜਿੱਥੇ ਬਹੁਤ ਸਾਰੇ ਨੌਜਵਾਨ ਆਲੂਆਂ ਦੇ ਪਰੌਂਠੇ ਬੜੀ ਸ਼ਿੱਦਤ ਦੇ ਨਾਲ ਬਣਾ ਰਹੇ ਸਨ ।

ਇਕ ਦ੍ਰਿਸ਼ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਵਗਦੇ ਰੁਕੇ ਕਿਉਂਕਿ ਉੱਥੇ ਇੱਕ ਨੌਜਵਾਨ ਜੋ ਕਿ ਪ੍ਰਸ਼ਾਦੇ ਵਰਤਾ ਰਿਹਾ ਸੀ ਉਸ ਦੀ ਕਮੀਜ਼ ਦੇ ਉੱਪਰ ਇੱਕ ਚਿੱਟ ਲੱਗੀ ਹੋਈ ਸੀ ਜਿਸ ਉੱਪਰ ਲਿਖਿਆ ਸੀ ਕਿ ਮੇਰੇ ਪਾਸ ਜ਼ਮੀਨ ਨਹੀਂ ਪ੍ਰੰਤੂ ਮੇਰੇ ਪਾਸ ਜ਼ਮੀਰ ਹੈ। ਅਜਿਹੀਆਂ ਜਾਗਦੀਆਂ ਜ਼ਮੀਰਾਂ ਹੀ ਅੰਦੋਲਨ ਨੂੰ ਸਫਲ ਬਣਾਉਂਦੀਆਂ ਹਨ। ਸਚਮੁੱਚ ਦਿੱਲੀ ਅੰਦਲੋਨ ਵਿੱਚ ਮਿਲਵਰਤਣ, ਭਾਈਚਾਰਕ ਸਾਂਝ, ਏਕਤਾ ਦਾ ਸਬੂਤ ਮਿਲਿਆ। ਅਜਿਹੇ ਅੰਦੋਲਨ ਹਮੇਸ਼ਾ ਕਾਮਯਾਬ ਹੋ ਜਾਂਦੇ ਹਨ ਜਿਥੇ ਬਿਨਾ ਭੇਦਭਾਵ, ਸਭ ਦਾ ਸਤਿਕਾਰ ਤੇ ਆਪਣੇ ਕਾਰਜ ਨੂੰ ਮੁੱਖ ਰਖਦਿਆਂ ਪਹਿਲ ਦਿੱਤੀ ਜਾਵੇ।ਗੁਰੂ ਕੇ ਲੱਗੇ ਅਤੁੱਟ ਲੰਗਰ ਤੇ ਸੇਵਾ ਭਾਵਨਾ ਰਖਣ ਵਾਲੇ ਮਨੁੱਖ ਹੀ ਅਜਿਹੇ ਅੰਦੋਲਨਾਂ ਨੂੰ ਨੇਪਰੇ ਚਾੜ੍ਹਿਆ ਕਰਦੇ ਹਨ।ਦਿੱਲੀ ਜਾਕੇ ਕਦੇ ਓਪਰਾ ਮਹਿਸੂਸ ਨਹੀਂ ਹੋਇਆ।ਕੁਝ ਉੱਥੋਂ ਦੇ ਵਸਨੀਕਾਂ ਨੇ ਆਖਿਆ “ਜਦ ਕਿਤੇ ਫਿਰ ਆਏ ਤਾਂ ਜਰੂਰ ਮਿਲ ਕੇ ਜਾਇਉ, ਤੁਹਾਡੇ ਜਿੰਨਾਂ ਮੋਹ, ਸਤਿਕਾਰ ਸਾਨੂੰ ਕਦੇ ਨਹੀਂ ਮਿਲਿਆ ਕਿਸੇ ਤੋਂ…, ਅਸੀਂ ਲੰਘਦਿਆਂ ਆਖਿਆ ” ਜੀ.. ਜਰੂਰ ਮਿਲਾਂਗੇ “……

– ਸਰਬਜੀਤ ਸਿੰਘ ‘ਸੰਧੂ’

Previous articleJ&K Police maintains ‘3 killed in Srinagar gunbattle’ had terror links
Next articleਬੁੱਧ ਬੋਲ, ਕਿਸਾਨ ਅੰਦੋਲਨ ਨੂੰ ਸਮਰਪਿਤ – ਜਦੋਂ ਸਿਸਟਮ ਡਿੱਗਦਾ ਹੈ !