ਮੁੰਬਈ ਪੁਲੀਸ ਨੇ ਅਪਰਾਧ ਜਗਤ ਦੇ ਸਰਗਨੇ ਦਾਊਦ ਇਬਰਾਹਿਮ ਦੇ ਭਤੀਜੇ ਰਿਜ਼ਵਾਨ ਕਾਸਕਰ ਨੂੰ ਜਬਰੀ ਵਸੂਲੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਦਾਊਦ ਦੇ ਭਰਾ ਇਕਬਾਲ ਕਾਸਕਰ ਦੇ ਪੁੱਤਰ ਰਿਜ਼ਵਾਨ ਕਾਸਕਰ ਨੂੰ ਕੌਮਾਂਤਰੀ ਹਵਾਈ ਅੱਡੇ ਤੋਂ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਕਬਾਲ ਕਾਸਕਰ ਪਹਿਲਾਂ ਹੀ ਜਬਰੀ ਵਸੂਲੀ ਦੇ ਇੱਕ ਮਾਮਲੇ ’ਚ ਥਾਣੇ ਦੀ ਜੇਲ੍ਹ ’ਚ ਬੰਦ ਹੈ। ਕ੍ਰਾਈਮ ਬ੍ਰਾਂਚ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੁੰਬਈ ਪੁਲੀਸ ਨੇ ਇਬਰਾਹਿਮ ਦੇ ਗਰੋਹ ਦੇ ਮੈਂਬਰ ਫਾਹਿਮ ਮਚਮਚ ਦੇ ਕਰੀਬੀ ਰਜ਼ਾ ਵਡਾਰੀਆ ਨੂੰ ਜਬਰੀ ਵਸੂਲੀ ਦੇ ਮਾਮਲੇ ’ਚ ਫੜਿਆ ਸੀ। ਉਨ੍ਹਾਂ ਦੱਸਿਆ, ‘ਪੁੱਛ-ਪੜਤਾਲ ਦੌਰਾਨ ਰਿਜ਼ਵਾਨ ਕਾਸਕਰ ਦਾ ਨਾਂ ਸਾਹਮਣੇ ਆਇਆ ਸੀ। ਸੂਚਨਾ ਦੇ ਆਧਾਰ ’ਤੇ ਜਾਲ ਵਿਛਾਇਆ ਗਿਆ ਅਤੇ ਬੁੱਧਵਾਰ ਰਾਤ ਨੂੰ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਸ ਨੂੰ ਉਸ ਸਮੇਂ ਹਿਰਾਸਤ ’ਚ ਲੈ ਲਿਆ ਗਿਆ ਜਦੋਂ ਉਹ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਜਰਾਤ ਦੇ ਸੂਰਤ ਦਾ ਰਹਿਣ ਵਾਲਾ ਰਜ਼ਾ ਵਡਾਰੀਆ ਦੁਬਈ ’ਚ ਕਥਿਤ ਤੌਰ ’ਤੇ ਹਵਾਲਾ ਦਾ ਕਾਰੋਬਾਰ ਕਰਦਾ ਹੈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ’ਤੇ ਉਸ ਨੂੰ ਕੁਝ ਦਿਨ ਪਹਿਲਾਂ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਦੁਬਈ ਤੋਂ ਕੱਢੇ ਜਾਣ ਮਗਰੋਂ ਸੂਰਤ ਜਾ ਰਿਹਾ ਸੀ।
INDIA ਦਾਊਦ ਇਬਰਾਹਿਮ ਦਾ ਭਤੀਜਾ ਜਬਰੀ ਵਸੂਲੀ ਦੇ ਕੇਸ ’ਚ ਗ੍ਰਿਫ਼ਤਾਰ