ਦਾਸਤਾਨ -ਏ-ਪੰਜਾਬ “

(ਸਮਾਜ ਵੀਕਲੀ)

ਅੱਜ ਉਸ ਪੰਜਾਬ ਦੀ ਗੱਲ ਕਰ ਰਹੇ ਹਾਂ ਜਿਸਨੂੰ ਅਸੀਂ 75 ਸਾਲਾ ਬਾਅਦ ਵੀ ਪਹਿਲਾ ਵਰਗਾ ਖੁਸ਼ਹਾਲ ਪੰਜਾਬ ਨਹੀਂ ਬਣਾ ਸਕੇ । ਅੱਜ ਸਾਡੇ ਪੰਜਾਬ ਦੀ ਜਵਾਨੀ ਉਨ੍ਹਾਂ ਮੁਲਕਾਂ ਵਿੱਚ ਜਾਣ ਲਈ ਮਜਬੂਰ ਹੈ ਜਿਹਨਾ ਮੁਲਕਾਂ ਦੇ ਲੋਕਾਂ ਨੂੰ ਭਾਰਤ ਵਿੱਚੋ ਕੱਢਣ ਲਈ ਭਗਤ ਸਿੰਘ ਵਰਗੇ ਹਜ਼ਾਰਾਂ ਨੌਜਵਾਨਾਂ ਨੇ ਸ਼ਹਾਦਤ ਦਿੱਤੀ ਸੀ । ਉਸੇ ਪੰਜਾਬ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਖੋਹਣ ਲਈ ਮੁਗਲ, ਅੰਗਰੇਜ਼, ਅਫਗਾਨ ਸਮੇਂ ਸਮੇਂ ਤੇ ਹਮਲੇ ਕਰਦੇ ਰਹੇ । ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ “ਪੰਜ” ਅਤੇ “ਆਬ” ਦੇ ਸੁਮੇਲ ਤੋਂ ਬਣਿਆ ਹੈ ਮਤਲਬ ਪੰਜ ਦਰਿਆਵਾਂ ਤੋਂ ਬਣਿਆ ਹੈ। ਜੇਹਲਮ ਅਤੇ ਝਨਾਵ ਪਾਕਿਸਤਾਨ ਵਿਚ ਰਹਿ ਗਏ , ਸਤਲੁਜ, ਰਾਵੀ ਬਿਆਸ ਭਾਰਤ ਦੇ ਹਿਸੇ ਆਏ ।

ਕਿਸੇ ਵੇਲੇ ਪੰਜਾਬ ਨੂੰ ਯੂਨਾਨੀਆਂ, ਮੱਧ-ਏਸ਼ੀਆਈਆਂ, ਅਫਗਾਨਾਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਸੀ। ਬਾਬਰ ਦੇ ਮੁਗਲ ਸਾਮਰਾਜ ਦੀ ਸਥਾਪਨਾ ਦੇ ਨਾਲ ਨਾਲ ਹੀ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦੇ ਸਿੱਖ ਧਰਮ ਦੀ ਸ਼ੁਰੂਆਤ ਹੋ ਗਈ ਸੀ। ਸਿੱਖ ਧਰਮ ਨੇ ਲੋਕਾਂ ਵਿੱਚ ਐਸੀ ਚੇਤਨਾ ਪੈਦਾ ਕੀਤੀ ਕਿ ਲੋਕ ਤਲਵਾਰ ਫੜਕੇ ਹਮਲਾਵਰ ਦੇ ਖਿਲਾਫ ਖੜ੍ਹੇ ਹੋ ਗਏ। ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਸਥਾਪਿਤ ਕੀਤਾ। ਭਾਵੇਂ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੋਸਤਾਨ ਤੇ ਦਸ ਹਮਲੇ ਕੀਤੇ ਪਰ ਜਦੋਂ ਉਹ ਵਾਪਿਸ ਮੁੜਦਾ ਤਾਂ ਸਿੱਖ ਹਮਲਾ ਕਰਕੇ ਉਸਨੂੰ ਲੁੱਟ ਲੈਂਦੇ। ਸਿੱਖਾਂ ਨੇ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਅਫਗਾਨ ਸਾਮਰਾਜ ਦੀ ਕਬਰ ਤੇ ਖਾਲਸਾ ਰਾਜ ਸਥਾਪਿਤ ਕੀਤਾ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿੱਚ ਪੰਜਾਬ ਤੇ ਅੰਗਰੇਜਾਂ ਦਾ ਰਾਜ ਹੋ ਗਿਆ। ਵੰਡ ਤੋਂ ਪਹਿਲਾਂ ਪੰਜਾਬ ਦੀਆਂ ਪੰਜ ਡਵੀਜਨਾਂ (ਅੰਬਾਲਾ, ਜਲੰਧਰ, ਲਾਹੌਰ, ਰਾਵਲਪਿੰਡੀ, ਮੁਲਤਾਨ) ਅਤੇ 29 ਜਿਲ੍ਹੇ ਸਨ। ਅਗਰੇਜ਼ਾਂ ਦੇ ਜਾਣ ਤੋਂ ਬਾਅਦ ਸੰਨ 1947 ਵੇਲੇ ਸਿੱਖਾਂ ਲਈ ਇਕ ਵੱਖਰਾ ਰਾਜ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ ਸੀ ਜਿਸ ਨੂੰ ਭਾਰਤ ਦੇ ਸਿਆਸਤਦਾਨਾ ਨੇ ਦਬਾ ਦਿੱਤਾ ਸੀ ਜੇਕਰ ਉਸ ਵੇਲੇ ਇਹ ਮੰਗ ਮੰਨ ਲਈ ਜਾਂਦੀ ਤਾਂ ਅੱਜ ਪੰਜਾਬ ਇਕ ਵੱਖਰਾ ਖ਼ੁਦਮੁਖ਼ਤਿਆਰ ਦੇਸ਼ ਹੋਣਾ ਸੀ। ਉਸ ਵਕਤ ਮਾਸਟਰ ਤਾਰਾ ਸਿੰਘ ਅਤੇ ਅਕਾਲੀ ਦਲ ਨੇ ਨਵਾਂ ਦੇਸ਼ ਪਾਕਿਸਤਾਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ।

ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ‘ਪਾਕਿਸਤਾਨ ਮੁਰਦਾਬਾਦ` ਦਾ ਨਾਅਰਾ ਲਾਇਆ ਸੀ। ਮੁਸਲਿਮ ਲੀਗ ਨੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਰਹਿਣ ਦਾ ਲਾਲਚ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਲਈ ਇੱਕ ਵੱਖਰਾ ਖ਼ੁਦਮੁਖ਼ਤਿਆਰ ਸਿੱਖ ਸੂਬਾ ਬਣਾ ਦਿੱਤਾ ਜਾਵੇਗਾ ਪਰ ਉਹ ਅਜਿਹੇ ਕਿਸੇ ਲਾਲਚ ਵਿੱਚ ਨਹੀਂ ਆਏ। ਮਾਸਟਰ ਤਾਰਾ ਸਿੰਘ ਨੇ ਭਾਸ਼ਾ ਦੇ ਆਧਾਰ `ਤੇ ਪੰਜਾਬ ਦੀ ਮੁੜ ਹੱਦਬੰਦੀ ਕਰਨ ਦੀ ਮੰਗ ਰੱਖੀ ਸੀ। ਇਸ ਸੰਘਰਸ਼ ਦੌਰਾਨ ਉਨ੍ਹਾਂ ਨੂੰ 1949, 1953, 1955 ਅਤੇ 1960 `ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਨੂੰ ਹੋਰ ਛੋਟਾ ਕਰ ਦਿੱਤਾ ਗਿਆ ਜਿਸ ਚੋ ਰਾਜਸਥਾਨ , ਜੰਮੂ , ਕਸ਼ਮੀਰ , ਤੇ ਦਿੱਲੀ ਕੱਢ ਦਿੱਤੇ ਗਏ ਤੇ ਆਖਿਰ ਸੰਨ 1966 ਨੂੰ ਇੱਕ ਵਾਰ ਫਿਰ ਪੰਜਾਬ ਦੇ ਟੁਕਡ਼ੇ ਕੀਤੇ ਗਏ ਤੇ ਪੰਜਾਬ ਵਿੱਚੋਂ ਦੋ ਹੋਰ ਸਟੇਟਾਂ ਹਰਿਆਣਾ, ਤੇ ਹਿਮਾਚਲ ਬਣਾ ਦਿੱਤੀਆਂ ਇਹ ਸਭ ਤਾਂ ਹੀ ਕੀਤਾ ਗਿਆ ਕਿ ਮੁਡ਼ ਦੁਬਾਰਾ ਕਿਤੇ ਸਿੱਖ ਰਾਜ ਕਾਇਮ ਨਾਂ ਹੋ ਸਕੇ ਤੇ ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਗਿਆ ਤਾਂ ਕਿ ਇਹ ਇੱਕ ਦੇਸ਼ ਨਾਂ ਬਣ ਸਕੇ ।ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ ਅਤੇ ਪਹਿਲੇ ਰਾਜਪਾਲ ਧਰਮਵੀਰ ਸਨ।

ਇਸ ਵਿਚ 17 ਜ਼ਿਲ੍ਹੇ ਤੇ 83 ਤਹਿਸੀਲਾਂ ਸਨ। ਨਵੇਂ ਪੰਜਾਬ ਦੀ ਆਬਾਦੀ 1 ਕਰੋੜ, 11 ਲੱਖ, 47 ਹਜ਼ਾਰ 54 ਸੀ ਅਤੇ ਰਕਬਾ 50,225 ਵਰਗ ਕਿਲੋਮੀਟਰ ਸੀ। 1966 ਤੋਂ ਲੈਕੇ ਹੁਣ ਤੱਕ ਪੰਜਾਬ ਨੇ ਬੜੇ ਉਤਰਾ ਚੜ੍ਹਾ ਵੇਖੇ ਹਨ। 1978 ਤੋਂ ਬਾਅਦ ਪੰਜਾਬ ਲਈ ਬੜਾ ਮਾੜਾ ਵਕਤ ਹੋਇਆ ਜਿਸ ਦਾ ਸਿਖਰ 1984 ਦਾ ਸਾਲ ਰਿਹਾ ਇਸ ਵਕਫੇ ਦੌਰਾਨ ਪੰਜਾਬ ਨੂੰ ਆਪਣੇ ਹੀ ਲੋਕਾਂ ਨੂੰ ਗੁਆਉਣਾ ਪਿਆ ਪੰਜਾਬ ਦੇ ਇਹ ਜ਼ਖ਼ਮ ਸ਼ਾਇਦ ਨਾਂ ਭਰਨ ਯੋਗ ਹਨ। 1966 ਤੋਂ ਬਾਅਦ ਪੰਜਾਬ ਵਿੱਚ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਰਾਜ ਕੀਤਾ ਅਤੇ ਪੰਜਾਬ ਨੂੰ ਕੈਲੀਫੋਰਨੀਆ ਵਰਗਾ ਬਣਾਉਣ ਦੇ ਵਾਅਦੇ ਵੀ ਕੀਤੇ ਗਏ ਪਰ 75 ਸਾਲਾਂ ਬਾਅਦ ਵੀ ਅਸੀਂ ਪੰਜਾਬ ਨੂੰ ਚੰਡੀਗੜ੍ਹ ਵਰਗਾ ਖੂਬਸੂਰਤ ਵੀ ਨਹੀਂ ਬਣਾ ਸਕੇ। ਬੇੇਸ਼ੱਕ ਪੰਜਾਬ ਅਤੇ ਹੋਰ ਸੂਬਿਆਂ ਦੇ ਬਹੁਤ ਸਾਰੇ ਮਸਲਿਆਂ ਦੀ ਚਾਬੀ ਕੇਂਦਰ ਸਰਕਾਰ ਕੋਲ ਹੈ ਪਰ ਪੰਜਾਬੀਆਂ ਦਾ ਆਪਣੇ ਪੰਜਾਬ ਨੂੰ ਮਜਬੂਰੀ ਬਸ ਛੱਡ ਕੇ ਦੂਜੇ ਮੁਲਕਾਂ ਵਿੱਚ ਜਾਣਾ ਸਾਡੇ ਸਿਸਟਮ, ਅਤੇ ਰਾਜਨੀਤੀ ਤੇ ਕਈ ਸਵਾਲੀਆ ਨਿਸ਼ਾਨ ਲਾਉਂਦੇ ਹਨ ?

ਕੁਲਦੀਪ ਸਿੰਘ ਰਾਮਨਗਰ
9417990040

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਬੇਬੇ ਮੈਂ ਤੇ ਸੰਤ ਬਣਨਾ”
Next articleਚਿੱਬੜ