ਅੰਮ੍ਰਿਤਸਰ (ਸਮਾਜਵੀਕਲੀ) : ਰੇਲ ਵਿਭਾਗ ਵੱਲੋਂ ਦਸਹਿਰਾ ਰੇਲ ਹਾਦਸੇ ਦੀ ਜਾਂਚ ਵਾਸਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿੱਚ ਦਸਹਿਰਾ ਪ੍ਰਬੰਧਕ ਕਮੇਟੀ ਦੇ ਸੱਤ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਨ੍ਹਾਂ ਵਿੱਚ ਮੁੱਖ ਪ੍ਰਬੰਧਕ ਮਿੱਠੂ ਮਦਾਨ ਵੀ ਸ਼ਾਮਲ ਹੈ। ਇਹ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਨੇੜਲਾ ਸਾਥੀ ਹੈ।
ਇਹ ਜਾਂਚ ਰੇਲ ਵਿਭਾਗ ਦੇ ਏਡੀਜੀਪੀ ਵੱਲੋਂ ਕਰਵਾਈ ਗਈ ਸੀ ਅਤੇ ਇਹ ਜਾਂਚ ਏਆਈਜੀ ਰੇਲਵੇ ਦਲਜੀਤ ਸਿੰਘ ਰਾਣਾ ਨੂੰ ਸੌਂਪੀ ਗਈ ਸੀ। ਜਾਂਚ ਟੀਮ ਵਿੱਚ ਇੱਕ ਡੀਐੱਸਪੀ ਅਤੇ ਦੋ ਇੰਸਪੈਕਟਰ ਵੀ ਸ਼ਾਮਲ ਸਨ। ਵੇਰਵਿਆਂ ਅਨੁਸਾਰ ਰੇਲ ਵਿਭਾਗ ਵੱਲੋਂ ਕੀਤੀ ਜਾਂਚ ਵਿੱਚ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮਿੱਠੂ ਮਦਾਨ ਤੋੋਂ ਇਲਾਵਾ ਰਾਹੁਲ ਕਲਿਆਣ, ਦੀਪਕ ਕੁਮਾਰ, ਕਰਨ ਭੰਡਾਰੀ, ਕਾਬੁਲ ਸਿੰਘ, ਦੀਪਕ ਗੁਪਤਾ ਤੇ ਭੁਪਿੰਦਰ ਸਿੰਘ ਸ਼ਾਮਲ ਸਨ।
ਜੀਆਰਪੀ ਨੇ ਨਾਮਜ਼ਦ ਕੀਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਸਿੱਧਾ ਹੀ ਅਦਾਲਤ ਵਿੱਚ ਇਸ ਸਬੰਧੀ ਚਲਾਨ ਪੇਸ਼ ਕਰ ਦਿੱਤਾ ਹੈ। ਸਥਾਨਕ ਅਦਾਲਤ ਵਿੱਚ ਇਹ ਚਲਾਨ ਮਈ ਮਹੀਨੇ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਵੱਲੋਂ ਨਾਮਜ਼ਦ ਵਿਅਕਤੀਆਂ ਨੂੰ 30 ਜੁਲਾਈ ਨੂੰ ਪੇਸ਼ੀ ਲਈ ਸੰਮਨ ਕੀਤਾ ਗਿਆ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਜਾਂਚ ਕਰਤਾ ਸਰਬਜੀਤ ਸਿੰਘ ਵੇਰਕਾ ਨੇ ਆਖਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ।