ਸ੍ਰੀਨਗਰ (ਸਮਾਜ ਵੀਕਲੀ) : ਜੰਮੂ ਕਸ਼ਮੀਰ ਦੇ ਗੰਧਰਬਲ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ’ਤੇ ਕੀਤੇ ਗ੍ਰਨੇਡ ਹਮਲੇ ਵਿੱਚ ਤਿੰਨ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਦਹਿਸ਼ਤਗਰਦਾਂ ਨੇ ਗੰਧਰਬਲ ਦੇ ਦੂਧਰਹਾਮਾ ਇਲਾਕੇ ਦੇ ਤਵਹੀਦ ਚੌਕ ’ਚ ਸੁਰੱਖਿਆ ਬਲਾਂ ਦੀ ਟੁਕੜੀ ’ਤੇ ਗ੍ਰਨੇਡ ਸੁੱਟਿਆ, ਜਿਸ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਦਹਿਸ਼ਤਗਰਦਾਂ ਦੀ ਭਾਲ ਆਰੰਭ ਦਿੱਤੀ ਹੈ।
ਇਸੇ ਦੌਰਾਨ ਸੁਰੱਖਿਆ ਬਲਾਂ ਹੱਥ ਵੱਡੀ ਸਫਲਤਾ ਲੱਗੀ ਹੈ। ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚੋਂ ਜੈਸ਼ ਏ ਮੁਹੰਮਦ ਦੇ ਅੱਧੀ ਦਰਜਨ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਫੜੇ ਗਏ ਦਹਿਸ਼ਤਗਰਦ ਗ੍ਰਨੇਡ ਸੁੱਟਣ ਦੀਆਂ ਘਟਨਾਵਾਂ ਵਿੱਚ ਸ਼ਾਮਲ ਹਨ। ਦਹਿਸ਼ਤਗਰਦਾਂ ਦੀ ਪਛਾਣ ਐਜਾਜ਼ ਅਹਿਮਦ ਭੱਟ, ਉਮਰ ਜਬਾਰ ਡਾਰ, ਸਮੀਰ ਅਹਿਮਦ ਲੋਨ, ਮੁਹੰਮਦ ਅਮੀਨ ਖ਼ਾਨ ਤੇ ਰਫ਼ੀਕ ਅਹਿਮਦ ਖ਼ਾਨ ਵਜੋਂ ਹੋਈ ਹੈ। ਇਹ ਸਾਰੇ ਤਰਾਲ ਦੇ ਰਹਿਣ ਵਾਲੇ ਹਨ। ਸੁਹੇਲ ਅਹਿਮਦ ਭੱਟ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਅਵਾਂਤੀਪੋਰਾ ਇਲਾਕੇ ਦਾ ਰਹਿਣ ਵਾਲਾ ਹੈ। ਇਨ੍ਹਾਂ ਕੋਲੋਂ ਧਮਾਕਾਖੇਜ਼ ਚੀਜ਼ਾਂ ਤੋਂ ਇਲਾਵਾ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਰਾਲ ਵਿੱਚ ਚੋਣਾਂ ਦੇ ਬਾਈਕਾਟ ਦੀ ਧਮਕੀ ਵਾਲੇ ਪੋਸਟਰ ਲਾਉਣ ਵਿੱਚ ਵੀ ਇਹ ਸ਼ਾਮਲ ਹਨ।