(ਸਮਾਜ ਵੀਕਲੀ)
ਜਿੱਤ ਹਮੇਸ਼ਾਂ ਸੱਚ ਦੀ ਕਹਿੰਦੇ,
ਹੁੰਦਾ ਅੰਤ ਬੁਰਾਈ ਦਾ
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?
ਰਾਵਣ ਤਾਂ ਬ੍ਰਹਮ ਗਿਆਨੀ ਸੀ
ਤ੍ਰਿਲੋਕੀ ਸੀ ਵਿਦਵਾਨੀ ਸੀ
ਓਹਨੇ ਕਾਲ਼ ਪਾਵੇ ਨਾਲ ਬੰਨ੍ਹਿਆ ਸੀ
ਉਹਦੀ ਭਗਤੀ ਨੂੰ ਰੱਬ ਮੰਨਿਆ ਸੀ
ਕੀ ਹੋਇਆ ਸੀ ਉਹਦੀ ਬੁੱਧੀ ਨੂੰ,
ਬਣਿਆ ਕਿਰਦਾਰ ਬੁਰਾਈ ਦਾ….
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?
ਗੱਲ ਸੀ ਇਹ ਚਿੰਤਨ ਮੰਥਨ ਦੀ,
ਕੋਈ ਨਹੀਂ ਸੀ ਜਸ਼ਨ ਮਨਾਵਣ ਦੀ
ਅੱਜ ਵੀ ਕਈ ਪੂਜਣ ਰਾਵਣ ਨੂੰ,
ਗੱਲ ਸੀ ਮਨ ਨੂੰ ਸਮਝਾਵਣ ਦੀ
ਅੱਜ ਅਮਰ ਹੈ ਮਰਕੇ ਵੀ ਰਾਵਣ,
ਹਰ ਸਾਲ ਭਾਵੇਂ ਮਰਵਾਈ ਦਾ…
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?
ਰਾਵਣ ਦੇ ਪੁਤਲੇ ਸਾੜਨ ਨਾਲ,
ਨਹੀਂ ਹੋਣਾ ਅੰਤ ਬੁਰਾਈਆਂ ਦਾ
ਮਾਰੋ ਮਨ ਵਿਚਲੇ ਰਾਵਣ ਨੂੰ,
ਲੜ ਫੜ ਲਓ ਸੱਭ ਚੰਗਿਆਈਆਂ ਦਾ
ਪਹਿਲਾਂ ਖੁਦ ਇਸ ‘ਤੇ ਅਮਲ ਕਰੋ
ਫਿਰ ਹੋਰਾਂ ਨੂੰ ਸਮਝਾਈਦਾ….
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?
ਜੇ ਕਰਨਾ ਅੰਤ ਬੁਰਾਈਆਂ ਦਾ
ਤਾਂ ਬਦਲੋ ਆਪਣੀਆਂ ਸੋਚਾਂ ਨੂੰ
ਹਰ ਔਰਤ ਦਾ ਸਨਮਾਨ ਕਰੋ
ਨੱਥ ਪਾਓ ਜਿਸਮੀ ਨੋਚਾਂ ਨੂੰ
ਬਿਨ ਇਹਦੇ “ਦੂਹੜਿਆਂ ਵਾਲਿਆ” ਨਹੀਂ
ਕੋਈ ਫਾਇਦਾ ਜੱਗ ਦਿਖਵਾਈ ਦਾ…
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?
ਖੁਸ਼ੀ “ਦੂਹੜਿਆਂ ਵਾਲਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly