ਭਾਜਪਾ ਨੇ 9 ਤੇ ਕਾਂਗਰਸ ਨੇ 10 ਉਮੀਦਵਾਰ ਐਲਾਨੇ
ਭਾਜਪਾ ਨੇ ਲੋਕ ਸਭਾ ਚੋਣਾਂ ਲਈ ਐਤਵਾਰ ਨੂੰ 9 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਨਾਲ ਭਾਜਪਾ ਨੇ 306 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਉਧਰ ਕਾਂਗਰਸ ਵੱਲੋਂ ਸੀਨੀਅਰ ਆਗੂ ਦਿਗਵਿਜੈ ਸਿੰਘ ਨੂੰ ਭੋਪਾਲ ਤੋਂ ਟਿਕਟ ਦਿੱਤੇ ਜਾਣ ਮਗਰੋਂ ਗਿਣਤੀਆਂ ਮਿਣਤੀਆ ਬਦਲਣ ਕਰਕੇ ਭਾਜਪਾ ਨੇ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਵੱਲੋਂ ਭੋਪਾਲ ’ਚ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ’ਤੇ ਦਾਅ ਖੇਡਿਆ ਜਾ ਸਕਦਾ ਹੈ ਕਿਉਂਕਿ ਉਹ ਮੁਸਲਮਾਨਾਂ ’ਚ ਵੀ ਮਕਬੂਲ ਹਨ। ਪਿਛਲੇ ਸਾਲ ਹੋਈਆਂ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਭੋਪਾਲ ਹਲਕੇ ਦੀਆਂ 8 ’ਚੋਂ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਅਤੇ ਭਾਜਪਾ ਵੱਲੋਂ ਜਿੱਤੀਆਂ ਪੰਜ ਸੀਟਾਂ ’ਤੇ ਵੋਟਾਂ ’ਚ ਵੀ ਭਾਰੀ ਗਿਰਾਵਟ ਦਰਜ ਹੋਈ ਸੀ। ਭਾਜਪਾ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੂੰ ਰਾਜਨੰਦਗਾਉਂ ਤੋਂ ਟਿਕਟ ਦੇਣ ਦੀਆਂ ਕਿਆਸਅਰਾਈਆਂ ਨੂੰ ਅੱਜ ਉਸ ਸਮੇਂ ਨਕਾਰ ਦਿੱਤਾ ਜਦੋਂ ਸੰਤੋਸ਼ ਪਾਂਡੇ ਨੂੰ ਉਥੋਂ ਟਿਕਟ ਦੇ ਦਿੱਤੀ ਗਈ। ਭਾਜਪਾ ਨੇ ਛੱਤੀਸਗੜ੍ਹ ’ਚ ਛੇ ਅਤੇ ਮੇਘਾਲਿਆ, ਮਹਾਰਾਸ਼ਟਰ ਤੇ ਤਿਲੰਗਾਨਾ ’ਚ ਇਕ-ਇਕ ਉਮੀਦਵਾਰਾਂ ਦੇ ਨਾਮ ਐਲਾਨੇ ਹਨ। ਪਾਰਟੀ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਛੱਤੀਸਗੜ੍ਹ ’ਚ ਕਿਸੇ ਵੀ ਮੌਜੂਦਾ ਸੰਸਦ ਮੈਂਬਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਤਾਂ ਜੋ ਸਥਾਪਤੀ ਵਿਰੋਧੀ ਲਹਿਰ ਨਾਲ ਉਨ੍ਹਾਂ ਨੂੰ ਖੋਰਾ ਨਾ ਲੱਗੇ। ਕੋਰਬਾ ਤੋਂ ਜਯੋਤੀ ਨੰਦ ਦੂਬੇ, ਬਿਲਾਸਪੁਰ ਤੋਂ ਅਰੁਣ ਸਾਅ, ਦੁਰਗ ਤੋਂ ਵਿਜੈ ਬਘੇਲ ਅਤੇ ਰਾਏਪੁਰ ਤੋਂ ਸੁਨੀਲ ਸੋਨੀ ਨੂੰ ਟਿਕਟ ਮਿਲੀ ਹੈ।