ਕਪੂਰਥਲਾ,4 ਅਗਸਤ(ਕੌੜਾ)(ਸਮਾਜ ਵੀਕਲੀ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਦੀਪੇਵਾਲ ਦੇ ਵਸਨੀਕ ਦਿਹਾੜੀਦਾਰ ਮਜ਼ਦੂਰ ਬਲਕਾਰ ਸਿੰਘ ਦੀ ਹੋਣਹਾਰ ਧੀ ਕਿਰਨਪ੍ਰੀਤ ਕੌਰ ਨੇ ਵਿਦਿਅਕ ਸੈਸ਼ਨ 2019 -20 ਦੌਰਾਨ ਹੋਈਆਂ 12 ਵੀ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚੋਂ 96.88 ਫ਼ੀਸਦੀ ਅੰਕ ਲੈ ਕੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਪਿੰਡ ਦੀਪੇਵਾਲ ਦਾ ਨਾਂ ਰੌਸ਼ਨ ਕੀਤਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ (ਕੁੜੀਆਂ) ਦੀ ਵਿਦਿਆਰਥਣ ਕਿਰਨਪ੍ਰੀਤ ਕੌਰ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚੋਂ ਵਧੀਆ ਅੰਕ ਲੈ ਕੇ ਪਾਸ ਹੋਣ ਉੱਤੇ ਜਿਲ੍ਹਾ ਸਿੱਖਿਆ ਅਧਿਕਾਰੀ( ਸੈਕੰਡਰੀ) ਕਪੂਰਥਲਾ ਮੱਸਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਧਿਕਾਰੀ( ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ, ਗੁਰਸ਼ਰਨ ਸਿੰਘ ਗੁਰਾਇਆ ਅਤੇ ਪ੍ਰਿੰਸੀਪਲ ਸੁਖਬੀਰ
ਸਿੰਘ ਨੇ ਵਿਦਿਆਰਥਣ ਕਿਰਨਪ੍ਰੀਤ ਕੌਰ ਦੀ ਮਾਣਮੱਤੀ ਅਹਿਮ ਪ੍ਰਾਪਤੀ ਉੱਤੇ ਮਾਣ ਮਹਿਸੂਸ ਕਰਦਿਆਂ, ਵਿਦਿਆਰਥਣ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
ਕੰਪਿਊਟਰ ਫੈਕਲਟੀ ਗੋਬਿੰਦ ਰਾਮ ਨਾਹਰ, ਮੈਡਮ ਲਖਵਿੰਦਰ ਕੌਰ ਦੀਪੇਵਾਲ, ਵਿਜੈ ਕੁਮਾਰ ਨਾਹਰ, ਤੇ ਹਰਪ੍ਰੀਤ ਸਿੰਘ ਆਦਿ ਨੇ ਅੱਜ ਵਿਦਿਆਰਥਣ ਕਰਨ ਪ੍ਰੀਤ ਕੌਰ ਦਾ ਵਧੀਆ ਅੰਕ ਲੈ ਕੇ ਪਾਸ ਹੋਣ ਉੱਤੇ ਉਸ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਓਸ ਦਾ ਸਨਮਾਨ ਵੀ ਕੀਤਾ ਅਤੇ ਕਿਹਾ ਕਿ ਅਗਲੇਰੀ ਸਿੱਖਿਆ ਹਾਸਲ ਕਰਨ ਲਈ ਉਹ ਓਸ ਦੀ ਆਰਥਕ ਮਦਦ ਵੀ ਕਰਨਗੇ। ਖੁਸ਼ੀ ਵਿੱਚ ਖੀਵੀ ਹੋਈ ਵਿਦਿਆਰਥਣ ਕਿਰਨਪ੍ਰੀਤ ਕੌਰ ਨੇ ਕਿਹਾ ਕਿ ਉਹ ਬੀ ਸੀ ਏ ਕਰਕੇ ਬੈਂਕ ਮੈਨੇਜਰ ਬਣਨਾ ਚਾਹੁੰਦੀ ਹੈ।