ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ ਅਤੇ ਕਪਿਲ ਦੇਵ ਸਣੇ ਭਾਰਤ ਦੇ ਮਹਾਨ ਕ੍ਰਿਕਟਰ ਅਤੇ ਸਟਾਰ ਖਿਡਾਰੀ ਬੰਗਲਾਦੇਸ਼ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਦੇਸ਼ ਦੇ ਪਹਿਲੇ ਦਿਨ-ਰਾਤ ਟੈਸਟ ਦੀ ਸ਼ੋਭਾ ਵਧਾਉਣਗੇ। ਮੇਜ਼ਬਾਨ ਈਡਨ ਗਾਰਡਨ ਸਾਬਕਾ ਕ੍ਰਿਕਟਰਾਂ, ਨਾਮਵਰ ਹਸਤੀਆਂ ਅਤੇ ਸਿਆਸਤਦਾਨਾਂ ਦੀ ਮੌਜੂਦਗੀ ਵਿੱਚ ਸੰਗੀਤਮਈ ਧੁਨਾਂ ਨਾਲ ਗੁਲਾਬੀ ਗੇਂਦ ਦੇ ਇਤਿਹਾਸਕ ਮੈਚ ਦਾ ਗਵਾਹ ਬਣਨ ਲਈ ਤਿਆਰ ਹੈ। ਭਾਰਤ ਆਪਣਾ ਪਲੇਠਾ ਦਿਨ-ਰਾਤ ਟੈਸਟ ਸ਼ੁੱਕਰਵਾਰ ਤੋਂ ਇੱਥੇ ਖੇਡੇਗਾ, ਜੋ ਦੁਪਹਿਰ ਇੱਕ ਵਜੇ ਤੋਂ ਰਾਤ ਅੱਠ ਵਜੇ ਤੱਕ ਚੱਲੇਗਾ।
ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਨੁਸਾਰ, ਦੋ ਮੈਚਾਂ ਦੀ ਲੜੀ ਦਾ ਦੂਜਾ ਟੈਸਟ ਮੈਚ ਯਾਦਗਾਰ ਹੋਵੇਗਾ। ਗਾਂਗੁਲੀ ਨੇ ਕਿਹਾ, ‘‘ਸਚਿਨ, ਗਾਵਸਕਰ, ਕਪਿਲ, ਰਾਹੁਲ (ਦ੍ਰਾਵਿੜ), ਅਨਿਲ (ਕੁੰਬਲੇ) ਹਰ ਕੋਈ ਇੱਥੇ ਹੋਵੇਗਾ।’’ ਉਨ੍ਹਾਂ ਕਿਹਾ, ‘‘ਚਾਹ ਵੇਲੇ ਸੰਗੀਤ ਪ੍ਰੋਗਰਾਮ ਵੀ ਹੈ ਅਤੇ ਦਿਨ ਦੇ ਅਖ਼ੀਰ ਵਿੱਚ ਸਨਮਾਨ ਸਮਾਰੋਹ ਹੋਵੇਗਾ। ਦੋਵੇਂ ਟੀਮਾਂ, ਸਾਬਕਾ ਕਪਤਾਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਮੁੱਖ ਮੰਤਰੀ ਵੀ ਮੌਜੂਦ ਹੋਣਗੇ।’’ ਗਾਂਗੁਲੀ ਨੇ ਕਿਹਾ, ‘‘ਰੂਨਾ ਲੈਲਾ ਅਤੇ ਜੀਤ ਗਾਂਗੁਲੀ ਪ੍ਰੋਗਰਾਮ ਪੇਸ਼ ਕਰੇਗੀ। ਮੈਂ ਬਹੁਤ ਉਤਸ਼ਾਹਿਤ ਹਾਂ। ਉਤਸ਼ਾਹ ਏਨਾ ਹੈ ਕਿ ਟੈਸਟ ਮੈਚ ਦੇ ਚਾਰ ਦਿਨ ਦੇ ਟਿਕਟ ਪਹਿਲਾਂ ਹੀ ਵਿਕ ਚੁੱਕੇ ਹਨ।’’ ਇਹ ਪੁੱਛਣ ’ਤੇ ਕਿ ਕੀ ਈਡਨ ਟੈਸਟ ਮਗਰੋਂ ਭਾਰਤ ਅਗਲੇ ਸਾਲ ਜਨਵਰੀ ਵਿੱਚ ਆਸਟਰੇਲੀਆ ਖ਼ਿਲਾਫ਼ ਲੜੀ ਦੌਰਾਨ ਵੀ ਦਿਨ-ਰਾਤ ਟੈਸਟ ਮੈਚ ਖੇਡੇਗਾ ਤਾਂ ਗਾਂਗੁਲੀ ਨੇ ਜਵਾਬ ਦਿੱਤਾ, ‘‘ਦੇਖਾਂਗੇ।’’
ਬੰਗਾਲ ਕ੍ਰਿਕਟ ਐਸੋਸੀਏਸ਼ਨ (ਕੈਬ) ਅਤੇ ਬੀਸੀਸੀਆਈ ਨੇ ਭਾਰਤ ਦੇ ਪਹਿਲੇ ਗੁਲਾਬੀ ਗੇਂਦ ਟੈਸਟ ਨੂੰ ਯਾਦਗਾਰ ਬਣਾਉਣ ਲਈ ਕਈ ਯੋਜਨਾਵਾਂ ਉਲੀਕੀਆਂ ਹਨ। ਮੈਚ ਦੇ ਪਹਿਲੇ ਦਿਨ ਬੰਗਲਾਦੇਸ਼ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਈਡਨ ਗਾਰਡਨ ਵਿੱਚ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸਟੇਡੀਅਮ ਵਿੱਚ ਇਸ ਮੌਕੇ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਅਤੇ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਵਰਗੇ ਸਟਾਰ ਖਿਡਾਰੀਆਂ ਦੇ ਪਹੁੰਚਣ ਉਮੀਦ ਹੈ। ਕੈਬ ਨੇ ਰਾਤ ਦੇ ਖਾਣੇ ਦੌਰਾਨ ‘ਕਲਪਿਤ ਪੰਜ’ ਭਾਰਤੀ ਕ੍ਰਿਕਟਰਾਂ (ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਅਨਿਲ ਕੁੰਬਲੇ ਅਤੇ ਵੀਵੀਐੱਸ ਲਕਸ਼ਮਣ)
ਦਾ 40 ਮਿੰਟਾਂ ਦਾ ‘ਟਾਕ ਸ਼ੋਅ’ ਕਰਵਾਉਣ ਦਾ ਪ੍ਰਬੰਧ ਵੀ ਕੀਤਾ ਹੈ। ਉਹ ਇਸ ਦੌਰਾਨ ਆਸਟਰੇਲੀਆ ਖ਼ਿਲਾਫ਼ ਸਾਲ 2001 ਦੀ ਇਤਿਹਾਸਕ ਟੈਸਟ ਜਿੱਤ ਬਾਰੇ ਗੱਲ ਕਰਨਗੇ। ਕੈਬ ਨੇ ਸਟਾਰ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਵੀ ਬਣਾਈ ਹੈ, ਜਿਸ ਵਿੱਚ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ, ਸਾਨੀਆ ਮਿਰਜ਼ਾ ਅਤੇ ਛੇ ਵਾਰ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਐੱਮਸੀ ਮੇਰੀਕੌਮ ਵੀ ਸ਼ਾਮਲ ਹੈ।
Sports ਦਿਨ-ਰਾਤ ਟੈਸਟ ਦੀ ਸ਼ੋਭਾ ਵਧਾਉਣਗੇ ਭਾਰਤੀ ਸਟਾਰ ਖਿਡਾਰੀ