ਤਲਵੰਡੀ ਸਾਬੋ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਅੱਜ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਜਾਇਆ ਗਿਆ। ਨਗਰ ਕੀਰਤਨ ਸ਼ਾਮ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਗੁਜ਼ਰਦਾ ਹੋਇਆ ਵਾਪਸ ਤਖ਼ਤ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ਦੀ ਸ਼ੁਰੂਆਤ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਅਰਦਾਸ ਕਰਨ ਨਾਲ ਹੋਈ। ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਪਵਿੱਤਰ ਸਰੂਪ ਸੁੱਖ ਆਸਣ ਸੱਚਖੰਡ ਸਾਹਿਬ ਤੋਂ ਪੂਰਨ ਗੁਰ ਮਰਯਾਦਾ ਅਨੁਸਾਰ ਲਿਆ ਕੇ ਫੁੱਲਾਂ ਨਾਲ ਸਜਾਈ ਗਈ ਪਾਲਕੀ ਵਿੱਚ ਲਿਆ ਕੇ ਸ਼ੁਸ਼ੋਭਿਤ ਕੀਤਾ। ਨਗਰ ਕੀਰਤਨ ਦੇ ਅੱਗੇ-ਅੱਗੇ ਸੰਗਤਾਂ ਵੱਲੋਂ ਰਸਤੇ ਦੀ ਸਫਾਈ ਤੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਸੀ। ਵੱਖ-ਵੱਖ ਗੱਤਕਾ ਪਾਰਟੀਆਂ ਗੱਤਕੇ ਦੇ ਜ਼ੌਹਰ ਦਿਖਾ ਰਹੀਆਂ ਸਨ। ਢਾਡੀਆਂ ਜਥਿਆਂ ਨੇ ਜਿੱਥੇ ਬੀਰ ਰਸ ਸਿੱਖ ਇਤਿਹਾਸ ਪੇਸ਼ ਕੀਤਾ, ਉੱਥੇ ਕੀਰਤਨੀ ਜਥਿਆਂ ਨੇ ਕੀਰਤਨ ਵਿਖਿਆਨ ਕੀਤਾ। ਨਗਰ ਕੀਰਤਨ ਦੇ ਅੱਗੇ ਬੈਂਡ ਪਾਰਟੀਆਂ ਬਾਣੀਆਂ ਧੁਨਾਂ ਬਿਖੇਰ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ‘ਤੇ ਸ਼ਰਧਾਵਾਨਾਂ ਵੱਲੋਂ ਚਾਹ, ਬਰੈੱਡ, ਪਕੌੜਿਆਂ, ਛੋਲੇ-ਪੂਰੀਆਂ, ਪ੍ਰਸ਼ਾਦਿਆਂ, ਮਿਠਾਈਆਂ ਤੇ ਸੁੱਕੇ ਮੇਵਿਆਂ ਆਦਿ ਦੇ ਲੰਗਰ ਲਗਾਏ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਵੱਲੋਂ ਕੌਮ ਨੂੰ ਬਚਾਉਣ ਲਈ ਸਮੁੱਚਾ ਪਰਿਵਾਰ ਵਾਰਨ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਤੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਨਗਰ ਕੀਰਤਨ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਸ਼ਿਰਕਤ ਕੀਤੀ।
INDIA ਦਸਮੇਸ਼ ਪਿਤਾ ਦੇ ਅਵਤਾਰ ਪੁਰਬ ਮੌਕੇ ਨਗਰ ਕੀਰਤਨ ਸਜਾਇਆ